ਕਾਰਾਂ ਦੇ ਸ਼ੀਸ਼ੇ ਤੋੜ ਕੇ ਚੋਰੀਆਂ ਕਰਨ ਵਾਲਾ ਗਿਰੋਹ ਸਰਗਰਮ

11/18/2019 12:58:33 PM

ਕਪੂਰਥਲਾ (ਸੇਖੜੀ)— ਪਿਛਲੇ ਲਗਭਗ 4 ਮਹੀਨਿਆਂ ਤੋਂ ਸ਼ਹਿਰ 'ਚ ਰਾਤ ਨੂੰ ਕਾਰਾਂ ਦੇ ਸ਼ੀਸ਼ੇ ਤੋੜ ਕੇ ਚੋਰੀਆਂ ਕਰਨ ਬਾਰੇ ਅਨੇਕਾਂ ਸਮਾਚਾਰ ਪ੍ਰਾਪਤ ਹੋ ਰਹੇ ਹਨ। ਜਾਣਕਾਰੀ ਅਨੁਸਾਰ ਬੀਤੀ ਰਾਤ ਨੂੰ ਮਾਲ ਰੋਡ ਨੇੜੇ ਪਾਸ਼ ਕਾਲੋਨੀ ਰੋਜ਼ ਪਾਰਕ 'ਚ ਚਾਰ-ਚਾਰ ਕਾਰਾਂ ਦੇ ਸ਼ੀਸ਼ੇ ਤੋੜ ਕੇ ਕੁਝ ਕਾਰਾਂ 'ਚ ਸਾਮਾਨ ਚੋਰੀ ਹੋਣ ਬਾਰੇ ਪਤਾ ਚੱਲਿਆ ਹੈ। ਰੋਜ਼ ਕਾਲੋਨੀ ਦੇ ਨਿਵਾਸੀ ਸ਼ੈਲਰ ਉਦਯੋਗਪਤੀ ਨਾਮਦੇਵ ਅਰੋੜਾ ਨੇ ਦਸਿਆ ਕਿ ਕੱਲ ਰਾਤ ਕਾਰ ਮਹਿੰਦਰਾ ਐੱਕਸ. ਯੂ. ਵੀ. ਦੇ ਸਾਈਡਾਂ ਦੇ ਸ਼ੀਸ਼ੇ ਤੋੜ ਕੇ ਅੰਦਰ ਪਿਆ ਸਾਮਾਨ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਕਾਲੋਨੀ 'ਚ ਕੇ. ਡੀ. ਪਰਤੀ ਅਤੇ ਸੁਰਿੰਦਰ ਮੋਹਨ ਦੀਆਂ ਕਾਰਾਂ ਦੇ ਸ਼ੀਸ਼ੇ ਤੋੜੇ ਗਏ ਹਨ। ਨਾਮਦੇਵ ਅਰੋੜਾ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਵੀ ਸਾਡੇ ਘਰ ਦੇ ਬਾਹਰ ਖੜ੍ਹੀ ਵਰਨਾ ਕਾਰ ਦੇ ਸ਼ੀਸ਼ੇ ਤੋੜੇ ਗਏ ਸਨ।

ਇਸ ਤੋਂ ਇਲਾਵਾ ਉਦਯੋਗਪਤੀ ਅਜੇ ਮਰਵਾਹਾ ਨੇ ਦਸਿਆ ਕਿ ਦੋ ਹਫਤੇ ਪਹਿਲਾਂ ਅਮਨ ਨਗਰ 'ਚ ਭਾਟੀਆ ਹਸਪਤਾਲ ਦੇ ਸਾਹਮਣੇ ਵਾਲੀ ਗਲੀ 'ਚ ਉਨ੍ਹਾਂ ਦੀਆਂ ਤਿੰਨ ਕਾਰਾਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਚੋਰੀ ਕੀਤਾ ਗਿਆ ਸੀ। ਨਾਮਦੇਵ ਅਰੋੜਾ ਨੇ ਪੁਲਸ ਵਿਭਾਗ ਕੋਲੋਂ ਮੰਗ ਕੀਤੀ ਕਿ ਰਾਤ ਨੂੰ ਪੀ. ਸੀ. ਆਰ. ਦੀ ਗਸ਼ਤ ਨੂੰ ਜ਼ਰੂਰਤ ਅਨੁਸਾਰ ਵਧਾਇਆ ਜਾਵੇ ਤਾਂ ਕਿ ਸ਼ਹਿਰ 'ਚ ਰਾਤ ਨੂੰ ਹੋਣ ਵਾਲੀਆਂ ਚੋਰੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਹੈ ਕਿ ਪੀ. ਸੀ. ਆਰ. ਦੀ ਗਸ਼ਤ ਦੌਰਾਨ ਰਾਤ 12 ਵਜੇ ਦੇ ਬਾਅਦ ਸ਼ਹਿਰ 'ਚ ਘੁੰਮਣ ਵਾਲੇ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਰਾਤ ਨੂੰ ਪੀ. ਸੀ. ਆਰ. ਦੀ ਗਸ਼ਤ ਨਾਂਹ ਦੇ ਬਰਾਬਰ ਹੋਣ ਕਾਰਣ ਚੋਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਇਸ ਸਬੰਧ 'ਚ ਡੀ. ਐੱਸ. ਪੀ. (ਸਬ ਡਵੀਜ਼ਨ) ਹਰਿੰਦਰ ਸਿੰਘ ਗਿੱਲ ਨੇ ਦਸਿਆ ਕਿ ਸੀ. ਸੀ. ਟੀ. ਵੀ. ਦੀ ਫੁਟੇਜ ਅਨੁਸਾਰ ਪਤਾ ਚੱਲਿਆ ਹੈ ਕਿ ਕੋਈ ਸਨਕੀ ਕਿਸਮ ਦਾ ਵਿਅਕਤੀ ਪੇਚਕਸ ਨਾਲ ਕਾਰਾਂ ਦੇ ਸ਼ੀਸ਼ੇ ਤੋੜ ਰਿਹਾ ਹੈ। ਸਿਟੀ ਪੁਲਸ ਚੋਰ ਨੂੰ ਫੜਨ ਲਈ ਸਗਰਮ ਹੈ ਅਤੇ ਪੀ. ਸੀ. ਆਰ. ਦੀ ਗਸ਼ਤ ਨੂੰ ਵੀ ਵਧਾਇਆ ਜਾ ਰਿਹਾ ਹੈ।


shivani attri

Content Editor

Related News