CM ਮਾਨ ਨੇ ਪਾਰਟੀ ਦੀ ਹਾਰ ਦੀ ਕੀਤੀ ਸਮੀਖਿਆ, ਸਾਰੇ ਆਗੂਆਂ ਨੂੰ ਮਜ਼ਬੂਤੀ ਨਾਲ ਕੰਮ ਕਰਨ ਦੇ ਦਿੱਤੇ ਨਿਰਦੇਸ਼
Sunday, Jun 09, 2024 - 08:52 AM (IST)
ਜਲੰਧਰ/ਚੰਡੀਗੜ੍ਹ (ਧਵਨ, ਅੰਕੁਰ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਬਠਿੰਡਾ ਅਤੇ ਫਰੀਦਕੋਟ ਲੋਕ ਸਭਾ ਸੀਟਾਂ ’ਤੇ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ ਦੀ ਸਮੀਖਿਆ ਕਰਨ ਲਈ ਇਨ੍ਹਾਂ ਦੋਵਾਂ ਸੰਸਦੀ ਸੀਟਾਂ ਦੇ ਮੰਤਰੀਆਂ, ਵਿਧਾਇਕਾਂ, ਪਾਰਟੀ ਅਹੁਦੇਦਾਰਾਂ ਅਤੇ ਵਾਲੰਟੀਅਰਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਲੋਕ ਸਭਾ ਸੀਟਾਂ ’ਤੇ ਹੋਈ ਹਾਰ ਨੂੰ ਲੈ ਕੇ ਪਾਰਟੀ ਦੇ ਵਿਧਾਇਕਾਂ, ਚੇਅਰਮੈਨਾਂ ਅਤੇ ਅਹੁਦੇਦਾਰਾਂ ਨੂੰ ਪੁੱਛਿਆ ਕਿ ਆਖਿਰ ਹਾਰ ਦੇ ਕੀ ਕਾਰਨ ਹਨ।
ਵਰਨਣਯੋਗ ਹੈ ਕਿ ਬਠਿੰਡਾ ’ਚ ਕੈਬਨਿਟ ਮੰਤਰੀ ਤੇ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਸੀਟ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਚੋਣ ਜਿੱਤੇ ਸੀ। ਇਸੇ ਤਰ੍ਹਾਂ ਫਰੀਦਕੋਟ ਲੋਕ ਸਭਾ ਸੀਟ ਤੋਂ ਮੁੱਖ ਮੰਤਰੀ ਦੇ ਗਾਇਕ ਮਿੱਤਰ ਚੋਣ ਹਾਰ ਗਏ ਸੀ ਅਤੇ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਖਾਲਸਾ ਚੋਣ ਜਿੱਤ ਗਏ ਸਨ। ਬੈਠਕ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਉਮੀਦਵਾਰਾਂ ਨੂੰ ਪੁੱਛਿਆ ਕਿ ਆਖਿਰ ਉਨ੍ਹਾਂ ਨੂੰ ਘੱਟ ਵੋਟਾਂ ਕਿਉਂ ਮਿਲੀਆਂ ਹਨ। ਹਰੇਕ ਆਗੂ ਨੇ ਆਪਣੇ-ਆਪਣੇ ਜਵਾਬ ਮੁੱਖ ਮੰਤਰੀ ਨੂੰ ਦੱਸੇ।
ਪੜ੍ਹੋ ਇਹ ਅਹਿਮ ਖ਼ਬਰ- ਤੀਜੀ ਵਾਰ ਬਣੇਗੀ NDA ਸਰਕਾਰ, ਨਰਿੰਦਰ ਮੋਦੀ ਅੱਜ ਸ਼ਾਮ PM ਅਹੁਦੇ ਦੀ ਚੁੱਕਣਗੇ ਸਹੁੰ
ਭਗਵੰਤ ਮਾਨ ਨੇ ਬੈਠਕ ਤੋਂ ਬਾਅਦ ਟਵੀਟ ਕਰਦੇ ਹੋਏ ਕਿਹਾ ਕਿ ਬਠਿੰਡਾ ਅਤੇ ਫਰੀਦਕੋਟ ਲੋਕ ਸਭਾ ਸੀਟਾਂ ਦੇ ਸਾਰੇ ਆਗੂਆਂ ਨੂੰ ਹੋਰ ਮਜ਼ਬੂਤੀ ਨਾਲ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਉਹ ਜਨਤਾ ਦੀ ਸੇਵਾ ਦਾ ਕਾਰਜ ਜਾਰੀ ਰੱਖਣ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਨਤਾ ਦੀ ਹੈ ਤੇ ਦੋਵੇਂ ਸੰਸਦੀ ਸੀਟਾਂ ’ਤੇ ਵਿਕਾਸ ਕਾਰਜਾਂ ’ਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਉਹ ਵਿਕਾਸ ਕਾਰਜਾਂ ’ਤੇ ਨਜ਼ਰ ਰੱਖਣਗੇ ਅਤੇ ਜਨਤਾ ਦੀਆਂ ਉਮੀਦਾਂ ਅਨੁਸਾਰ ਕੰਮ ਕਰਵਾਉਣਗੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ’ਚ ਜਨਤਾ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਦੇਵੇਗੀ ਤੇ ਵਿਧਾਨ ਸਭਾ ਚੋਣਾਂ ’ਚ ਜਨਤਾ ਨੂੰ ਦਿੱਤੀਆਂ ਗਈਆਂ ਸਾਰੀਆਂ ਗਾਰੰਟੀਆਂ ਵੀ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਜਨਤਾ ਸਭ ਤੋਂ ਉੱਪਰ ਅਤੇ ਜਨਤਾ ਦਾ ਫਤਵਾ ਉਨ੍ਹਾਂ ਨੂੰ ਸਵੀਕਾਰ ਹੈ ਅਤੇ ਹੁਣ ਪਾਰਟੀ ਅਤੇ ਸਰਕਾਰ ਹੋਰ ਮਜ਼ਬੂਤੀ ਨਾਲ ਜਨਤਾ ਦੀ ਸੇਵਾ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।