'ਕੋਰੋਨਾ ਵਾਇਰਸ' ਸਬੰਧੀ ਸਿਹਤ ਵਿਭਾਗ ਪੂਰੀ ਤਰ੍ਹਾਂ ਮੁਸਤੈਦ : ਸਿਵਲ ਸਰਜਨ

Monday, Mar 23, 2020 - 07:25 PM (IST)

'ਕੋਰੋਨਾ ਵਾਇਰਸ' ਸਬੰਧੀ ਸਿਹਤ ਵਿਭਾਗ ਪੂਰੀ ਤਰ੍ਹਾਂ ਮੁਸਤੈਦ : ਸਿਵਲ ਸਰਜਨ

ਕਪੂਰਥਲਾ (ਮਹਾਜਨ)— 'ਕੋਰੋਨਾ ਵਾਇਰਸ' ਇਕ ਚੁਣੌਤੀ ਦੇ ਰੂਪ ਵਿਚ ਸਾਡੇ ਸਾਹਮਣੇ ਉਭਰ ਕੇ ਆਇਆ ਹੈ। ਸਾਨੂੰ ਸਭਨਾਂ ਨੂੰ ਰਲ ਕੇ ਇਸ ਚੁਣੌਤੀ ਦਾ ਸਾਹਮਣਾ ਕਰਨਾ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ 'ਕੋਰੋਨਾ ਵਾਇਰਸ' ਦੇ ਸਬੰਧ ਵਿਚ ਲੋਕਾਂ ਨੂੰ ਅਪੀਲ ਕਰਦਿਆਂ ਕਹੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ 'ਕੋਰੋਨਾ ਵਾਇਰਸ' ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੈ।

ਡਾ. ਜਸਮੀਤ ਬਾਵਾ ਨੇ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਾ ਨਿਕਲਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਵਿਚ ਹੀ ਇਸਦਾ ਬਚਾਅ ਹੈ। ਉਨ੍ਹਾਂ ਲੋਕਾਂ ਨੂੰ ਵਾਰ-ਵਾਰ ਹੱਥ ਧੋਣ, ਆਸ-ਪਾਸ ਦੀ ਸਾਫ-ਸਫਾਈ ਦਾ ਖਿਆਲ ਰੱਖਣ ਲਈ ਕਿਹਾ। ਉਨ੍ਹਾਂ ਇਹ ਵੀ ਦੱਸਿਆ ਕਿ 'ਕੋਰੋਨਾ ਵਾਇਰਸ' ਖਿਲਾਫ ਸਿਹਤ ਵਿਭਾਗ ਦੀਆਂ ਟੀਮਾਂ ਪੁਲਸ ਤੇ ਪ੍ਰਸ਼ਾਸਨ ਨਾਲ 24 ਘੰਟੇ ਸਹਿਯੋਗ ਕਰ ਰਹੀਆਂ ਹਨ।

ਐੱਸ. ਆਈਜ਼, ਏ. ਐੱਨ. ਐੱਮਜ਼ ਅਤੇ ਆਸ਼ਾ ਵਰਕਰਾਂ ਵੱਲੋਂ ਪ੍ਰਸ਼ਾਸਨ ਨਾਲ ਮਿਲ ਕੇ ਵਿਦੇਸ਼ਾਂ ਤੋਂ ਵਾਪਸ ਆਏ ਤੇ ਸ਼ੱਕੀ ਮਰੀਜ਼ਾਂ ਨੂੰ ਜਿਥੇ ਟ੍ਰੇਸ ਕਰਨ ਵਿਚ ਮਦਦ ਕੀਤੀ ਜਾ ਰਹੀ ਹੈ ਉਥੇ ਹੀ 'ਕੋਰੋਨਾ ਵਾਇਰਸ' ਦੇ ਸਬੰਧ ਵਿਚ ਸਕਰੀਨਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਹੋਮ ਕੁਆਰੈਨਟਾਈਨ ਕੀਤੇ ਗਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ 14 ਦਿਨਾਂ ਤਕ ਘਰ ਵਿਚ ਹੀ ਰਹਿਣ ਤੇ ਘਰ ਦੇ ਬਾਕੀ ਮੈਂਬਰਾਨ ਤੋਂ ਦੂਰੀ ਬਣਾ ਕੇ ਰੱਖਣ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਦਾ ਵੀ ਸਹਿਯੋਗ ਕਰਨ। ਨਾਲ ਹੀ ਉਨ੍ਹਾਂ ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਖਾਸ ਕਰਕੇ ਅਪੀਲ ਕੀਤੀ ਹੈ ਕਿ ਉਹ ਟੀਮਾਂ ਤੋਂ ਡਰਨ ਨਾ ਬਲਕਿ ਉਨ੍ਹਾਂ ਦਾ ਸਹਿਯੋਗ ਕਰਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲਾ ਪੱਧਰ, ਸਬ ਡਿਵੀਜ਼ਨਲ ਪੱਧਰ ਅਤੇ ਸੀ. ਐੱਚ. ਸੀ. ਪੱਧਰ 'ਤੇ ਆਈਸੋਲੇਸ਼ਨ ਵਾਰਡ ਅਤੇ ਫਲੂ ਕਾਰਨਰ ਸਥਾਪਤ ਕੀਤੇ ਗਏ ਹਨ ਤੇ 24 ਘੰਟੇ ਮੁਫਤ ਸਿਹਤ ਸਹੂਲਤਾਂ ਉਪਲੱਬਧ ਹਨ।


author

shivani attri

Content Editor

Related News