CIA ਸਟਾਫ ਦੀ ਟੀਮ ਨੇ ਇਕ ਕਿਲੋ ਅਫੀਮ ਸਮੇਤ ਵਿਅਕਤੀ ਨੂੰ ਕੀਤਾ ਕਾਬੂ
Saturday, Feb 24, 2024 - 03:02 PM (IST)
ਜਲੰਧਰ (ਸੁਧੀਰ)–ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਕਮਿਸ਼ਨਰੇਟ ਪੁਲਸ ਨੇ ਸੀ. ਪੀ. ਸਵਪਨ ਸ਼ਰਮਾ ਦੀ ਅਗਵਾਈ ਵਿਚ ਇਕ ਵਿਅਕਤੀ ਨੂੰ ਇਕ ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਟੀਮ ਨਹਿਰ ਪੁਲੀ, ਬਾਬਾ ਬੁੱਢਾ ਜੀ ਨਗਰ ਨੇੜੇ ਗਸ਼ਤ ਕਰ ਰਹੀ ਸੀ। ਪੁਲਸ ਪਾਰਟੀ ਨੇ ਕਪੂਰਥਲਾ ਰੋਡ ’ਤੇ ਇਕ ਸ਼ੱਕੀ ਵਿਅਕਤੀ ਨੂੰ ਪੋਲੀਥੀਨ ਫੜੀ ਆਉਂਦਾ ਦੇਖਿਆ। ਪੁਲਸ ਪਾਰਟੀ ਨੂੰ ਦੇਖ ਕੇ ਉਕਤ ਵਿਅਕਤੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਜਿਸ ਨੂੰ ਪਿੱਛਾ ਕਰ ਕੇ ਉਨ੍ਹਾਂ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਪੁਲਸ ਪਾਰਟੀ ਨੇ ਉਸ ਕੋਲੋਂ ਇਕ ਕਿਲੋ ਅਫੀਮ ਬਰਾਮਦ ਕੀਤੀ।
ਸਵਪਨ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਕਿਸ਼ਨ ਲਾਲ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਖ਼ਿਲਾਫ਼ ਥਾਣਾ ਬਸਤੀ ਬਾਵਾ ਖੇਲ ਵਿਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦਾ ਹੁਣ ਤਕ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਫੜੇ ਗਏ ਮੁਲਜ਼ਮ ਤੋਂ ਫਿਲਹਾਲ ਪੁੱਛਗਿੱਛ ਜਾਰੀ ਹੈ।