11 ਲੱਖ ਦੀ ਲੁੱਟ ਦੇ ਮਾਮਲੇ ''ਚ 1 ਗ੍ਰਿਫਤਾਰ, 4 ਫਰਾਰ

06/24/2017 7:43:30 AM

ਜਲੰਧਰ(ਮਹੇਸ਼, ਵਰਿਆਣਾ)-ਵੀਰਵਾਰ ਨੂੰ ਚੰਡੀਗੜ੍ਹ ਦੀ ਕੈਸ਼ ਕੁਲੈਕਟਿੰਗ ਕੰਪਨੀ (ਰਾਈਟ ਗਾਰਡ) ਦੇ ਇਕ ਕਰਮਚਾਰੀ ਤੋਂ ਨੈਸ਼ਨਲ ਹਾਈਵੇ 'ਤੇ ਪਰਾਗਪੁਰ ਦੇ ਕਰੀਬ ਹੋਈ 11 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪਛਾਣ ਸਾਗਰ ਪੁੱਤਰ ਰੂਪ ਚੰਦ ਨਿਵਾਸੀ ਪਿੰਡ ਨੰਗਲ ਕਰਾਰ ਖਾਂ ਥਾਣਾ ਸਦਰ ਜਲੰਧਰ ਦੇ ਰੂਪ ਵਿਚ ਹੋਈ ਹੈ। ਸਾਗਰ ਤੋਂ ਪੁਲਸ ਨੇ ਵਾਰਦਾਤ ਵਿਚ ਪ੍ਰਯੋਗ ਕੀਤਾ ਗਿਆ ਮੋਟਰਸਾਈਕਲ ਅਤੇ ਕੁਲੈਕਸ਼ਨ ਸੰਬੰਧੀ 11 ਰਸੀਦ ਬੁੱਕਾਂ ਵੀ ਬਰਾਮਦ ਕੀਤੀਆਂ ਹਨ। ਉਕਤ ਜਾਣਕਾਰੀ ਏ. ਸੀ. ਪੀ. ਸੈਂਟਰਲ ਸਤਿੰਦਰ ਕੁਮਾਰ ਚੱਢਾ ਨੇ ਅੱਜ ਪੁਲਸ ਲਾਈਨ ਵਿਚ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਨੇ ਨਾਲ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਦੇ ਮੁਖੀ ਐੱਸ. ਆਈ. ਮੇਜਰ ਸਿੰਘ ਵੀ ਮੌਜੂਦ ਸਨ। ਏ. ਸੀ. ਪੀ. ਚੱਢਾ ਨੇ ਦਸਿਆ ਕਿ ਪੁਲਸ ਨੇ ਆਬਾਦਪੁਰਾ (ਥਾਣਾ ਡਵੀਜ਼ਨ ਨੰ. 4) ਦੇ ਨਿਵਾਸੀ ਕਰਨਦੀਪ ਪੁੱਤਰ ਰਾਜਪਾਲ ਨਾਮਕ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਵੀਰਵਾਰ ਨੂੰ ਉਸ ਤੋਂ ਗੰਨ ਪੁਆਇੰਟ 'ਤੇ 11 ਲੱਖ ਰੁਪਏ ਖੋਹਣ ਵਾਲੇ ਪੰਜ ਲੁਟੇਰਿਆਂ ਖਿਲਾਫ ਥਾਣਾ ਰਾਮਾ ਮੰਡੀ 'ਚ ਆਈ ਪੀ. ਸੀ. ਦੀ ਧਾਰਾ 379 ਬੀ, 341, 148 ਅਤੇ 149 ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਕਰਨਦੀਪ ਨੇ ਪੁਲਸ ਨੂੰ ਬਿਆਨ ਦਿੱਤੇ ਸੀ ਕਿ ਉਹ ਕੈਸ਼ ਇਕੱਠਾ ਕਰਨ ਤੋਂ ਬਾਅਦ ਜੀ. ਟੀ. ਰੋਡ ਤੋਂ ਬਾਈਕ 'ਤੇ ਰਾਮਾ ਮੰਡੀ ਵੱਲ ਆ ਰਿਹਾ ਸੀ ਕਿ ਕੇ. ਐੱਫ. ਸੀ. ਰੈਸਟੋਰੈਂਟ ਪਰਾਗਪੁਰ ਦੇ ਕਰੀਬ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ 'ਤੇ ਸਵਾਰ ਪੰਜ ਨੌਜਵਾਨਾਂ ਨੇ ਉਸ ਤੋਂ ਵੱਖ-ਵੱਖ ਸਥਾਨਾਂ ਤੋਂ ਇਕੱਠੀ ਕੀਤੀ ਗਈ 11 ਲੱਖ ਰੁਪਏ ਦੀ ਰਾਸ਼ੀ ਪਿਸਤੌਲ ਦਿਖਾ ਕੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਖੋਹ ਲਈ ਅਤੇ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਕੀਤੀ ਤਾਂ ਤਿੰਨ ਦੋਸ਼ੀਆਂ ਦੀ ਪਛਾਣ ਹੋ ਗਈ, ਜਿਸ ਵਿਚ ਸਾਗਰ ਨੰਗਲ ਕਰਾਰ ਖਾਂ ਨੂੰ ਮੋਟਰਸਾਈਕਲ ਅਤੇ ਰਸੀਦ ਬੁੱਕਾਂ ਸਹਿਤ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਉਸ ਦੇ ਸਾਥੀ ਸ਼ਿਵਮ ਉਰਫ ਸੋਨੂੰ ਪੁੱਤਰ ਸੋਹਨ ਲਾਲ ਨਿਵਾਸੀ ਬਾਸਾਂਵਾਲੀ ਗਲੀ ਰਾਮਾ ਮੰਡੀ ਅਤੇ ਜਸਬੀਰ ਸਿੰਘ ਉਰਫ ਰਵੀ ਪੁੱਤਰ ਗੁਰਬਚਨ ਸਿੰਘ ਨਿਵਾਸੀ ਈਸਟ ਐਵੀਨਿਊ ਰਾਮਾ ਮੰਡੀ ਤੋਂ ਇਲਾਵਾ ਦੋ ਹੋਰ ਅਣਪਛਾਤੇ ਲੁਟੇਰੇ ਫਰਾਰ ਹਨ, ਜਿਨ੍ਹਾਂ ਦੀ ਤਲਾਸ਼ 'ਚ ਰੇਡ ਕੀਤੀ ਜਾ ਰਹੀ ਹੈ। ਫੜੇ ਗਏ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਅਜੇ ਨਹੀਂ ਮਿਲੀ ਲੁੱਟੀ ਹੋਈ ਰਕਮ
ਥਾਣਾ ਰਾਮਾ ਮੰਡੀ ਦੀ ਪੁਲਸ ਨੇ ਬੇਸ਼ੱਕ ਲੁੱਟ ਦੇ ਇਕ ਦੋਸ਼ੀ ਸਾਗਰ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਉਸ ਤੋਂ ਆਪਣੇ ਚਾਰ ਹੋਰ ਸਾਥੀਆਂ ਸਮੇਤ ਕਰਨਦੀਪ ਤੋਂ ਲੁੱਟੀ 11 ਲੱਖ ਰੁਪਏ ਦੀ ਰਕਮ ਵਿਚੋਂ ਅਜੇ ਤੱਕ ਇਕ ਵੀ ਪੈਸਾ ਪੁਲਸ ਬਰਾਮਦ ਨਹੀਂ ਕਰ ਸਕੀ, ਹਾਲਾਂਕਿ ਪੁਲਸ ਨੇ 24 ਘੰਟਿਆਂ ਵਿਚ ਵਾਰਦਾਤ ਨੂੰ ਹੱਲ ਕਰਨ ਦਾ ਦਾਅਵਾ ਜ਼ਰੂਰ ਕੀਤਾ ਹੈ ਪਰ ਰਸੀਦ ਬੁੱਕਾਂ ਅਤੇ ਇਕ ਮੋਟਰਸਾਈਕਲ ਤੋਂ ਇਲਾਵਾ ਅਜੇ ਤੱਕ ਕੁਝ ਵੀ ਪੁਲਸ ਦੇ ਹੱਥ ਨਹੀਂ ਲੱਗਾ। ਵਾਰਦਾਤ ਵਿਚ ਪ੍ਰਯੋਗ ਕੀਤਾ ਗਿਆ ਇਕ ਹੋਰ ਮੋਟਰਸਾਈਕਲ ਅਤੇ ਪਿਸਤੌਲ ਵੀ ਅਜੇ ਬਰਾਮਦ ਕਰਨਾ ਬਾਕੀ ਹੈ।
ਸ਼ੱਕੀ ਲੱਗ ਰਿਹਾ ਹੈ ਲੁੱਟ ਦਾ ਮਾਮਲਾ
ਸਾਗਰ ਦੀ ਗ੍ਰਿਫਤਾਰੀ ਤੋਂ ਬਾਅਦ ਨੈਸ਼ਨਲ ਹਾਈਵੇ 'ਤੇ ਕਰਨਦੀਪ ਦੇ ਨਾਲ ਹੋਈ ਲੁੱਟ ਦਾ ਮਾਮਲਾ ਸ਼ੱਕੀ ਲੱਗ ਰਿਹਾ ਹੈ, ਜਿਸ ਨੂੰ ਲੈ ਕੇ ਪੁਲਸ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਪੁਲਸ ਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਲੁੱਟ ਦੀ ਵਾਰਦਾਤ 'ਚ ਕਿਧਰੇ ਸ਼ਿਕਾਇਤਕਰਤਾ ਕਰਨਦੀਪ ਦਾ ਖੁਦ ਦਾ ਹੀ ਹੱਥ ਤਾਂ ਨਹੀਂ। ਉਸੇ ਨੇ ਲੁੱਟ ਕਰਨ ਵਾਲੇ ਲੋਕਾਂ ਦੇ ਨਾਲ ਮਿਲ ਕੇ ਇਹ ਯੋਜਨਾ ਬਣਾਈ ਹੋਵੇ। ਪੁਲਸ ਨੇ ਕਰਨਦੀਪ 'ਤੇ ਵੀ ਆਪਣੀ ਨਜ਼ਰ ਰੱਖੀ ਹੋਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਣਪਛਾਤੇ ਦੋਸ਼ੀਆਂ ਦੇ ਨਾਂ ਸਾਹਮਣੇ ਆਉਣ 'ਤੇ ਹੀ ਪੁਲਸ ਪੂਰੀ ਸੱਚਾਈ ਤੱਕ ਪਹੁੰਚ ਸਕੇਗੀ।


Related News