ਜਾਅਲੀ NOC ਬਣਾਉਣ ਵਾਲੇ ਰੈਕੇਟ ’ਚ ਸ਼ਾਮਲ ਹੈ ਨਿਗਮ ਦਾ ਇਕ ਛੋਟੇ ਕੱਦ ਵਾਲਾ ਕਲਰਕ ਤੇ ਇਕ ਡਿਪਲੋਮਾ ਹੋਲਡਰ ਆਰਕੀਟੈਕਟ
Saturday, Aug 10, 2024 - 11:24 AM (IST)
ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਅਤੇ ਤਹਿਸੀਲ ਕੰਪਲੈਕਸ ਵਿਚ ਪਿਛਲੇ ਕਈ ਸਾਲਾਂ ਤੋਂ ਜਾਅਲੀ ਐੱਨ. ਓ. ਸੀ. ਦੇ ਕਈ ਮਾਮਲੇ ਫੜੇ ਜਾ ਚੁੱਕੇ ਹਨ, ਜਿਸ ਕਾਰਨ ਪ੍ਰਸ਼ਾਸਨਿਕ ਅਧਿਕਾਰੀ ਕਾਫ਼ੀ ਚੌਕਸ ਰਹਿੰਦੇ ਹਨ ਪਰ ਫਿਰ ਵੀ ਇਹ ਗੋਰਖਧੰਦਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨੇ ਹਾਲ ਹੀ ਵਿਚ ਜਿੱਥੇ ਅੱਧੀ ਦਰਜਨ ਦੇ ਲਗਭਗ ਜਾਅਲੀ ਐੱਨ. ਓ. ਸੀ. ਦੇ ਮਾਮਲੇ ਫੜੇ ਹਨ, ਉਥੇ ਹੀ ਜਲੰਧਰ ਦੇ ਤਹਿਸੀਲ ਕੰਪਲੈਕਸ ਵਿਚ ਵੀ ਜਾਅਲੀ ਐੱਨ. ਓ. ਸੀ. ਦਾ ਮਾਮਲਾ ਕਾਫ਼ੀ ਚਰਚਾ ਵਿਚ ਹੈ। ‘ਜਗ ਬਾਣੀ’ਨੇ ਇਸ ਮਾਮਲੇ ਵਿਚ ਪਿਛਲੇ ਕੁਝ ਦਿਨਾਂ ਤੋਂ ਜੋ ਤਹਿਕੀਕਾਤ ਸ਼ੁਰੂ ਕੀਤੀ ਹੋਈ ਹੈ, ਉਸ ਵਿਚ ਕਾਫ਼ੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ। ਪਤਾ ਲੱਗਾ ਹੈ ਕਿ ਜਾਅਲੀ ਐੱਨ. ਓ. ਸੀ. ਬਣਾਉਣ ਵਾਲੇ ਰੈਕੇਟ ਵਿਚ ਜਲੰਧਰ ਨਗਰ ਨਿਗਮ ਦਾ ਇਕ ਛੋਟੇ ਕੱਦ ਦਾ ਕਲਰਕ ਵੀ ਸ਼ਾਮਲ ਹੈ। ਘੱਟ ਉਮਰ ਦੇ ਇਸ ਕਲਰਕ ਦੀ ਪਹੁੰਚ ਬਿਲਡਿੰਗ ਵਿਭਾਗ ਦੀਆਂ ਲੱਗਭਗ ਸਾਰੀਆਂ ਫਾਈਲਾਂ ਤਕ ਹੈ ਅਤੇ ਉਸਦਾ ਰੈਗੂਲਰ ਸੰਪਰਕ ਵੀ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਰਹਿੰਦਾ ਹੈ।
ਇਹ ਵੀ ਪੜ੍ਹੋ-ਵੱਡਾ ਖ਼ੁਲਾਸਾ: ਸਰਹੱਦ ਪਾਰੋਂ ਹੁਣ ਹਲਕੇ ਡਰੋਨ ਆਉਣ ਲੱਗੇ, ਫੜਨ ਲਈ BSF ਨੇ ਅਪਣਾਈ ਨਵੀਂ ਰਣਨੀਤੀ
ਪਹਿਲਾਂ-ਪਹਿਲ ਇਸ ਕਲਰਕ ’ਤੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਪਲਾਟਾਂ ਦੀ ਕਲਾਸੀਫਿਕੇਸ਼ਨ ਬਣਾਉਣ ਵਿਚ ਜਿਹੜਾ ਫਰਜ਼ੀਵਾੜਾ ਹੁੰਦਾ ਹੈ, ਉਸ ਵਿਚ ਉਸ ਦਾ ਹੱਥ ਹੁੰਦਾ ਹੈ ਪਰ ਹੁਣ ਜਾਅਲੀ ਐੱਨ. ਓ. ਸੀ. ਦੇ ਮਾਮਲੇ ਵਿਚ ਵੀ ਇਸ ਕਲਰਕ ਦਾ ਨਾਂ ਹੀ ਸਾਹਮਣੇ ਆ ਰਿਹਾ ਹੈ। ਮੰਗ ਉੱਠ ਰਹੀ ਹੈ ਕਿ ਜੇਕਰ ਨਿਗਮ ਪ੍ਰਸ਼ਾਸਨ ਜਾਅਲੀ ਐੱਨ. ਓ. ਸੀ. ਘਪਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪਦਾ ਹੈ ਤਾਂ ਸੱਚਾਈ ਸਾਹਮਣੇ ਆ ਸਕਦੀ ਹੈ। ਜਾਅਲੀ ਐੱਨ. ਓ. ਸੀ. ਦੇ ਮਾਮਲੇ ਵਿਚ ਦੂਜਾ ਨਾਂ ਸਾਹਮਣੇ ਆ ਰਿਹਾ ਹੈ, ਉਹ ਕਪੂਰਥਲਾ/ਫਗਵਾੜਾ ਇਲਾਕੇ ਦੇ ਇਕ ਡਿਪਲੋਮਾ ਹੋਲਡਰ ਆਰਕੀਟੈਕਟ ਦਾ ਹੈ, ਜਿਸ ਨੂੰ ਅਕਸਰ ਨਿਗਮ ਕੰਪਲੈਕਸ ਵਿਚ ਵੇਖਿਆ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਜਾਅਲੀ ਐੱਨ. ਓ. ਸੀ. ਦੇ ਜੋ ਮਾਮਲੇ ਸਾਹਮਣੇ ਆਏ ਹਨ, ਉਸ ਵਿਚ ਕਿਊ. ਆਰ. ਕੋਡ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਇਹ ਕੰਮ ਕਿਸੇ ਨਾ ਕਿਸੇ ਟੈਕਨੀਕਲ ਵਿਅਕਤੀ ਦਾ ਹੈ।
ਇਹ ਵੀ ਪਤਾ ਲੱਗ ਰਿਹਾ ਹੈ ਕਿ ਇਸੇ ਆਰਕੀਟੈਕਟ ਨੇ ਕੁਝ ਜਾਅਲੀ ਐੱਨ. ਓ. ਸੀਜ਼ ਨਾਲ ਸਬੰਧਤ ਫਾਈਲਾਂ ਵੀ ਈ-ਨਕਸ਼ਾ ਪੋਰਟਲ ਵਿਚ ਅਪਲੋਡ ਕੀਤੀਆਂ ਹੋਈਆਂ ਹਨ। ਜਿਸ ਤਰ੍ਹਾਂ ਇਸ ਫਰਜ਼ੀਵਾੜੇ ਵਿਚ 2 ਲੋਕਾਂ ਦੇ ਨਾਂ ਸਾਹਮਣੇ ਆ ਰਹੇ ਹਨ, ਉਸ ਕਾਰਨ ਵਿਜੀਲੈਂਸ ਤੋਂ ਇਸ ਸਾਰੇ ਮਾਮਲੇ ਦੀ ਤਫਤੀਸ਼ ਕਾਫੀ ਜ਼ਰੂਰੀ ਹੈ ਤਾਂ ਕਿ ਸੱਚਾਈ ਸਾਹਮਣੇ ਆ ਸਕੇ।
ਤਹਿਸੀਲ ਵਿਚ ਵੀ ਐਕਟਿਵ ਹੈ ਜਲਦੀ ਐੱਨ. ਓ. ਸੀ. ਗੈਂਗ, ਐੱਸ. ਡੀ. ਐੱਮ. ਨੇ ਸਬ-ਰਜਿਸਟਰਾਰ ਤੋਂ ਮੰਗੀ ਰਿਪੋਰਟ
ਜਾਅਲੀ ਐੱਨ. ਸੀ. ਓ. ਦਾ ਮਾਮਲਾ ਸਿਰਫ ਜਲੰਧਰ ਨਗਰ ਨਿਗਮ ਵਿਚ ਹੀ ਨਹੀਂ ਹੈ, ਸਗੋਂ ਜਲੰਧਰ ਦੀਆਂ ਰੈਵੇਨਿਊ ਤਹਿਸੀਲਾਂ ਵਿਚ ਵੀ ਇਨ੍ਹੀਂ ਦਿਨੀਂ ਜਾਅਲੀ ਐੱਨ. ਓ. ਸੀ. ਦੇ ਕਈ ਮਾਮਲੇ ਫੜੇ ਜਾ ਰਹੇ ਹਨ। ਟਰਾਂਸਪੋਰਟ ਨਗਰ ਦੇ ਨਾਲ ਲੱਗਦੇ ਬੁਲੰਦਪੁਰ ਇਲਾਕੇ ਵਿਚ ਪਿਛਲੇ ਸਮੇਂ ਦੌਰਾਨ ਰੈਵੇਨਿਊ ਵਿਭਾਗ ਨਾਲ ਹੀ ਸਬੰਧਤ ਇਕ ਸ਼ਖ਼ਸ ਨੇ ਨਾਜਾਇਜ਼ ਕਾਲੋਨੀ ਕੱਟੀ ਸੀ, ਜਿੱਥੇ 2-2, 3-3 ਮਰਲੇ ਦੇ ਪਲਾਟਾਂ ਦੀ ਰਜਿਸਟਰੀ ਕੀਤੀ ਗਈ। ਪਤਾ ਲੱਗਾ ਹੈ ਕਿ ਵਧੇਰੇ ਰਜਿਸਟਰੀਆਂ ਨਾਲ ਜਾਅਲੀ ਐੱਨ. ਓ. ਸੀ. ਲਾਈ ਗਈ ਹੈ, ਜਿਸ ਬਾਰੇ ਇਕ ਆਰ. ਟੀ. ਆਈ. ਐਕਟੀਵਿਸਟ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਤਕ ਕੀਤੀ ਸੀ। ਉਸ ਸ਼ਿਕਾਇਤ ਦੇ ਆਧਾਰ ’ਤੇ ਐੱਸ. ਡੀ. ਐੱਮ.-2 ਨੇ ਸਬ-ਰਜਿਸਟਰਾਰ ਜਲੰਧਰ-2 ਨੂੰ ਚਿੱਠੀ ਲਿਖ ਕੇ 11 ਜੁਲਾਈ ਤਕ ਰਿਪੋਰਟ ਮੰਗੀ ਸੀ ਪਰ ਅਜੇ ਤਕ ਸਬ-ਰਜਿਸਟਰਾਰ ਨੇ ਐੱਸ. ਡੀ. ਐੱਮ. ਨੂੰ ਉਹ ਰਿਪੋਰਟ ਨਹੀਂ ਭੇਜੀ।
ਬੀਤੇ ਦਿਨੀਂ ਐੱਸ. ਡੀ. ਐੱਮ. ਦਫ਼ਤਰ ਨੇ ਦੋਬਾਰਾ ਸਬ-ਰਜਿਸਟਰਾਰ ਨੂੰ ਚਿੱਠੀ ਲਿਖ ਕੇ 48 ਘੰਟਿਆਂ ਵਿਚ ਰਿਪੋਰਟ ਤਲਬ ਕੀਤੀ ਹੈ। ਤਹਿਸੀਲ ਕੰਪਲੈਕਸ ਵਿਚ ਚਰਚਾ ਹੈ ਕਿ ਜੇਕਰ ਸਬ-ਰਜਿਸਟਰਾਰ ਵੱਲੋਂ ਜਾਅਲੀ ਐੱਨ. ਓ. ਸੀ. ਨਾਲ ਸਬੰਧਤ ਰਿਪੋਰਟ ਦਿੱਤੀ ਜਾਂਦੀ ਹੈ ਤਾਂ ਪ੍ਰਸ਼ਾਸਨਿਕ ਅਧਿਕਾਰੀ ਇਸ ਮਾਮਲੇ ਵਿਚ ਵੀ ਪੁਲਸ ਕੋਲ ਐੱਫ਼. ਆਈ. ਆਰ. ਦੀ ਸਿਫ਼ਾਰਿਸ਼ ਕਰਨਗੇ। ਇਸ ਤੋਂ ਬਾਅਦ ਤਹਿਸੀਲ ਕੰਪਲੈਕਸ ਦੇ ਇਕ ਵਸੀਕਾ ਨਵੀਸ ’ਤੇ ਵੀ ਗਾਜ ਡਿੱਗ ਸਕਦੀ ਹੈ।
ਇਹ ਵੀ ਪੜ੍ਹੋ- ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਟਰੈਫਿਕ ਪ੍ਰਬੰਧਾਂ ਨੂੰ ਲੈ ਕੇ ਪੁਲਸ ਨੇ ਚੁੱਕਿਆ ਵੱਡਾ ਕਦਮ
ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ‘ਆਪ’ ਲੀਡਰਸ਼ਿਪ
ਨਗਰ ਨਿਗਮ ਜਲੰਧਰ ਅਤੇ ਤਹਿਸੀਲ ਕੰਪਲੈਕਸ ਵਿਚ ਜਿਸ ਤਰ੍ਹਾਂ ਜਾਅਲੀ ਐੱਨ. ਓ. ਸੀ. ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕਈ ਲੋਕਾਂ ਦੀ ਸ਼ਮੂਲੀਅਤ ਵੀ ਪਾਈ ਜਾ ਰਹੀ ਹੈ, ਉਸ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਈ ਪ੍ਰਤੀਨਿਧੀ ਕਾਫੀ ਫਿਕਰਮੰਦ ਦਿਖਾਈ ਦੇ ਰਹੇ ਹਨ ਕਿਉਂਕਿ ਹੁਣ ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ ਖੁੱਲ੍ਹੇਆਮ ਹੁੰਦਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਜਾਅਲੀ ਐੱਨ. ਓ. ਸੀ. ਸਕੈਮ ਨੂੰ ‘ਆਪ’ਲੀਡਰਸ਼ਿਪ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਅਤੇ ਨਿਗਮ ਕਮਿਸ਼ਨਰ ਨਾਲ ਮੀਟਿੰਗ ਵੀ ਕੀਤੀ ਜਾ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਜਲਦ ਇਹ ਸਾਰਾ ਘਪਲਾ ਪੁਲਸ ਕਮਿਸ਼ਨਰ ਦੇ ਹਵਾਲੇ ਕਰ ਦਿੱਤਾ ਜਾਵੇਗਾ ਜਾਂ ਇਸਦੀ ਵਿਜੀਲੈਂਸ ਤੋਂ ਜਾਂਚ ਵੀ ਕਰਵਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਇਸ ਇਲਾਕੇ 'ਚ ਬਣੇ ਸੋਕੇ ਵਰਗੇ ਹਾਲਾਤ, 15 ਫੁੱਟ ਹੇਠਾਂ ਡਿੱਗਿਆ ਪਾਣੀ ਦਾ ਪੱਧਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ