ਫਗਵਾੜਾ ਵਿਖੇ ਬੇਮੌਸਮੇ ਮੀਂਹ ਕਾਰਨ ਵਿਛੀਆਂ ਫ਼ਸਲਾਂ, ਕਿਸਾਨਾਂ ਦੇ ਸਾਹ ਸੂਤੇ
Saturday, Apr 01, 2023 - 02:25 PM (IST)
 
            
            ਫਗਵਾੜਾ (ਜਲੋਟਾ)– ਬੀਤੀ ਰਾਤ ਤੋਂ ਅੱਜ ਬਾਅਦ ਦੁਪਿਹਰ ਤੱਕ ਫਗਵਾੜਾ ਦੇ ਪੇਂਡੂ ਇਲਾਕਿਆਂ ’ਚ ਪਏ ਬੇਮੌਸਮੇ ਮੀਂਹ ਨਾਲ ਕਣਕਾਂ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਹੈ। ਸਬ-ਡਿਵੀਜਨ ਫਗਵਾੜਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ’ਤੇ ਵੇਖਿਆ ਗਿਆ ਕਿ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਅਤੇ ਸੋਨੇ ਵਾਂਗ ਪੱਕ ਕੇ ਕਟਾਈ ਲਈ ਤਿਆਰ ਹੋਈ ਫ਼ਸਲ ਖੇਤਾਂ ਵਿਚ ਵਿਛੀ ਹੋਈ ਸੀ ਅਤੇ ਕਿਸਾਨਾਂ ਦੇ ਚਿਹਰੇ ਬੇਮੌਮਸੀ ਬਰਸਾਤ ਅਤੇ ਆਪਣੀ ਬਰਬਾਦ ਹੁੰਦੀ ਫਸਲ ਨੂੰ ਦੇਖ ਕੇ ਮੁਰਝਾਏ ਹੋਏ ਸਨ।
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਸਾਨ ਅਮਰੀਕ ਸਿੰਘ, ਮਹਿੰਦਰ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ, ਸਤਨਾਮ ਸਿੰਘ, ਰੂਪ ਲਾਲ, ਕੁੰਦਰ ਸਿੰਘ, ਗੁਲਜਾਰ ਸਿੰਘ, ਮੇਜਰ ਸਿੰਘ, ਹਰਨੇਕ ਸਿੰਘ, ਸਨੀ ਵਾਹਦ, ਪਰਮਜੀਤ ਸਿੰਘ ਅਤੇ ਕੁਲਵੰਤ ਸਿੰਘ ਬਿੱਟੂ ਨੇ ਦੱਸਿਆ ਕਿ ਕੁੱਝ ਦਿਨਾਂ ਪਹਿਲਾਂ ਵੀ ਬੇਮੌਸਮੇ ਮੀਂਹ ਤੇ ਹਨੇਰੀ-ਝੱਖੜ ਨਾਲ ਉਨ੍ਹਾਂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਸੀ ਪਰ ਬੀਤੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਉਨ੍ਹਾਂ ਦੀ ਫਸਲ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਰਾਜਾ ਵੜਿੰਗ ਨੇ ਕੀਤਾ ਟਵੀਟ
ਪੀੜਤਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
ਜਾਣਕਾਰੀ ਮੁਤਾਬਕ ਫਗਵਾੜਾ ਅਤੇ ਆਸ-ਪਾਸ ਦੇ ਪਿੰਡਾਂ ’ਚ ਪਏ ਮੀਂਹ ਕਾਰਨ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਤੇਜ਼ ਹਵਾ ਅਤੇ ਲਗਾਤਾਰ ਪਏ ਮੀਂਹ ਕਾਰਨ ਜ਼ਮੀਨ ਨਾਲ ਵਿਛੀ ਕਣਕ ਕਰਕੇ ਝਾੜ ਵੀ 25 ਤੋਂ 30 ਫੀਸਦੀ ਘੱਟ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਕਿਸਾਨਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਫ਼ਸਲਾਂ ਦੇ ਹੋਏ ਨੁਕਸਾਨ ਦੀ ਵੀ ਤੁਰੰਤ ਗਿਰਦਾਵਰੀ ਕਰਵਾ ਕੇ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਨਹੀਂ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਤੋਂ ਪ੍ਰੇਸ਼ਾਨ ਕਿਸਾਨਾਂ ਨੂੰ ਹੋਰ ਆਰਥਕ ਸੰਕਟ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਗਰਮੀ ਵੱਧ ਪੈਣ ਨਾਲ ਫ਼ਸਲ ਜਲਦੀ ਪੱਕ ਕੇ ਸੁੱਕ ਗਈ ਸੀ, ਜਿਸ ਕਰਕੇ ਝਾੜ ਘੱਟ ਗਿਆ ਸੀ ਪਰ ਇਸ ਵਾਰ ਬੇਮੌਸਮੇ ਮੀਂਹ ਨੇ ਉਨ੍ਹਾਂ ਦੀਆਂ ਆਸਾਂ ’ਤੇ ਫਿਰ ਪਾਣੀ ਫੇਰ ਦਿੱਤਾ।
ਇਹ ਵੀ ਪੜ੍ਹੋ : ਜ਼ਿਮਨੀ ਚੋਣ ਤੋਂ ਪਹਿਲਾਂ ਸਿਆਸੀ ਸਮੀਕਰਨਾਂ 'ਚ ਬਦਲਾਅ, ਜਲੰਧਰ ਦੇ DCP ਰਹੇ ਰਾਜਿੰਦਰ ਸਿੰਘ ਨੇ ਜੁਆਇਨ ਕੀਤੀ ਭਾਜਪਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            