ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਲਗਾਇਆ ਗਿਆ ਕੈਂਪ

Friday, Feb 14, 2020 - 03:51 PM (IST)

ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਲਗਾਇਆ ਗਿਆ ਕੈਂਪ

ਜਲੰਧਰ—ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲੇ ਦੇ ਸਮੂਹ ਬਲਾਕਾਂ 'ਚ ਪੜਾਅਵਾਰ ਕਿਸਾਨ ਹਿੱਤ 'ਚ ਸਰਬਪੱਖੀ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਅੱਜ ਪਿੰਡ ਕਾਦਿਆਵਾਲੀ ਬਲਾਕ ਜਲੰਧਰ ਪੂਰਬੀ ਵਿਖੇ ਆਤਮਾ ਸਕੀਮ ਦੀ ਵਿੱਤੀ ਮਦਦ ਰਾਹੀਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਡਾ. ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸੇ ਤਰ੍ਹਾਂ ਦੇ ਸਰਵਪੱਖੀ ਭਾਵ ਖੇਤੀਬਾੜੀ ਅਤੇ ਸਹਾਇਕ ਵਿਭਾਗਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੰਡੋਰੀ ਨਿੱਝਰਾ ਬਲਾਕ ਆਦਮਪੁਰ ਅਤੇ ਰੁੜਕਾ ਕਲਾਂ ਵਿਖੇ ਜਾਗਰੂਕ ਕੈਂਪ ਲਗਾਏ ਗਏ। ਅੱਜ ਪਿੰਡ ਕਾਦਿਆਵਾਲੀ ਵਿਖੇ ਲੱਗੇ ਇਸ ਸਰਵਪੱਖੀ ਕੈਂਪ 'ਚ ਇਲਾਕੇ ਦੇ ਲਗਭਗ 200 ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਡਾ. ਨਾਜਰ ਸਿੰਘ ਨੇ ਕਿਹਾ ਹੈ ਕਿ ਕਣਕ ਦੀ ਫਸਲ ਵੱਲ ਉਚੇਚਾ ਧਿਆਨ ਦਿੰਦੇ ਹੋਏ, ਜਿੱਥੇ ਫਸਲ ਦਾ ਰੈਗੂਲਰ ਨਿਰੀਖਣ ਕਰਨਾ ਚਾਹੀਦਾ ਹੈ, ਉੱਥੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਾਧੂ ਫਸਲੀ ਖਰਚੇ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀਆਂ ਦੀਆਂ ਸਿਫਾਰਸ਼ਾਂ ਅਨੁਸਾਰ ਕਣਕ ਦੀ ਫਸਲ 'ਤੇ ਪ੍ਰਤੀ ਸਿੱਟਾ ਪੰਚ ਚੇਪੇ ਜਾਂ ਤੇਲੇ ਦਾ ਹਮਲਾ ਹੋਣ 'ਤੇ ਵੀ ਕਿਸੇ ਰਸਾਇਣਿਕ ਦਵਾਈ ਦੇ ਸਪੇਰੇ ਦੀ ਜਰੂਰਤ ਨਹੀਂ ਹੈ ਕਿਉਂਕਿ ਕਣਕ 'ਚ ਲਾਲ ਭੂੰਡੀ ਵਰਗੇ ਸਾਡੇ ਮਿੱਤਰ ਕੀੜੇ ਹੁੰਦੇ ਹਨ, ਜੋ ਕਿ ਤੇਲੇ ਜਾਂ ਚੇਪੇ ਨੂੰ ਖਾਂਦੇ ਹਨ। ਜੇਕਰ ਹਮਲਾ ਜ਼ਿਆਦਾ ਹੋਵੇ ਤਾਂ ਹੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਕੀਤੀ ਗਈ ਦਵਾਈ ਐਕਟਾਰਾ 20 ਗ੍ਰਾਮ 80-100 ਲਿਟਰ ਪਾਣੀ 'ਚ ਘੋਲ ਕੇ ਸਪਰੇਅ ਕਰਨੀ ਚਾਹੀਦੀ ਹੈ।

PunjabKesari

ਕੈਂਪ 'ਚ ਡਾ. ਅਰੁਣ ਕੋਹਲੀ ਖੇਤੀਬਾੜੀ ਅਫਸਰ ਜਲੰਧਰ ਪੱਛਮੀ ਨੇ ਕਿਸਾਨਾਂ ਨੂੰ ਮਿੱਟੀ ਦੀ ਪ੍ਰਖ ਕਰਵਾਉਂਦੇ ਹੋਏ ਖਾਂਦਾਂ 'ਤੇ ਘੱਟ ਖਰਚ ਕਰਨ ਲਈ ਪ੍ਰੇਰਿਆ। ਡਾ. ਬਲਕਾਰ ਚੰਦ ਖੇਤੀਬਾੜੀ ਵਿਕਾਸ ਅਫਸਰ (ਟ੍ਰੇਨਿੰਗ) ਵੱਲੋਂ ਕਿਸਾਨਾਂ ਨੂੰ ਖੇਤੀ ਵਿੰਭਿਨਤਾ ਅਧੀਨ ਮੂੰਗੀ, ਮਾਂਹ ਦੀ ਕਾਸ਼ਤ ਦੇ ਨਾਲ-ਨਾਲ ਕੁਦਰਤੀ ਵਸੀਲੇ ਬਚਾਉਂਦੇ ਹੋਏ ਘੱਟ ਖਰਚੇ ਵਾਲੀਆਂ ਖੇਤੀ ਤਕਨੀਕਾਂ ਬਾਰੇ ਜਾਣੂ ਕਰਵਾਇਆ ਗਿਆ। ਡਾ. ਸੰਜੀਵ ਕਟਾਰੀਆਂ ਕੀਟ ਵਿਗਿਆਨੀ ਜ਼ਿਲਾ ਖੇਤੀ ਪ੍ਰਸਾਰ ਮਾਹਿਰ ਖੇਤੀਬਾੜੀ ਯੂਨੀਵਰਸਿਟੀਆਂ ਨੇ ਕਿਸਾਨਾਂ ਨੂੰ ਪਾਵਰ ਪੁਆਇੰਟ ਪ੍ਰੈਜੇਟੇਸ਼ਨ ਰਾਹੀਂ ਮੱਕੀ 'ਤੇ ਆ ਰਹੇ 'ਫਾਲ ਆਰਮੀ ਵਰਮ' ਨਾਂ ਦੇ ਕੀੜੇ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਕਿਸਾਨਾਂ ਵੱਲੋਂ ਬਹਾਰ ਰੁੱਤ ਦੀ ਬੀਜੀ ਜਾ ਰਹੀ ਮੱਕੀ ਦੀ ਫਸਲ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਇਸ ਕੀੜੇ ਦੀ ਵੇਲੇ ਸਿਰ ਰੋਕਥਾਮ ਕੀਤੀ ਜਾ ਸਕੇ।

PunjabKesari

ਇਸ ਮੌਕੇ 'ਤੇ ਇੰਜ. ਸ਼੍ਰੀ ਲੁਪਿੰਦਰ ਕੁਮਾਰ ਮੰਡਲ ਭੂਮੀ ਰੱਖਿਆ ਅਫਸਰ ਜਲੰਧਰ ਨੇ ਪਾਣੀ ਬਚਾਓ ਤਕਨੀਕਾਂ, ਡਰਿੱਲ ਇਰੀਗੇਸ਼ਨ , ਅੰਡਰ ਗਰਾਊਂਡ ਪਾਈਪ ਲਾਈਨ ਸਿਸਟਮ ਦੀ ਜਾਣਕਾਰੀ ਦਿੱਤੀ। ਬਾਗਬਾਨੀ ਵਿਭਾਗ ਵੱਲੋਂ ਇਸ ਮੌਕੇ 'ਤੇ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ ਸਬਜੀਆਂ ਦੀਆਂ ਮਿੰਨੀਕਿੱਟਾਂ ਬਾਰੇ ਦੱਸਿਆ ਅਤੇ ਕਿਹਾ ਕਿ ਹਰ ਕਿਸਾਨ ਨੂੰ ਆਪਣੇ ਖੂਹਾਂ ਆਦਿ 'ਤੇ ਘਰੇਲੂ ਬਗੀਚੀ 'ਚ ਸਬਜੀਆਂ ਅਤੇ ਫਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।

PunjabKesari

ਇਸ ਮੌਕੇ 'ਤੇ ਮੱਛੀ ਪਾਲਣ ਵਿਭਾਗ ਦੇ ਮਾਹਿਰਾਂ ਸ਼੍ਰੀ ਹਰਦੇਵ ਸਿੰਘ ਵੱਲੋਂ ਮੱਛੀ ਪਾਲਣ ਲਈ ਵਿਭਾਗੀ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਕੈਂਪ 'ਚ ਸ਼੍ਰੀ ਵਿਕਰਮ ਸੂਦ, ਪ੍ਰੋਜੈਕਟ ਡਾਇਰੈਕਟਰ ਆਤਮਾ ਅਤੇ ਆਤਮਾ ਸਕੀਮ ਅਧੀਨ ਕੰਮ ਕਰ ਰਹੀ ਸਮੁੱਚੀ ਟੀਮ ਵੱਲੋਂ ਕਿਸਾਨਾਂ ਨੂੰ ਆਤਮਾ ਸਕੀਮ ਦੀ ਜਾਣਕਾਰੀ ਦਿੱਤੀ। ਇਸ ਮੌਕੇ 'ਤੇ ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਜਲੰਧਰ ਪੂਰਬੀ , ਡਾ. ਮੀਨਾਕਸ਼ੀ ਕੌਸ਼ਲ ਖੇਤੀਬਾੜੀ ਵਿਕਾਸ ਅਫਸਰ ਜਲੰਧਰ ਪੂਰਬੀ ਨੇ ਵਿਭਾਗੀ ਸਕੀਮਾਂ ਬਾਰੇ ਕਿਸਾਨਾਂ ਨੂੰ ਭਰਪੂਰ ਜਾਣਕਾਰੀ ਦਿੱਤੀ।

ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ
ਜਲੰਧਰ


author

Iqbalkaur

Content Editor

Related News