2 ਸਵੀਪਿੰਗ ਮਸ਼ੀਨਾਂ ਨੂੰ ਰੋਜ਼ਾਨਾ 150 ਲਿਟਰ ਡੀਜ਼ਲ ਦਿੰਦੈ ਨਿਗਮ, ਚੇਅਰਮੈਨ ਚੰਦਨ ਗਰੇਵਾਲ ਨੇ ਫੜਿਆ ਘਪਲਾ

Saturday, Jul 27, 2024 - 01:29 PM (IST)

ਜਲੰਧਰ (ਖੁਰਾਣਾ)–ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕਈ ਹਫਤਿਆਂ ਤੋਂ ਜਲੰਧਰ ਨਗਰ ਨਿਗਮ ਦੀ ਕਾਰਜਪ੍ਰਣਾਲੀ ਨੂੰ ਖ਼ੁਦ ਮਾਨੀਟਰ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਨਗਰ ਨਿਗਮ ਦੇ ਸਿਸਟਮ ਵਿਚ ਕੋਈ ਸੁਧਾਰ ਆਉਂਦਾ ਵਿਖਾਈ ਨਹੀਂ ਦੇ ਰਿਹਾ, ਸਗੋਂ ਇਹ ਸਿਸਟਮ ਲਗਾਤਾਰ ਗਿਰਾਵਟ ਵੱਲ ਹੀ ਜਾਂਦਾ ਵਿਖਾਈ ਦੇ ਰਿਹਾ ਹੈ। ਇਸੇ ਵਿਚਕਾਰ ਨਗਰ ਨਿਗਮ ਦੀ ਯੂਨੀਅਨ ਦੇ ਆਗੂ ਅਤੇ ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਅਚਾਨਕ ਹਰਕਤ ਵਿਚ ਆ ਗਏ ਅਤੇ ਉਨ੍ਹਾਂ ਨਗਰ ਨਿਗਮ ਕੰਪਲੈਕਸ ਜਾ ਕੇ ਅਧਿਕਾਰੀਆਂ ਦੀ ਖ਼ੂਬ ਕਲਾਸ ਲਾਈ। ਚੰਦਨ ਗਰੇਵਾਲ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ ਅਤੇ ਅਸਿਸਟੈਂਟ ਰਾਜੇਸ਼ ਖੋਖਰ ਨੂੰ ਆਪਣੇ ਨਾਲ ਸ਼ਹਿਰ ਦੇ ਦੌਰੇ ’ਤੇ ਲੈ ਗਏ ਅਤੇ ਉਨ੍ਹਾਂ ਨੂੰ ਸਵੀਪਿੰਗ ਮਸ਼ੀਨਾਂ ਦੀ ਵਰਕਿੰਗ ਵਿਖਾਉਣ ਨੂੰ ਕਿਹਾ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ

ਗਰੇਵਾਲ ਅਤੇ ਨਿਗਮ ਦੇ ਅਧਿਕਾਰੀ ਕਦੀ ਖਾਲਸਾ ਕਾਲਜ, ਕਦੀ ਮਿਸ਼ਨ ਚੌਂਕ, ਕਦੀ ਕਪੂਰਥਲਾ ਚੌਂਕ ਅਤੇ ਕਦੀ ਗੁਰੂ ਅਮਰਦਾਸ ਚੌਂਕ ਪਹੁੰਚੇ ਪਰ ਇਹ ਮਸ਼ੀਨਾਂ ਕਿਤੇ ਚਲਦੀਆਂ ਵਿਖਾਈ ਨਹੀਂ ਦਿੱਤੀਆਂ। ਜ਼ਿਕਰਯੋਗ ਹੈ ਕਿ ਜਲੰਧਰ ਨਿਗਮ ਕੋਲ ਇਸ ਸਮੇਂ 2 ਆਟੋਮੈਟਿਕ ਸਵੀਪਿੰਗ ਮਸ਼ੀਨਾਂ ਹਨ, ਜਿਨ੍ਹਾਂ ਨੂੰ ਨਗਰ ਨਿਗਮ ਹਰ ਰੋਜ਼ ਲਗਭਗ 150 ਲਿਟਰ ਡੀਜ਼ਲ ਜਾਰੀ ਕਰਦਾ ਹੈ। ਇਨ੍ਹਾਂ ਮਸ਼ੀਨਾਂ ਨੂੰ ਹੋਰ ਰੋਜ਼ 8 ਘੰਟੇ ਕੰਮ ਕਰਨਾ ਹੁੰਦਾ ਹੈ ਅਤੇ ਇਸ ਦੇ ਡਰਾਈਵਰ ਆਦਿ ਦੀ ਤਨਖ਼ਾਹ ਵੀ ਨਗਰ ਨਿਗਮ ਅਦਾ ਕਰਦਾ ਹੈ। ਇਸ ਦੇ ਬਾਵਜੂਦ ਇਹ ਮਸ਼ੀਨਾਂ ਜ਼ਿਆਦਾ ਤੌਰ ’ਤੇ ਚੱਲਦੀਆਂ ਵਿਖਾਈ ਨਹੀਂ ਦਿੰਦੀਆਂ ਅਤੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੇ ਕੰਢੇ ਇਸ ਸਮੇਂ ਕੂੜਾ-ਕਰਕਟ ਆਮ ਵੇਖਿਆ ਜਾ ਸਕਦਾ ਹੈ। ਚੰਦਨ ਗਰੇਵਾਲ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਨਗਰ ਨਿਗਮ ਵਿਚ ਤੇਲ ਦਾ ਵੱਡਾ ਘਪਲਾ ਚੱਲ ਰਿਹਾ ਹੈ, ਜਿਸ ਵੱਲੋਂ ਨਗਰ ਨਿਗਮ ਦੇ ਅਧਿਕਾਰੀ ਅੱਖਾਂ ਬੰਦ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਇਹ ਲੁੱਟ ਬੰਦ ਕਰਨੀ ਹੀ ਹੋਵੇਗੀ।

5 ਸੁਪਰ ਸਕਸ਼ਨ ਮਸ਼ੀਨਾਂ ਦੇ ਹੁੰਦੇ ਹੋਏ ਵੀ ਸ਼ਹਿਰ ਡੁੱਬਿਆ
ਚੰਦਨ ਗਰੇਵਾਲ ਨੇ ਨਗਰ ਨਿਗਮ ਅਧਿਕਾਰੀਆਂ ਦੀ ਕਲਾਸ ਲਾਉਂਦੇ ਹੋਏ ਕਿਹਾ ਕਿ ਨਗਰ ਨਿਗਮ ਕੋਲ ਆਪਣੀਆਂ ਅਤੇ ਕਿਰਾਏ ’ਤੇ ਚੱਲ ਰਹੀਆਂ 5 ਸੁਪਰ ਸਕਸ਼ਨ ਮਸ਼ੀਨਾਂ ਹਨ, ਜਿਨ੍ਹਾਂ ’ਤੇ ਲੱਖਾਂ ਨਹੀਂ, ਸਗੋਂ ਕਰੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸਦੇ ਬਾਵਜੂਦ ਥਾਂ-ਥਾਂ ਸੀਵਰੇਜ ਜਾਮ ਦੀ ਸਮੱਸਿਆ ਹੈ ਅਤੇ ਸ਼ਹਿਰ ਡੁੱਬਿਆ ਹੋਇਆ ਹੈ। ਪਤਾ ਨਹੀਂ ਇਹ ਮਸ਼ੀਨਾਂ ਕਿੱਥੇ ਅਤੇ ਕਦੋਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਿਸਟਮ ਵਿਚ ਮਚੀ ਲੁੱਟ ਨੂੰ ਵੀ ਬੰਦ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਥਾਈਂ ਭਾਰੀ ਮੀਂਹ, Alert ਹੋ ਗਿਆ ਜਾਰੀ

ਰੰਗਲਾ ਵੇਹੜਾ ਦਾ ਟੈਂਡਰ ਖ਼ਤਮ ਪਰ ਉਥੇ ਕਬਜ਼ਾ ਪ੍ਰਾਈਵੇਟ ਲੋਕਾਂ ਦਾ
ਚੰਦਨ ਗਰੇਵਾਲ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਭਗਵਾਨ ਵਾਲਮੀਕਿ ਚੌਂਕ ਨੇੜੇ ਰੰਗਲਾ ਵੇਹੜਾ ਨਗਰ ਨਿਗਮ ਦਾ ਆਪਣਾ ਪ੍ਰਾਜੈਕਟ ਹੈ, ਜਿਸ ਦਾ ਟੈਂਡਰ ਸਮਾਪਤ ਹੋਇਆ ਕਾਫ਼ੀ ਸਮਾਂ ਹੋ ਚੁੱਕਾ ਹੈ ਪਰ ਨਗਰ ਨਿਗਮ ਨੇ ਉਸ ਨੂੰ ਆਪਣੇ ਹੱਥਾਂ ਦੀ ਲੈਣ ਦੀ ਬਜਾਏ ਉਸ ’ਤੇ ਪ੍ਰਾਈਵੇਟ ਆਦਮੀਆਂ ਦਾ ਕਬਜ਼ਾ ਕਰਵਾਇਆ ਹੋਇਆ ਹੈ, ਜਿਹੜੇ ਉਥੋਂ ਲੱਖਾਂ ਰੁਪਏ ਦੀ ਵਸੂਲੀ ਕਰ ਰਹੇ ਹਨ। ਚੰਦਨ ਗਰੇਵਾਲ ਨੇ ਕਿਹਾ ਕਿ ਇਸ ਮਾਮਲੇ ਵਿਚ ਨਗਰ ਨਿਗਮ ਦੇ ਅਧਿਕਾਰੀ ਪ੍ਰਾਈਵੇਟ ਲੋਕਾਂ ਦੇ ਨਾਲ ਮਿਲੇ ਹੋਏ ਹਨ, ਇਸ ਕਾਰਨ ਨਗਰ ਨਿਗਮ ਦੇ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ। ਪਤਾ ਨਹੀਂ ਕਿਉਂ ਨਗਰ ਨਿਗਮ ਦੇ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਰੂਹ ਕੰਬਾਊ ਵਾਰਦਾਤ, ਨਕਾਬਪੋਸ਼ਾਂ ਨੇ ਕਿਰਪਾਨਾਂ ਨਾਲ ਵੱਢ ਦਿੱਤੇ 2 ਨੌਜਵਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News