ਕਾਂਗਰਸ ਹਾਈਕਮਾਨ 7 ਮਹੀਨਿਆਂ ’ਚ ਵੀ ਐਲਾਨ ਨਹੀਂ ਕਰ ਸਕੀ ਵੈਸਟ ਹਲਕੇ ਦਾ ਇੰਚਾਰਜ

Wednesday, Jan 17, 2024 - 12:52 PM (IST)

ਜਲੰਧਰ (ਚੋਪੜਾ)–2024 ਦੀਆਂ ਲੋਕ ਸਭਾ ਚੋਣਾਂ ਦਾ ਬਿਗੁਲ ਕਿਸੇ ਵੀ ਸਮੇਂ ਵੱਜ ਸਕਦਾ ਹੈ ਅਤੇ ਦੂਜੇ ਪਾਸੇ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਵੀ ਪੈਂਡਿੰਗ ਚੱਲ ਰਹੀਆਂ ਹਨ ਪਰ ਕਾਂਗਰਸ ਸ਼ਾਇਦ ਅਜੇ ਤਕ ਚੋਣਾਂ ਨੂੰ ਬੇਹੱਦ ਹਲਕੇ ਢੰਗ ਨਾਲ ਲੈ ਰਹੀ ਹੈ ਅਤੇ ਕੋਈ ਸੰਜੀਦਾ ਰੁਖ਼ ਨਹੀਂ ਅਪਣਾ ਰਹੀ, ਜਿਸ ਦੀ ਉਦਾਹਰਣ ਇਕ ਤਰ੍ਹਾਂ ਨਾਲ ਲਾਵਾਰਿਸ ਪਏ ਜਲੰਧਰ ਲੋਕ ਸਭਾ ਹਲਕੇ ਅਧੀਨ ਵੈਸਟ ਵਿਧਾਨ ਸਭਾ ਹਲਕਾ (ਰਿਜ਼ਰਵ) ਨੂੰ ਵੇਖ ਕੇ ਮਿਲਦੀ ਹੈ, ਜਿੱਥੇ ਲੋਕ ਸਭਾ ਚੋਣਾਂ ਦੇ ਨਤੀਜੇ ਦੇ 7 ਮਹੀਨਿਆਂ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਿਸੇ ਵੀ ਆਗੂ ਨੂੰ ਹਲਕੇ ਦੀ ਕਮਾਨ ਸੌਂਪਣ ਵਿਚ ਨਾਕਾਮ ਸਾਬਿਤ ਹੋਈ ਹੈ।

ਲੀਡਰਸ਼ਿਪ ਵਿਹੂਣੇ ਹੋਣ ਕਾਰਨ ਹਲਕੇ ਦੇ ਵਰਕਰਾਂ ਵਿਚ ਭਾਰੀ ਨਿਰਾਸ਼ਾ ਦਾ ਆਲਮ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਵਿਚ ਕਾਫ਼ੀ ਰੋਸ ਲਗਾਤਾਰ ਵਧ ਰਿਹਾ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਆਖਿਰ ਉਹ ਕਿਸ ਆਗੂ ਦਾ ਹੱਥ ਫੜ ਕੇ ਹਲਕੇ ਵਿਚ ਆਪਣੀਆਂ ਸਰਗਰਮੀਆਂ ਨੂੰ ਅੰਜਾਮ ਦੇਣ ਕਿਉਂਕਿ ਵਿਰੋਧੀ ਧਿਰ ਵਿਚ ਰਹਿੰਦੇ ਹੋਏ ਕਾਂਗਰਸ ਲਈ ਨਗਰ ਨਿਗਮ, ਜ਼ਿਲ੍ਹਾ ਪ੍ਰਸ਼ਾਸਨ, ਕਮਿਸ਼ਨਰੇਟ ਪੁਲਸ ਸਮੇਤ ਹੋਰਨਾਂ ਵਿਭਾਗਾਂ ਨਾਲ ਸਬੰਧਤ ਜਨਤਕ ਸਮੱਸਿਆਵਾਂ ਦਾ ਹੱਲ ਕਰਵਾਉਣਾ ਪਹਿਲਾਂ ਹੀ ਭਾਰੀ ਮੁਸ਼ਕਲਾਂ ਭਰਿਆ ਸਾਬਿਤ ਹੋ ਰਿਹਾ ਹੈ। ਹਾਲਾਂਕਿ ਪਿਛਲੇ ਕਈ ਮਹੀਨਿਆਂ ਤੋਂ ਵੈਸਟ ਹਲਕੇ ਨਾਲ ਵੀ ਸਬੰਧਤ ਸਾਬਕਾ ਸੰਸਦ ਮੈਂਬਰ ਅਤੇ ਵਿਧਾਇਕ ਮਹਿੰਦਰ ਿਸੰਘ ਕੇ. ਪੀ., ਨਗਰ ਨਿਗਮ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਅਤੇ ਸਾਬਕਾ ਕੌਂਸਲਰ ਪਵਨ ਕੁਮਾਰ ਹਲਕਾ ਇੰਚਾਰਜ ਬਣਨ ਦੀ ਰੇਸ ਵਿਚ ਸਭ ਤੋਂ ਅੱਗੇ ਹਨ ਅਤੇ ਇਸ ਅਹੁਦੇ ਨੂੰ ਹਾਸਲ ਕਰਨ ਲਈ ਤਿੰਨੋਂ ਆਗੂ ਕਾਫ਼ੀ ਲਾਬਿੰਗ ਕਰਦਿਆਂ ਹਲਕਾ ਇੰਚਾਰਜ ਦੀ ਦੌੜ ਵਿਚ ਸਭ ਤੋਂ ਅੱਗੇ ਬਣੇ ਹੋਏ ਹਨ। ਪਾਰਟੀ ਹਾਈਕਮਾਨ ਦੇ ਸੂਤਰਾਂ ਦੀ ਮੰਨੀਏ ਤਾਂ ਹਲਕਾ ਇੰਚਾਰਜ ਐਲਾਨਣ ਨੂੰ ਲੈ ਕੇ ਅਹੁਦੇਦਾਰਾਂ ਤੇ ਵਰਕਰਾਂ ’ਤੇ ਲਗਾਤਾਰ ਵਧਦੇ ਦਬਾਅ ਤੋਂ ਬਾਅਦ ਹਾਈਕਮਾਨ ਨੇ ਪਾਰਟੀ ਵਿਚ ਕਰਵਾਏ ਅੰਦਰੂਨੀ ਸਰਵੇ ਵਿਚ ਆਪਣੇ ਪੱਧਰ ’ਤੇ ਕੀਤੇ ਸਰਵੇ ਵਿਚ ਇਨ੍ਹਾਂ 3 ਨਾਵਾਂ ਦਾ ਪੈਨਲ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ :  ਜਲੰਧਰ 'ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ, ਗੰਦੇ ਨਾਲੇ ਨੇੜਿਓਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਮਹਿੰਦਰ ਸਿੰਘ ਕੇ. ਪੀ., ਜੋਕਿ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਤੋਂ ਇਲਾਵਾ ਹਲਕੇ ਤੋਂ ਵਿਧਾਇਕ ਦੀ ਚੋਣ ਜਿੱਤਣ ਤੋਂ ਬਾਅਦ ਕੈਬਨਿਟ ਮੰਤਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਤੋਂ ਇਲਾਵਾ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਪਾਰਟੀ ਨੂੰ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਫਿਲਹਾਲ ਉਹ ਹਲਕਾ ਪੱਧਰ ’ਤੇ ਖੁੱਲ੍ਹ ਕੇ ਪਾਰਟੀ ਸਰਗਰਮੀਆਂ ਵਿਚ ਸ਼ਾਮਲ ਨਹੀਂ ਹੋ ਰਹੇ ਅਤੇ ਮੰਨਿਆ ਜਾ ਰਿਹਾ ਹੈ ਕਿ ਕੇ. ਪੀ. ਖੇਮੇ ਦੀ ਡਿਮਾਂਡ ਹੈ ਕਿ ਹਾਈਕਮਾਨ ਪਹਿਲਾਂ ਉਨ੍ਹਾਂ ਨੂੰ ਰਸਮੀ ਤੌਰ ’ਤੇ ਹਲਕਾ ਇੰਚਾਰਜ ਐਲਾਨੇ, ਉਸ ਤੋਂ ਬਾਅਦ ਹੀ ਉਹ ਹਲਕੇ ਵਿਚ ਪਾਰਟੀ ਪ੍ਰੋਗਰਾਮਾਂ ਤੋਂ ਇਲਾਵਾ ਵਰਕਰਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਸ਼ੁਰੂ ਕਰਨਗੇ।

ਦੂਜੇ ਪਾਸੇ ਨਗਰ ਨਿਗਮ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਵੀ ਹਲਕਾ ਇੰਚਾਰਜ ਬਣਨ ਲਈ ਕਾਫੀ ਸਰਗਰਮ ਹਨ। ਪਿਛਲੇ ਕਈ ਸਾਲਾਂ ਤੋਂ ਜਲੰਧਰ ਨਾਲ ਸਬੰਧਤ 9 ਵਿਧਾਨ ਸਭਾ ਹਲਕਿਆਂ ਵਿਚੋਂ ਿਕਸੇ ਵੀ ਹਲਕੇ ਤੋਂ ਔਰਤਾਂ ਨੂੰ ਕੋਈ ਪ੍ਰਤੀਨਿਧਤਾ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਸਾਲ 2002 ਵਿਚ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਨੂੰ ਕਾਂਗਰਸ ਨੇ ਕੈਂਟ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਸੀ ਅਤੇ ਉਹ ਚੋਣ ਜਿੱਤ ਕੇ 5 ਸਾਲ ਵਿਧਾਇਕ ਰਹੇ ਪਰ ਉਸ ਤੋਂ ਬਾਅਦ ਸੁਰਿੰਦਰ ਕੌਰ ਤੋਂ ਇਲਾਵਾ ਆਲ ਇੰਡੀਆ ਕਾਂਗਰਸ ਦੀ ਕੋਆਰਡੀਨੇਟਰ ਡਾ. ਜਸਲੀਨ ਸੇਠੀ ਸਮੇਤ ਕੁਝ ਮਹਿਲਾ ਨੇਤਰੀਆਂ 16 ਸਾਲਾਂ ਤੋਂ ਵੱਖ-ਵੱਖ ਹਲਕਿਆਂ ਤੋਂ ਟਿਕਟ ਦੀ ਦਾਅਵੇਦਾਰੀ ਬੁਲੰਦ ਕਰਦੀਆਂ ਆਈਆਂ ਹਨ ਪਰ ਹਾਈਕਮਾਨ ਨੇ ਕਿਸੇ ਔਰਤ ਨੂੰ ਚੋਣ ਮੈਦਾਨ ਵਿਚ ਨਹੀਂ ਉਤਾਰਿਆ ਪਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ‘ਨਾਰੀ ਸ਼ਕਤੀ ਵੰਦਨ ਐਕਟ’ ਪਾਸ ਕਰਵਾ ਕੇ ਲੋਕ ਸਭਾ ਵਿਚ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਲਾਗੂ ਕਰਵਾਉਣ ਤੋਂ ਬਾਅਦ ਜੇਕਰ ਕਾਂਗਰਸ ਨੇ ਵੀ ਮਹਿਲਾ ਵੋਟ ਬੈਂਕ ਨੂੰ ਕੈਸ਼ ਕਰਨਾ ਹੈ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਔਰਤਾਂ ਨੂੰ ਟਿਕਟਾਂ ਦੇਣ ਦਾ ਦਬਾਅ ਬਣ ਸਕਦਾ ਹੈ।

ਇਹ ਵੀ ਪੜ੍ਹੋ :  ਫਗਵਾੜਾ 'ਚ ਨਿਹੰਗ ਸਿੰਘ ਵੱਲੋਂ ਕਤਲ ਕੀਤੇ ਨੌਜਵਾਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਵਾਇਰਲ ਵੀਡੀਓ ਬਣੀ ਬੁਝਾਰਤ

ਅਜਿਹੇ ਹਾਲਾਤ ਵਿਚ ਕਾਂਗਰਸ ਵਿਚ ਵੈਸਟ ਹਲਕੇ ਵਿਚ ਦਲਿਤ ਮਹਿਲਾ ਨੇਤਰੀ ਸੁਰਿੰਦਰ ਕੌਰ ਹਲਕਾ ਇੰਚਾਰਜ ਬਣਨ ਦੇ ਮਜ਼ਬੂਤ ਦਾਅਵੇਦਾਰ ਵਜੋਂ ਉਭਰ ਕੇ ਸਾਹਮਣੇ ਆਏ ਹਨ। ਸੁਰਿੰਦਰ ਕੌਰ ਦੇ ਪਤੀ ਸਵ. ਰਾਮ ਆਸਰਾ ਕੌਂਸਲਰ ਰਹੇ ਹਨ ਅਤੇ ਖੁਦ ਸੁਰਿੰਦਰ ਕੌਰ ਸਾਲ 1997 ਤੋਂ 5 ਵਾਰ ਲਗਾਤਾਰ ਚੋਣ ਜਿੱਤ ਕੇ ਕੌਂਸਲਰ ਬਣਦੇ ਆ ਰਹੇ ਹਨ। ਉਹ ਪ੍ਰਦੇਸ਼ ਕਾਂਗਰਸ ਦੀ ਜਨਰਲ ਸਕੱਤਰ ਤੋਂ ਇਲਾਵਾ 2 ਵਾਰ ਨਗਰ ਨਿਗਮ ਵਿਚ ਵਿਰੋਧੀ ਧਿਰ ਦੀ ਉਪ ਆਗੂ ਵੀ ਰਹਿ ਚੁੱਕੇ ਹਨ। ਇਸੇ ਕੜੀ ਵਿਚ ਕਾਂਗਰਸ ਦੇ ਦਲਿਤ ਆਗੂ ਅਤੇ ਪਾਰਟੀ ਵਿਚ ਕਾਫ਼ੀ ਪੈਠ ਰੱਖਣ ਵਾਲੇ ਸਾਬਕਾ ਕੌਂਸਲਰ ਅਤੇ ਯੂਥ ਆਗੂ ਪਵਨ ਕੁਮਾਰ ਨੇ ਵੀ ਹਲਕਾ ਇੰਚਾਰਜ ਬਣਨ ਸਬੰਧੀ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ। ਪਵਨ ਕੁਮਾਰ ਇਸ ਸਮੇਂ ਜ਼ਿਲਾ ਕਾਂਗਰਸ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ। ਉਹ ਇਸ ਤੋਂ ਪਹਿਲਾਂ ਪ੍ਰਦੇਸ਼ ਕਾਂਗਰਸ ਦੇ ਸਕੱਤਰ, ਜ਼ਿਲਾ ਕਾਂਗਰਸ ਐੱਸ. ਸੀ. ਡਿਪਾਰਟਮੈਂਟ ਦੇ ਚੇਅਰਮੈਨ ਅਤੇ ਸੂਬਾਈ ਕਨਵੀਨਰ ਤੋਂ ਇਲਾਵਾ ਲਗਾਤਾਰ 2 ਵਾਰ ਕੌਂਸਲਰ ਵੀ ਰਹਿ ਚੁੱਕੇ ਹਨ। ਪਵਨ ਕੁਮਾਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੈਸਟ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ ਪਰ ਪਾਰਟੀ ਨੇ ਉਸ ਸਮੇਂ ਮੌਜੂਦਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਦੁਬਾਰਾ ਟਿਕਟ ਦੇ ਦਿੱਤੀ ਪਰ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜੇਕਰ ਕਾਂਗਰਸ ਨੇ ਕਿਸੇ ਨੌਜਵਾਨ ਨੂੰ ਹਲਕੇ ਦੀ ਕਮਾਨ ਸੌਂਪੀ ਤਾਂ ਪਵਨ ਕੁਮਾਰ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਹੁਣ ਵੇਖਣਾ ਹੋਵੇਗਾ ਕਿ ਹਾਈਕਮਾਨ ਇੰਚਾਰਜ ਬਣਾਉਣ ਦੀ ਕਵਾਇਦ ਨੂੰ ਆਉਣ ਵਾਲੇ ਿਦਨਾਂ ਵਿਚ ਕਿੰਨੀ ਗੰਭੀਰਤਾ ਨਾਲ ਲੈਂਦੀ ਹੈ ਅਤੇ ਜਲਦ ਹਲਕਾ ਇੰਚਾਰਜ ਦਾ ਐਲਾਨ ਕਰਦੀ ਹੈ ਜਾਂ ਕਿਸੇ ਹੋਰ ਆਗੂ ਦੇ ਹੱਥ ਲੀਡਰਸ਼ਿਪ ਆਉਣ ਦੀ ਲਾਟਰੀ ਨਿਕਲਦੀ ਹੈ।

ਰਾਜਾ ਵੜਿੰਗ ਨੇ ਸੰਭਾਲੀ ਸੀ ਹਲਕੇ ਦੀ ਚੋਣਾਵੀ ਕਮਾਨ
ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਅਚਾਨਕ ਦਿਹਾਂਤ ਤੋਂ ਬਾਅਦ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਵੈਸਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਸੁਸ਼ੀਲ ਕੁਮਾਰ ਰਿੰਕੂ ਦੇ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਹਲਕਾ ਲੀਡਰਸ਼ਿਪ ਵਿਹੂਣਾ ਹੋ ਗਿਆ ਸੀ। ‘ਆਪ’ ਨੇ ਸੁਸ਼ੀਲ ਰਿੰਕੂ ਨੂੰ ਟਿਕਟ ਦੇ ਕੇ ਲੋਕ ਸਭਾ ਦੀ ਜ਼ਿਮਨੀ ਚੋਣ ਲੜਾਈ ਅਤੇ ਉਹ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ। ਜ਼ਿਮਨੀ ਚੋਣ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ਿਲੇ ਸਮੇਤ ਬਤੌਰ ਹਲਕਾ ਇੰਚਾਰਜ ਚੋਣ ਪ੍ਰਚਾਰ ਦੀ ਕਮਾਨ ਸੰਭਾਲੀ ਸੀ। ਸੂਬਾ ਪ੍ਰਧਾਨ ਨੂੰ ਆਪਣੇ ਿਵਚਕਾਰ ਪਾ ਕੇ ਵਰਕਰ ਜੋਸ਼ ਨਾਲ ਭਰੇ ਦਿਸੇ ਪਰ ਕੁਝ ਦਿਨਾਂ ਬਾਅਦ ਕਾਂਗਰਸ ਦੀ ਹਾਰ ਤੋਂ ਬਾਅਦ ਵਰਕਰਾਂ ਦਾ ਜੋਸ਼ ਉਸ ਸਮੇਂ ਪੂਰੀ ਤਰ੍ਹਾਂ ਕਾਫੂਰ ਹੋ ਗਿਆ, ਜਦੋਂ ਰਾਜਾ ਵੜਿੰਗ ਨੇ ਪਿਛਲੇ ਮਹੀਨਿਆਂ ਤੋਂ ਨਾ ਤਾਂ ਹਲਕੇ ਵੱਲ ਮੂੰਹ ਕੀਤਾ ਅਤੇ ਨਾ ਹੀ ਕਿਸੇ ਨੂੰ ਹਲਕੇ ਦੀ ਕਮਾਨ ਸੌਂਪ ਸਕੇ ਹਨ, ਜਿਸ ਕਾਰਨ ਕਾਂਗਰਸ ਵਰਕਰ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਨਾਬਾਲਗ ਕੁੜੀ ਨਾਲ ਦੋ ਨੌਜਵਾਨਾਂ ਵੱਲੋਂ ਗੈਂਗਰੇਪ, ਵੀਡੀਓ ਹੋਈ ਵਾਇਰਲ

 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News