ਡੀਜ਼ਲ-ਪੈਟਰੋਲ ਤੇ ਬਿਜਲੀ ਦਰਾਂ ''ਚ ਵਾਧੇ ਨਾਲ ਜਨਤਾ ਨੂੰ ਪਵੇਗੀ ਦੁੱਗਣੀ ਮਹਿੰਗਾਈ ਦੀ ਮਾਰ

Friday, Sep 06, 2024 - 04:59 PM (IST)

ਡੀਜ਼ਲ-ਪੈਟਰੋਲ ਤੇ ਬਿਜਲੀ ਦਰਾਂ ''ਚ ਵਾਧੇ ਨਾਲ ਜਨਤਾ ਨੂੰ ਪਵੇਗੀ ਦੁੱਗਣੀ ਮਹਿੰਗਾਈ ਦੀ ਮਾਰ

ਗੜ੍ਹਸ਼ੰਕਰ- ਪੰਜਾਬ ਸਰਕਾਰ ਵੱਲੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਅਤੇ 7 ਕਿਲੋਵਾਟ ਤੱਕ ਲੋਡ ਵਾਲੇ ਘਰੇਲੂ ਬਿਜਲੀ ਖ਼ਪਤਕਾਰਾਂ 'ਤੇ ਪਾਏ ਗਏ ਬੋਝ ਦੇ ਫ਼ੈਸਲੇ ਦੀ ਨਿੰਦਿਆਂ ਕਰਦੇ ਭਾਜਪਾ ਆਗੂ ਅਤੇ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਆਮ ਜਨਤਾ 'ਤੇ ਟੈਕਸਾਂ ਦਾ ਬੋਝ ਪਾ ਕੇ ਸਰਕਾਰ ਨੇ ਆਪਣੀ ਅਸਫ਼ਲਤਾ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਨਾਲ ਆਮ ਵਾਹਨ ਚਾਲਕ ਦੇ ਨਾਲ-ਨਾਲ ਢੁਆਈ ਵਾਲੀਆਂ ਗੱਡੀਆਂ ਦਾ ਮਾਲਭਾੜਾ ਅਤੇ ਉਤਪਾਦਨ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਵੇਗਾ, ਜਿਸ ਨਾਲ ਜਨਤਾ ਨੂੰ ਮਹਿੰਗਾਈ ਦੀ ਦੁੱਗਣੀ ਮਾਰ ਝਲਣੀ ਪਵੇਗੀ। 

ਇਹ ਵੀ ਪੜ੍ਹੋ- ਪੰਜਾਬ 'ਚ ਜੰਗ ਦਾ ਮੈਦਾਨ ਬਣਿਆ ਛਿੰਞ ਮੇਲਾ, ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ

ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ ਦੇਣ ਦੀਆਂ ਢੀਂਗਾ ਹਾਂਕਣ ਵਾਲੀ ਸਰਕਾਰ ਵੱਲੋਂ 7 ਕਿੱਲੋਵਾਟ ਤੱਕ ਲੋਡ ਵਾਲੇ 11 ਲੱਖ ਘਰੇਲੂ ਬਿਜਲੀ ਖ਼ਪਤਕਾਰਾਂ 'ਤੇ ਵੀ ਹੁਣ ਤਿੰਨ ਹਜ਼ਾਰ ਰੁਪਏ ਮਹੀਨੇ ਦਾ ਬੋਝ ਹੋਰ ਵਧਾ ਦਿੱਤਾ ਗਿਆ ਹੈ। ਭਾਜਪਾ ਆਗੂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਰਕਾਰ ਵੱਲੋਂ ਨਵੀਆਂ ਗੱਡੀਆਂ ਦੀ ਖ਼ਰੀਦ ਅਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਦੇ ਟੈਕਸਾਂ ਵਿਚ ਵੀ ਵਾਧਾ ਕੀਤਾ ਗਿਆ ਸੀ ਅਤੇ ਹੁਣ ਬੱਸ ਕਿਰਾਇਆਂ ਵਿਚ ਵੀ ਸਰਕਾਰ ਵੱਲੋਂ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਗ਼ਰੀਬ ਅਤੇ ਮੱਧ ਵਰਗੀ ਲੋਕਾਂ 'ਤੇ ਖਾਸਾ ਬੋਝ ਪਵੇਗਾ। 

ਭਾਜਪਾ ਆਗੂ ਨੇ ਕਿਹਾ ਕਿ ਇਕ ਪਾਸੇ ਸਰਕਾਰ ਪੰਜਾਬ ਦੀ ਆਮਦਨ ਵਿਚ ਵਾਧੇ ਕਰਨ ਦੇ ਦਾਅਵੇ ਪਿਛਲੇ ਸਾਲ ਤੋਂ ਪੇਸ਼ ਕਰ ਰਹੀ ਹੈ, ਦੂਜੇ ਪਾਸੇ ਖ਼ਜਾਨੇ ਦੀ ਪਤਲੀ ਹਾਲਤ ਨੂੰ ਸਾਂਭਣ ਲਈ ਟੈਕਸਾਂ ਨੂੰ ਵਧਾ-ਵਧਾ ਕੇ ਲੋਕਾਂ 'ਤੇ ਬੋਝ ਪਾ ਰਹੀ ਹੈ। ਇਹ ਆਪਣੇ-ਆਪ ਵਿਚ ਸਰਕਾਰ ਦੀ ਅਸਫ਼ਲਤਾ ਅਤੇ ਝੂਠੇ ਦਾਅਵੇ ਪੇਸ਼ ਕਰਨ ਦਾ ਸਬੂਤ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ 'ਤੇ ਬੇਲੋੜੇ ਟੈਕਸ ਲਗਾਉਣ ਦੀ ਥਾਂ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਬਾਹਰੀ ਸੂਬਿਆਂ ਵਿਚ ਪੰਜਾਬ ਦੇ ਖ਼ਜ਼ਾਨੇ ਦੇ ਪੈਸੇ ਜ਼ਾਇਆ ਕਰਨੇ ਬੰਦ ਕਰੇ ਤਾਂ ਜੋ ਪੰਜਾਬ ਦੇ ਖ਼ਜ਼ਾਨੇ ਦਾ ਪੈਸਾ ਸਿਰਫ਼ ਪੰਜਾਬ 'ਤੇ ਹੀ ਲੱਗ ਸਕੇ। 

ਇਹ ਵੀ ਪੜ੍ਹੋ- ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨਾਲ ਜਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News