ਇੰਡਸਟਰੀ ਨੂੰ ਪ੍ਰਫੁੱਲਿਤ ਕਰਨਾ ਅਤੇ ਜਲੰਧਰ ’ਚ ਐਗਰੋ ਇੰਡਸਟਰੀ ਲਿਆਉਣਾ BJP ਦਾ ਵਿਜ਼ਨ : ਇੰਦਰ ਇਕਬਾਲ ਅਟਵਾਲ

04/18/2023 11:22:53 AM

ਜਲੰਧਰ (ਵਿਸ਼ੇਸ਼) : ਜਲੰਧਰ ਲੋਕ ਸਭਾ ਉਪ-ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਸਿਖਰ ’ਤੇ ਹਨ। ਆਪੋ-ਆਪਣੇ ਉਮੀਦਵਾਰ ਨੂੰ ਜੇਤੂ ਬਣਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵਿਧਾਨ ਸਭਾ ਹਲਕਿਆਂ ਵਿਚ ਬੈਠਕਾਂ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਾਰੀਆਂ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ। ਇਸੇ ਵਿਚਾਲੇ ਜਲੰਧਰ ਲੋਕ ਸਭਾ ਸੀਟ ’ਤੇ ਹੋ ਰਹੀ ਉਪ-ਚੋਣ ਵਿਚ ਭਾਜਪਾ ਦੀ ਟਿਕਟ ’ਤੇ ਚੋਣ ਮੈਦਾਨ ਵਿਚ ਉਤਰੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਵਿਚ ਕਿਹਾ ਕਿ ਭਾਜਪਾ ਦਾ ਵਿਜ਼ਨ ਸਪੱਸ਼ਟ ਹੈ ਅਤੇ ਪਾਰਟੀ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਉਣਾ ਚਾਹੁੰਦੀ ਹੈ। ਪਾਰਟੀ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੀ ਹੈ। ਉਹ ਗੁੰਮ ਹੋ ਚੁੱਕੀ ਇੰਡਸਟਰੀ ਨੂੰ ਪੰਜਾਬ ਵਿਚ ਵਾਪਸ ਲਿਆਉਣਾ ਚਾਹੁੰਦੀ ਹੈ। ਪੰਜਾਬ ਇਕ ਖੇਤੀਬਾੜੀ ਪ੍ਰਧਾਨ ਸੂਬਾ ਹੈ। ਭਾਜਪਾ ਪੰਜਾਬ ’ਚ ਖੇਤੀਬਾੜੀ ਸਬੰਧਤ ਪ੍ਰੋਸੈਸਿੰਗ ਯੂਨਿਟ ਲਿਆਏਗੀ, ਜਿਸ ਨਾਲ ਪੂਰੀ ਦੁਨੀਆ ਵਿਚ ਪੰਜਾਬ ਦਾ ਵਪਾਰ ਪ੍ਰਫੁੱਲਿਤ ਹੋਵੇਗਾ।

ਇਹ ਵੀ ਪੜ੍ਹੋ- ਮੁਕਤਸਰ ਦੇ ਥਾਣਾ ਲੱਖੋਵਾਲੀ 'ਚ ਚੱਲੀ ਗੋਲ਼ੀ, ਮੁੱਖ ਮੁਨਸ਼ੀ ਦੀ ਹੋਈ ਮੌਤ

ਅਟਵਾਲ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਵੇਖ ਲਿਆ ਹੈ ਪਰ ਕਿਸੇ ਵੀ ਪਾਰਟੀ ਨੇ ਵੀ ਪੰਜਾਬ ਦਾ ਭਲਾ ਨਹੀਂ ਕੀਤਾ। ਜਲੰਧਰ ਦੀ ਸਪੋਰਟਸ ਇੰਡਸਟਰੀ, ਲੈਦਰ ਇੰਡਸਟਰੀ ਅਤੇ ਪਾਈਪ ਫਿਟਿੰਗ ਇੰਡਸਟਰੀ ਦਾ ਪੂਰੀ ਦੁਨੀਆ ਵਿਚ ਦਬਦਬਾ ਸੀ ਪਰ ਕਾਂਗਰਸ, ਅਕਾਲੀ ਦਲ ਤੇ ਮੌਜੂਦਾ ਸਰਕਾਰ ਦੀ ਅਣਦੇਖੀ ਕਾਰਨ ਇਹ ਇੰਡਸਟਰੀ ਡੁੱਬਦੀ ਜਾ ਰਹੀ ਹੈ। ਇਸ ਇੰਡਸਟਰੀ ਨੂੰ ਲੈ ਕੇ ਭਾਜਪਾ ਤੋਂ ਇਲਾਵਾ ਕਿਸੇ ਵੀ ਪਾਰਟੀ ਕੋਲ ਵਿਜ਼ਨ ਨਹੀਂ ਹੈ। ਸਾਰੀਆਂ ਪਾਰਟੀਆਂ ਇੰਡਸਟਰੀ ਤੇ ਇੰਡਸਟਰੀਅਲਿਸਟਾਂ ਨੂੰ ਲੁੱਟਣ ’ਚ ਲੱਗੀਆਂ ਹੋਈਆਂ ਹਨ।

ਹਰਸਿਮਰਤ ਕੌਰ ਬਾਦਲ ਦੀ ਐਗਰੋ ਇੰਡਸਟਰੀ ਬਾਰੇ ਇੱਛਾ ਹੀ ਨਹੀਂ ਸੀ

ਅਟਵਾਲ ਨੇ ਕਿਹਾ ਕਿ ਕਿਸਾਨੀ ਨੂੰ ਖੁਸ਼ਹਾਲ ਕਰਨ ਲਈ ਜਲੰਧਰ ਵਿਚ ਐਗਰੋ ਇੰਡਸਟਰੀ ਲਿਆਂਦੇ ਜਾਣ ਦੀ ਲੋੜ ਸੀ ਪਰ ਇਸ ਬਾਰੇ ਕਦੇ ਕਿਸੇ ਪਾਰਟੀ ਨੇ ਸੋਚਿਆ ਹੀ ਨਹੀਂ। ਜਦੋਂ ਅਟਵਾਲ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ, ਜਿਸ ਦਾ ਭਾਜਪਾ ਨਾਲ ਲੰਮੇ ਸਮੇਂ ਤਕ ਗਠਜੋੜ ਰਿਹਾ ਹੈ ਅਤੇ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਫੂਡ ਪ੍ਰੋਸੈਸਿੰਗ ਮੰਤਰੀ ਵੀ ਰਹੀ ਹੈ ਤਾਂ ਫਿਰ ਜਲੰਧਰ ਵਿਚ ਐਗਰੋ ਇੰਡਸਟਰੀ ਕਿਉਂ ਨਹੀਂ ਲਿਆਈ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦੇ ਲਈ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਹਰਸਿਮਰਤ ਕੌਰ ਬਾਦਲ ਦਾ ਇਰਾਦਾ ਹੀ ਨਹੀਂ ਸੀ ਕਿ ਜਲੰਧਰ ਵਿਚ ਐਗਰੋ ਇੰਡਸਟਰੀ ਆਵੇ, ਇਸ ਲਈ ਉਨ੍ਹਾਂ ਕਦੇ ਮੰਗ ਹੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇਰਾਦਾ ਸਪੱਸ਼ਟ ਹੈ। ਪਾਰਟੀ ਚੋਣ ਜਿੱਤਦੀ ਹੈ ਤਾਂ ਬਹੁਤ ਜਲਦ ਜਲੰਧਰ ਵਿਚ ਐਗਰੋ ਇੰਡਸਟਰੀ ਦਾ ਐਲਾਨ ਕੀਤਾ ਜਾਵੇਗਾ, ਜਿਸ ਦਾ ਸਮੂਹ ਕਿਸਾਨਾਂ ਨੂੰ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ- ਮਾਮਲਾ ਰੱਖ-ਰਖਾਅ ਦੇ ਪ੍ਰਬੰਧਾਂ ਦੀ ਘਾਟ ਦਾ : ਵਿਧਾਇਕਾ ਭਰਾਜ ਨੇ ਟੋਲ ਪਲਾਜ਼ਾ ਪੁੱਜ ਅਧਿਕਾਰੀਆਂ ਦੀ ਲਾਈ 'ਕਲਾਸ'

ਮੋਦੀ ਦੀ ਪੰਜਾਬ ਬਾਰੇ ਸੋਚ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਜੁਆਇਨ ਕੀਤੀ

ਜਦੋਂ ਅਟਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਜਾਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਤੇ ਪੰਜਾਬੀਅਤ ਬਾਰੇ ਸੋਚਦੇ ਹਨ ਅਤੇ ਉਨ੍ਹਾਂ ਦਾ ਪੰਜਾਬ ਦੀ ਧਰਤੀ ਨਾਲ ਲਗਾਅ ਹੈ। 12 ਸਾਲ ਤੋਂ ਵੱਧ ਦਾ ਸਮਾਂ ਉਨ੍ਹਾਂ ਪੰਜਾਬ ਵਿਚ ਬਿਤਾਇਆ ਹੈ। ਪੰਜਾਬ ਦੀ ਹਰ ਦੁੱਖ-ਤਕਲੀਫ਼ ਤੇ ਹਰ ਸਮੱਸਿਆ ਬਾਰੇ ਉਨ੍ਹਾਂ ਨੂੰ ਪਤਾ ਹੈ। ਉਨ੍ਹਾਂ ਦੀ ਗੁੱਡ ਗਵਰਨੈਂਸ ਦੀ ਜੋ ਉਦਾਹਰਣ ਹੈ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਭਾਰਤੀ ਜਨਤਾ ਪਾਰਟੀ ਵਿਚ ਜਾਣ ਦਾ ਫ਼ੈਸਲਾ ਕੀਤਾ।

ਸਮਾਜ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਾਂਗਾ

ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਬਾਰੇ ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਰੇ ਕੋਈ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਦੀ ਜੋ ਨਵੀਂ ਪਾਰੀ ਸ਼ੁਰੂ ਹੋ ਰਹੀ ਹੈ, ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਮੈਂ ਪੰਜਾਬ ਤੇ ਆਪਣੇ ਭਾਈਚਾਰੇ ਖ਼ਾਸ ਤੌਰ ’ਤੇ ਅਨਸੁਚਿਤ ਸਮਾਜ ਦੇ ਹਿੱਤ ਵਿਚ ਕੁਝ ਕਰ ਸਕਾਂ। ਮੈਂ ਸਮਝਦਾ ਹਾਂ ਕਿ ਬਾਬਾ ਸਾਹਿਬ ਦਾ ਸਾਡੇ ਉੱਪਰ ਬਹੁਤ ਵੱਡਾ ਕਰਜ਼ ਹੈ ਅਤੇ ਮੈਂ ‘ਪੇਅ ਬੈਕ ਟੂ ਸੁਸਾਇਟੀ’ ਦੀ ਸੋਚ ਨੂੰ ਲੈ ਕੇ ਚੱਲਿਆ ਹਾਂ। ਪਾਰਟੀ ਨੇ ਮੈਨੂੰ ਜਲੰਧਰ ਲੋਕ ਸਭਾ ਹਲਕੇ ਵਿਚ ਸੇਵਾ ਦਾ ਮੌਕਾ ਦਿੱਤਾ ਹੈ। ਉਸ ਦੇ ਲਈ ਮੈਂ ਹਮੇਸ਼ਾ ਤਿਆਰ ਰਹਾਂਗਾ।

ਪੰਜਾਬ ਦੀ ਵਕਾਲਤ ਲਈ ਇਕ ਚੰਗਾ ਵਕੀਲ ਚੁਣ ਕੇ ਭੇਜਿਆ, ਪ੍ਰਾਜੈਕਟ ਜ਼ਰੂਰ ਆਉਣਗੇ

ਜਿਵੇਂ ਕ‌ਿ ਤੁਸੀਂ ਦੱਸਿਆ ਕਿ ਭਾਜਪਾ ਦਾ ਪੰਜਾਬ ਲਈ ਵਿਜ਼ਨ ਬਹੁਤ ਸਪੱਸ਼ਟ ਹੈ। ਕੇਂਦਰ ਵਿਚ 2014 ਤੋਂ ਭਾਜਪਾ ਦੀ ਸਰਕਾਰ ਹੈ। ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ ਸਮੇਤ ਹਰੇਕ ਸੂਬੇ ਨੂੰ ਕੋਈ ਨਾ ਕੋਈ ਵੱਡਾ ਪ੍ਰਾਜੈਕਟ ਮੋਦੀ ਸਰਕਾਰ ਨੇ ਦਿੱਤਾ ਹੈ ਪਰ ਪੰਜਾਬ ਬਾਰੇ ਵਿਜ਼ਨ ਸਪੱਸ਼ਟ ਹੋਣ ਦੇ ਬਾਵਜੂਦ ਪੰਜਾਬ ਦੀ ਅਣਦੇਖੀ ਕਿਉਂ?

ਇਸ ’ਤੇ ਅਟਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੰਮੇ ਸਮੇਂ ਤਕ ਭਾਜਪਾ ਦੀ ਭਾਈਵਾਲ ਰਹੀ ਹੈ। ਪੰਜਾਬ ਵਿਚ ਲੰਮੇ ਸਮੇਂ ਤਕ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਹੈ ਅਤੇ ਉਨ੍ਹਾਂ ਸਮਾਜ ਦੀ ਵੱਡੀ ਸੇਵਾ ਕੀਤੀ ਹੈ ਪਰ ਪੰਜਾਬ ਵਿਚ ਜਿਹੜੇ ਪ੍ਰਾਜੈਕਟ ਸ਼ੁਰੂ ਹੋਏ ਹਨ, ਉਨ੍ਹਾਂ ਵਿਚ ਇਹ ਕਹਿ ਕੇ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਸ ਵਿਚ ਭਾਰਤੀ ਜਨਤਾ ਪਾਰਟੀ ਦਾ ਕੋਈ ਯੋਗਦਾਨ ਨਹੀਂ ਸੀ। ਪੰਜਾਬ ਦੀ ਲੀਡਰਸ਼ਿਪ ਉਸ ਸਮੇਂ ਵੀ ਪੰਜਾਬ ਦੇ ਵਿਕਾਸ ਲਈ ਤਤਪਰ ਰਹਿੰਦੀ ਸੀ ਅਤੇ ਅੱਜ ਵੀ ਤਤਪਰ ਹੈ। ਜਿੱਥੋਂ ਤਕ ਵੱਡੇ ਵਿਕਾਸ ਪ੍ਰਾਜੈਕਟਾਂ ਦੀ ਗੱਲ ਹੈ ਤਾਂ ਇਕ ਚੰਗੇ ਵਕੀਲ ਦੀ ਲੋੜ ਹੈ। ਤੁਸੀਂ ਚੰਗਾ ਵਕੀਲ ਚੁਣ ਕੇ ਭੇਜੋ, ਜੋ ਪੰਜਾਬ ਦੀ ਵਕਾਲਤ ਕਰ ਸਕੇ। ਪੰਜਾਬ ਵਿਚ ਬਹੁਤ ਕੁਝ ਹੋਣ ਵਾਲਾ ਹੈ ਅਤੇ ਸਾਡੀਆਂ ਲੋੜਾਂ ਬਹੁਤ ਜ਼ਿਆਦਾ ਹਨ। ਮੈਂ ਤਾਂ ਕਹਿੰਦਾ ਹਾਂ ਕਿ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ-  ਬਠਿੰਡਾ ਮਿਲਟਰੀ ਸਟੇਸ਼ਨ ’ਚ ਹੋਏ ਚਾਰ ਜਵਾਨਾਂ ਦੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਪੂਰਾ ਸੱਚ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News