ਭਾਰਤ ਬੰਦ ਦੌਰਾਨ ਫਗਵਾੜਾ ਸਟੇਸ਼ਨ ’ਤੇ ਖੜ੍ਹੀ ਟ੍ਰੇਨ ’ਚ ਸਵਾਰ ਵਿਅਕਤੀ ਦੀ ਬਰੇਨ ਹੈਮਰੇਜ ਨਾਲ ਮੌਤ

09/28/2021 10:20:27 AM

ਜਲੰਧਰ (ਸੁਨੀਲ ਮਹਾਜਨ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿੱਥੇ ਕਿਸਾਨਾਂ ਵੱਲੋਂ ਕੱਲ੍ਹ ਪੂਰੇ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਦੇ ਚੱਲਦੇ ਸਵੇਰੇ ਛੇ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਸਭ ਆਵਾਜਾਈ ਅਤੇ ਸ਼ਹਿਰ ਬੰਦ ਸਨ। ਇਸੇ ’ਚ ਫਗਵਾੜਾ ਰੇਲਵੇ ਸਟੇਸ਼ਨ ਤੇ ਹਾਵੜਾ ਅਤੇ ਜੰਮੂਤਵੀ ਟਰੇਨਾਂ ਵੀ ਬੰਦ ਖੜ੍ਹੀਆਂ ਸਨ। ਹਾਵੜਾ ਟਰੇਨ ਵਿਚ ਸਵਾਰ ਇਕ ਵਿਅਕਤੀ ਜਿਸ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਅਤੇ ਉਸ ਦੀ ਨੱਕ ਤੇ ਮੂੰਹ ਵਿੱਚੋਂ ਖ਼ੂਨ ਨਿਕਲਣ ਲੱਗ ਪਿਆ। ਜਿਸ ਤੋਂ ਬਾਅਦ ਇਸ ਸੰਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ। 

ਮੌਕੇ ’ਤੇ ਪੁੱਜੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ਐਂਬੂਲੈਂਸ ਬੁਲਾ ਕੇ ਵਿਅਕਤੀ ਨੂੰ ਸਿਵਲ ਹਸਪਤਾਲ ਵਿਚ ਭੇਜਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਛਾਣ ਦਰਸ਼ਨ ਸਿੰਘ ਵਜੋਂ ਹੋਈ ਹੈ ਜੋ ਕਿ ਬਟਾਲਾ ਦੇ ਰਹਿਣ ਵਾਲੇ ਸਨ। ਮ੍ਰਿਤਕ ਦੀ ਮੌਤ ਦਾ ਕਾਰਨ ਬਰੇਨ ਹੈਮਰੇਜ ਦੱਸਿਆ ਜਾ ਰਿਹਾ ਹੈ। ਫ਼ਿਲਹਾਲ ਪੁਲਸ ਵੱਲੋਂ ਮ੍ਰਿਤਕ ਦੇ ਘਰਦਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਘਰਦਿਆਂ ਦੇ ਬਿਆਨ ਤੇ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News