ਮਾਮਲਾ GST ਅਧਿਕਾਰੀਆਂ ਦੀ ਕੁੱਟਮਾਰ ਦਾ, ਨਾਮਜ਼ਦ ਮੁਲਜ਼ਮ FIR ਰੱਦ ਕਰਵਾਉਣ ਲਈ ਵਿਭਾਗ ’ਤੇ ਪਵਾ ਰਹੇ ਦਬਾਅ

05/13/2021 12:20:10 PM

ਜਲੰਧਰ (ਮ੍ਰਿਦੁਲ)–ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਵੱਲੋਂ ਬੀਤੇ ਦਿਨੀਂ ਜ਼ਬਤ ਕੀਤੀ ਗਈ ਗੱਡੀ ਨੂੰ ਜਲੰਧਰ ਲਿਆਉਂਦੇ ਸਮੇਂ ਰਸਤੇ ਵਿਚ ਫਾਰਚੂਨਰ ਸਵਾਰ ਨੌਜਵਾਨਾਂ ਵੱਲੋਂ ਗੱਡੀ ਖੋਹਣ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਜੀ. ਐੱਸ. ਟੀ. ਅਧਿਕਾਰੀਆਂ ਨਾਲ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਦੀ ਸਿਫਾਰਿਸ਼ ਸਿਆਸੀ ਸੱਤਾਧਾਰੀ ਪਾਰਟੀ ਨਾਲ ਸਬੰਧਤ ਨੇਤਾਵਾਂ ਵੱਲੋਂ ਕੀਤੀ ਜਾਣ ਲੱਗੀ। ਇੰਨਾ ਹੀ ਨਹੀਂ, ਕੇਸ ਵਿਚ ਨਾਮਜ਼ਦ ਮੁਲਜ਼ਮਾਂ ਦੀ ਸ਼ਹਿਰ ਦੇ ਪ੍ਰਮੁੱਖ ਵਕੀਲ ਵੀ ਸਿਫਾਰਿਸ਼ ਕਰਨ ਲੱਗੇ ਹਨ, ਜੋ ਜੀ. ਐੱਸ. ਟੀ. ਦੇ ਉੱਚ ਅਧਿਕਾਰੀਆਂ ’ਤੇ ਕੇਸ ਵਾਪਸ ਲੈਣ ਦਾ ਦਬਾਅ ਬਣਾ ਰਹੇ ਹਨ ਤਾਂ ਜੋ ਕੇਸ ਵਿਚ ਨਾਮਜ਼ਦ ਮੁਲਜ਼ਮ ਅਫਸਰਾਂ ਤੋਂ ਮੁਆਫੀ ਮੰਗ ਕੇ ਛੁੱਟ ਜਾਣ।

ਅਸਲ ’ਚ ਹੋਇਆ ਇਹ ਕਿ ਬੀਤੇ ਦਿਨੀਂ ਏ. ਈ. ਟੀ. ਸੀ ਮੋਬਾਇਲ ਵਿੰਗ ਦੀਪਇੰਦਰ ਸਿੰਘ ਗਰਚਾ ਵੱਲੋਂ ਥਾਣਾ ਫਗਵਾੜਾ ਸਦਰ ਵਿਚ ਐੱਫ. ਆਈ. ਆਰ. ਨੰਬਰ 44 ਦਰਜ ਕਰਵਾਈ ਗਈ ਸੀ, ਜਿਸ ਮੁਤਾਬਕ ਮੋਬਾਇਲ ਵਿੰਗ ਦੇ ਸਟੇਟ ਟੈਕਸ ਅਫਸਰ ਰੁਦਰਮਨੀ ਸ਼ਰਮਾ ਸਮੇਤ ਬਾਕੀ ਅਧਿਕਾਰੀਆਂ ਵੱਲੋਂ ਲੁਧਿਆਣਾ-ਮਾਲੇਰਕੋਟਲਾ ਰੋਡ ’ਤੇ ਟਰੱਕ ਨੰਬਰ ਪੀ ਬੀ 13 ਏ. ਐੱਲ. 4495 ਨੂੰ ਗੁਪਤ ਇਨਪੁੱਟ ਮਿਲਣ ’ਤੇ ਜਦੋਂ ਚੈੱਕ ਕਰਨ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਕਤ ਟਰੱਕ ਵਿਚ ਬੈਠੇ ਚਾਲਕ ਨੇ ਅਧਿਕਾਰੀਆਂ ਦੀ ਗੱਡੀ ਵਿਚ ਟਰੱਕ ਮਾਰ ਦਿੱਤਾ ਅਤੇ ਬਾਅਦ ਵਿਚ ਟਰੱਕ ਅੱਗੇ ਭਜਾਉਣ ਲੱਗਾ, ਜਿਸ ਨੂੰ ਵਿਭਾਗ ਵੱਲੋਂ ਘੇਰਾ ਪਾ ਕੇ ਰੋਕ ਕੇ ਉਸ ਦੀ ਜਾਂਚ ਕੀਤੀ ਗਈ ਤਾਂ ਟਰੱਕ ਵਿਚ ਬੈਟਰੀਆਂ ਵਿਚ ਇਸਤੇਮਾਲ ਹੋਣ ਵਾਲਾ ਸਕ੍ਰੈਪ ਪਿਆ ਸੀ।

ਟਰੱਕ ਡਰਾਈਵਰ ਦਾ ਆਧਾਰ ਕਾਰਡ ਚੈੱਕ ਕੀਤਾ ਗਿਆ, ਜਿਸ ਤੋਂ ਪਤਾ ਲੱਗਾ ਕਿ ਟਰੱਕ ਨੂੰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਰਾਜਵੀਰ ਅਹਿਰਵਾਰ ਪੁੱਤਰ ਮੁਰਾਰੀ ਅਹਿਰਵਾਰ ਚਲਾ ਰਿਹਾ ਸੀ। ਵਿਭਾਗ ਨੇ ਜਦੋਂ ਫਿਜ਼ੀਕਲ ਵੈਰੀਫਿਕੇਸ਼ਨ ਲਈ ਟਰੱਕ ਚਾਲਕ ਤੋਂ ਬਿੱਲ ਮੰਗੇ ਤਾਂ ਉਹ ਬਿੱਲ ਨਹੀਂ ਦਿਖਾ ਸਕਿਆ। ਟਰੱਕ ਵਿਚ ਪ੍ਰੀਤਮ ਟਰਾਂਸਪੋਰਟ ਨਾਂ ਦੀ ਬਿਲਟੀ ਬਰਾਮਦ ਹੋਈ ਅਤੇ ਮੈਸਰਜ਼ ਓਮ ਸਾਈਂ ਇੰਟਰਨੈਸ਼ਨਲ ਲੁਧਿਆਣਾ ਅਤੇ ਮੈਸਰਜ਼ ਸਪਰਾ ਇੰਟਰਪ੍ਰਾਈਜ਼ਿਜ਼ ਮਾਲੇਰਕੋਟਲਾ ਦੇ ਬਿੱਲ ਮਿਲੇ। ਵਿਭਾਗ ਵੱਲੋਂ ਉਕਤ ਫਰਮ ਦਾ ਰਿਕਾਰਡ ਖੰਗਾਲਿਆ ਗਿਆ ਤਾਂ ਓਮ ਸਾਈਂ ਇੰਟਰਨੈਸ਼ਨਲ ਫਰਮ ਸਮਰਾਲਾ ਚੌਕ ਦੇ ਨੇੜੇ ਗਲੀ ਨੰਬਰ 4 ਤਾਜਪੁਰ ਰੋਡ ਦਾ ਪਤਾ ਨਿਕਲਿਆ, ਜਿਸ ਦਾ ਮਾਲਕ ਰਾਜੇਸ਼ ਕੁਮਾਰ ਪੁੱਤਰ ਜੀਤ ਬਹਾਦਰ ਵਾਸੀ 4262 ਗਲੀ ਨੰਬਰ 4, ਸ਼ਿਮਲਾਪੁਰੀ, ਲੁਧਿਆਣਾ ਦਾ ਰਹਿਣ ਵਾਲਾ ਹੈ।

ਇਸ ਤੋਂ ਬਾਅਦ ਜਦੋਂ ਟਰੱਕ ਨੂੰ ਅਧਿਕਾਰੀ ਜਲੰਧਰ ਸਥਿਤ ਜੀ. ਐੱਸ. ਟੀ. ਭਵਨ ਲਿਜਾ ਰਹੇ ਸਨ ਤਾਂ ਰਸਤੇ ਵਿਚ ਸਫੈਦ ਰੰਗ ਦੀ ਫਾਰਚੂਨਰ ਵਿਚ ਸਵਾਰ ਕੁਝ ਨੌਜਵਾਨਾਂ ਨੇ ਟਰੱਕ ਤੇ ਸਰਕਾਰੀ ਗੱਡੀ ਵਿਚ ਬੈਠੇ ਡਰਾਈਵਰ ਅਤੇ ਅਧਿਕਾਰੀਆਂ ਨੂੰ ਰੋਕ ਕੇ ਕੁੱਟਮਾਰ ਕਰਨ ਲੱਗੇ। ਇਸ ਦੌਰਾਨ ਸਰਕਾਰੀ ਗੱਡੀ ਦੀ ਚਾਬੀ ਖੋਹ ਲਈ ਅਤੇ ਟਰੱਕ ਚਾਲਕ ਸਮੇਤ ਟਰੱਕ ਨੂੰ ਲੈ ਕੇ ਮੁਲਜ਼ਮ ਫ਼ਰਾਰ ਹੋ ਗਏ। ਮੁਲਜ਼ਮਾਂ ਵੱਲੋਂ ਅਧਿਕਾਰੀਆਂ ਨੂੰ ਟਰੱਕ ਨਾ ਛੱਡਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ, ਜਿਸ ਦੌਰਾਨ ਤੇਜ਼ਧਾਰ ਚੀਜ਼ ਦਿਖਾ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਵਿਭਾਗ ਵੱਲੋਂ ਜਦੋਂ ਪੁਲਸ ਅਤੇ ਲੁਧਿਆਣਾ ਮੋਬਾਇਲ ਵਿੰਗ ਵਿਭਾਗ ਨਾਲ ਸੰਪਰਕ ਕੀਤਾ ਗਿਆ ਤਾਂ ਟੀਮ ਵੱਲੋਂ ਉਕਤ ਟਰੱਕ ਨੂੰ ਲੁਧਿਆਣਾ ਜਾ ਕੇ ਟਰੇਸ ਕਰਨ ਤੋਂ ਬਾਅਦ ਜ਼ਬਤ ਕਰ ਲਿਆ ਗਿਆ, ਹਾਲਾਂਕਿ ਮੌਕੇ ਤੋਂ ਡਰਾਈਵਰ ਫ਼ਰਾਰ ਹੋ ਗਿਆ। ਇਸ ਦੌਰਾਨ ਜਦੋਂ ਟਰੱਕ ਨੂੰ ਜ਼ਬਤ ਕਰ ਕੇ ਜਲੰਧਰ ਲਿਆਂਦਾ ਜਾ ਰਿਹਾ ਸੀ ਤਾਂ ਦੁਬਾਰਾ ਸਰਕਾਰੀ ਗੱਡੀ ਦਾ ਸਵਿਫਟ ਕਾਰ ਨੰਬਰ ਪੀ ਬੀ 10 ਐੱਫ. ਡਬਲਯੂ. 9390 ਵੱਲੋਂ ਪਿੱਛਾ ਕੀਤਾ ਗਿਆ, ਜਿਸ ਨੂੰ ਵਿਭਾਗ ਵੱਲੋਂ ਟਰੇਸ ਕਰਵਾਇਆ ਜਾ ਰਿਹਾ ਹੈ।


Manoj

Content Editor

Related News