ਹੁਸ਼ਿਆਰਪੁਰ ਜ਼ਿਲ੍ਹੇ ’ਚ ਜਲਦ ਸਥਾਪਤ ਕੀਤੇ ਜਾਣਗੇ 33 ਨਵੇਂ ਆਮ ਆਦਮੀ ਕਲੀਨਿਕ: ਬ੍ਰਹਮ ਸ਼ੰਕਰ ਜਿੰਪਾ

Thursday, Nov 24, 2022 - 04:03 PM (IST)

ਹੁਸ਼ਿਆਰਪੁਰ ਜ਼ਿਲ੍ਹੇ ’ਚ ਜਲਦ ਸਥਾਪਤ ਕੀਤੇ ਜਾਣਗੇ 33 ਨਵੇਂ ਆਮ ਆਦਮੀ ਕਲੀਨਿਕ: ਬ੍ਰਹਮ ਸ਼ੰਕਰ ਜਿੰਪਾ

ਹੁਸ਼ਿਆਰਪੁਰ (ਘੁੰਮਣ)- ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਸਫ਼ਲਤਾ ਨੂੰ ਵੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੇ ਜ਼ਿਲ੍ਹੇ ਵਿਚ ਲੋਕਾਂ ਨੂੰ ਆਮ ਆਦਮੀ ਕਲੀਨਿਕਾਂ ਰਾਹੀਂ ਬਿਹਤਰ ਸਿਹਤ ਸੇਵਾਵਾਂ ਦੇਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿਚ ਜਲਦੀ ਹੀ 33 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ, ਜਿਨ੍ਹਾਂ ਵਿਚੋਂ 31 ਪੇਂਡੂ ਅਤੇ 2 ਸ਼ਹਿਰੀ ਖੇਤਰਾਂ ਵਿਚ ਖੋਲ੍ਹੇ ਜਾਣਗੇ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪਹਿਲਾਂ ਹੀ ਚੱਲ ਰਹੇ 8 ਕਾਮਨ ਕਲੀਨਿਕਾਂ ਵਿਚ ਲੋਕਾਂ ਨੂੰ ਕਾਫ਼ੀ ਲਾਭ ਮਿਲਿਆ ਹੈ, ਇਹੀ ਕਾਰਨ ਹੈ ਕਿ ਸੂਬਾ ਸਰਕਾਰ ਵੱਲੋਂ ਜ਼ਿਲ੍ਹੇ ਦੇ ਹੋਰ ਖੇਤਰਾਂ ਵਿਚ ਵੀ ਇਸ ਤਰ੍ਹਾਂ ਦੀਆਂ ਅਤਿ-ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਖੁੱਲ੍ਹਣ ਤੋਂ ਬਾਅਦ ਜ਼ਿਲ੍ਹੇ ਵਿਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 41 ਹੋ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੂੰ ਤਿਆਰ ਕਰਨ ਸਬੰਧੀ ਪ੍ਰਸ਼ਾਸਨਿਕ ਪੱਧਰ ’ਤੇ ਤਿਆਰੀਆਂ ਵੱਡੇ ਪੱਧਰ ’ਤੇ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕ ਜ਼ਿਲੇ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਖੋਲ੍ਹੇ ਜਾਣਗੇ।

ਇਹ ਵੀ ਪੜ੍ਹੋ : ਜਲੰਧਰ ਦਾ ਇਹ ਮੁੰਡਾ ਬਣਾਉਂਦੈ ਲਾਜਵਾਬ Pizza,ਨੀਰੂ ਬਾਜਵਾ ਤੇ ਤਰਸੇਮ ਜੱਸੜ ਵੀ ਕਰ ਚੁੱਕੇ ਨੇ ਤਾਰੀਫ਼ਾਂ

ਸ਼ਹਿਰੀ ਖੇਤਰ ਵਿਚ ਇਹ ਕਲੀਨਿਕ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਅਸਲਾਮਾਬਾਦ ਅਤੇ ਪੁਰਹੀਰਾਂ ਵਿਚ ਖੋਲ੍ਹੇ ਜਾਣਗੇ, ਜਦਕਿ ਪੇਂਡੂ ਖੇਤਰਾਂ ਵਿਚ ਇਹ ਪ੍ਰਾਇਮਰੀ ਹੈਲਥ ਸੈਂਟਰ ਜਨੌੜੀ, ਬਹਿਬਲਮੰਜ, ਭੰਗਾਲਾ, ਚਨੌਰ, ਟਾਂਡਾ ਰਾਮ ਸਹਾਏ, ਬਾਗਪੁਰ, ਬੁੱਲ੍ਹੋਵਾਲ, ਚੱਕੋਵਾਲ, ਸੂਸ, ਦਾਤਾਰਪੁਰ, ਬੱਡਲਾ, ਚੱਬੇਵਾਲ, ਜੱਲੋਵਾਲ, ਮਹਿਲਾਂਵਾਲੀ, ਫੁਗਲਾਣਾ, ਘੋਗਰਾ, ਖੁਣਖੁਣ ਕਲਾਂ, ਅਜਨੋਹਾ, ਬਰਿਆਣਾ ਕਲਾਂ, ਜੇਜੋਂ, ਪਾਲਦੀ, ਸਰਹਾਲਾ ਕਲਾਂ, ਬਠਲ, ਬਿੰਜੋ, ਪਦਰਾਣਾ, ਪਨਾਮ, ਰਾਮਪੁਰ ਬਿਲੜੋਂ, ਕੰਧਾਲਾ ਸ਼ੇਖਾਂ ਅਤੇ ਮਿਆਣੀ ਵਿਚ ਖੁੱਲ੍ਹਣਗੇ।

ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਆਮ ਆਦਮੀ ਕਲੀਨਿਕਾਂ ਦੀ ਅੱਜ ਵਿਸ਼ਵ ਭਰ ਵਿਚ ਚਰਚਾ ਹੋ ਰਹੀ ਹੈ, ਕਿਉਂਕਿ ਇਹ ਸਿਹਤ ਸੰਭਾਲ ਖੇਤਰ ਦੇ ਸੁਧਾਰਾਂ ਵਿਚ ਸਰਕਾਰ ਦੀ ਵੱਡੀ ਉਪਲੱਬਧੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਦਿਆਂ ਸੂਬੇ ਦੀ ਤਰੱਕੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿਚ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਆਮ ਆਦਮੀ ਕਲੀਨਿਕਾਂ ਵਿਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ ਜਿੱਥੇ ਮਰੀਜ਼ ਨੂੰ ਲਗਭਗ 95 ਕਿਸਮ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ, ਉਥੇ ਉਨ੍ਹਾਂ ਦੇ 41 ਤਰ੍ਹਾਂ ਦੇ ਟੈਸਟ ਵੀ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ।  

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ 'ਤੇ ਹੋਇਆ ਮਾਮਲਾ ਦਰਜ, ਗ੍ਰਿਫ਼ਤਾਰੀ ਮਗਰੋਂ ਜ਼ਮਾਨਤ 'ਤੇ ਕੀਤਾ ਰਿਹਾਅ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

shivani attri

Content Editor

Related News