30 ਜੂਨ ਤੱਕ ਮੁਆਵਜ਼ਾ ਰਾਸ਼ੀ ਪ੍ਰਾਪਤ ਕਰ ਸਕਦੇ ਨੇ ਕਿਸਾਨ : ਡੀ. ਸੀ.

06/27/2020 8:18:20 AM

ਰੂਪਨਗਰ (ਵਿਜੇ ਸ਼ਰਮਾ)— ਪ੍ਰਬੰਧਕੀ ਕੰਪਲੈਕਸ ਵਿਖੇ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ ਵੱਲੋਂ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਦੀ ਮੰਗ ਸਬੰਧੀ ਵੰਡ ਕਰਨ ਲਈ ਰਿਵਿਊ ਕਰਨ ਲਈ ਮੀਟਿੰਗ ਰੱਖੀ ਗਈ। ਮੀਟਿੰਗ ਦੌਰਾਨ ਉੱਪ ਮੰਡਲ ਮੈਜਿਸਟ੍ਰੇਟਸ ਵੱਲੋਂ ਦੱਸਿਆ ਗਿਆ ਕਿ ਕੁਝ ਕਿਸਾਨਾਂ ਦੇ ਮੁਆਵਜ਼ੇ ਦੀ ਰਕਮ ਬਹੁਤ ਘੱਟ ਹੋਣ ਕਾਰਨ ਕਿਸਾਨ ਮੁਆਵਜ਼ਾ ਲੈਣ ਲਈ ਆਪਣੇ ਖਾਤਿਆਂ ਦੇ ਨੰਬਰ ਐੱਸ. ਡੀ. ਐੱਮ. ਦਫ਼ਤਰਾਂ 'ਚ ਮੁਹੱਈਆ ਨਹੀਂ ਕਰਵਾ ਰਹੇ, ਜਿਸ ਕਰਕੇ ਸਰਕਾਰ ਵੱਲੋਂ ਪ੍ਰਾਪਤ ਹੋਈ ਮੁਆਵਜ਼ਾ ਰਾਸ਼ੀ ਮੁਕੰਮਲ ਤੌਰ 'ਤੇ ਵੰਡੀ ਨਹੀ ਗਈ। ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਰਾਸ਼ੀ ਜਲਦੀ ਤੋਂ ਜਲਦੀ ਪ੍ਰਭਾਵਿਤ ਕਿਸਾਨਾਂ ਨੂੰ ਦਿੱਤੇ ਜਾਣ ਸਬੰਧੀ ਹਦਾਇਤਾਂ ਪ੍ਰਾਪਤ ਹੋ ਰਹੀਆਂ ਹਨ।

ਉੱਪ ਮੰਡਲ ਮੈਜਿਸਟ੍ਰੇਟਸ ਵੱਲੋਂ ਇਹ ਵੀ ਧਿਆਨ 'ਚ ਲਿਆਂਦਾ ਗਿਆ ਕਿ ਕੁਝ ਕਿਸਾਨ ਪਿੰਡ 'ਚ ਰਿਹਾਇਸ਼ ਨਹੀਂ ਰੱਖਦੇ, ਜਿਸ ਕਰਕੇ ਵੀ ਮੁਆਵਜ਼ਾ ਰਾਸ਼ੀ ਵੰਡਣ 'ਚ ਮੁਸ਼ਕਿਲ ਪੇਸ਼ ਆ ਰਹੀ ਹੈ। ਡਿਪਟੀ ਕਮਿਸ਼ਨਰ, ਰੂਪਨਗਰ ਨੇ ਪ੍ਰਭਾਵਿਤ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 30 ਜੂਨ ਤੋਂ ਪਹਿਲਾਂ-ਪਹਿਲਾਂ ਮੁਆਵਜ਼ਾ ਰਾਸ਼ੀ ਪ੍ਰਾਪਤ ਕਰਨ ਲਈ ਐੱਸ. ਡੀ. ਐੱਮ. ਦਫ਼ਤਰਾਂ 'ਚ ਜਾ ਕੇ ਆਪਣੇ ਖਾਤੇ ਮੁਹੱਈਆ ਕਰਵਾਉਣ ਤਾਂ ਜੋ ਬਕਾਇਆ ਮੁਆਵਜ਼ਾ ਰਾਸ਼ੀ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾਂ ਕਰਵਾਈ ਜਾ ਸਕੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਸਮੂਹ ਉੱਪ ਮੰਡਲ ਮੈਜਿਸਟ੍ਰੇਟਸ ਨੂੰ ਹਦਾਇਤ ਕੀਤੀ ਖਾਤਾ ਪ੍ਰਾਪਤ ਹੋਣ ਉਪਰੰਤ ਮੁਆਵਜ਼ਾ ਰਾਸ਼ੀ ਦੂਜੇ ਦਿਨ ਹਰ ਹਾਲਤ 'ਚ ਖਾਤਿਆਂ 'ਚ ਜਮ੍ਹਾਂ ਕਰਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੇ ਕਿਸਾਨਾਂ ਵੱਲੋਂ 30 ਜੂਨ ਤੱਕ ਐੱਸ. ਡੀ. ਐੱਮ. ਦਫ਼ਤਰਾਂ 'ਚ ਆਪਣੇ ਖਾਤਾ ਨੰਬਰ ਨਹੀਂ ਦਿੱਤੇ ਗਏ ਉਨ੍ਹਾਂ ਦੀ ਮੁਆਵਜ਼ਾ ਰਾਸ਼ੀ ਸਰਕਾਰ ਨੂੰ ਵਾਪਸ ਭੇਜ ਦਿੱਤੀ ਜਾਵੇ ਅਤੇ ਬਾਅਦ 'ਚ ਉਹ ਮੁਆਵਜ਼ਾ ਰਾਸ਼ੀ ਕਲੇਮ ਕਰਨ ਦੇ ਹੱਕਦਾਰ ਨਹੀਂ ਹੋਣਗੇ।


shivani attri

Content Editor

Related News