ਚੋਰੀ ਅਤੇ ਲੁੱਟ ਦੇ ਮੋਬਾਇਲ ਖ਼ਰੀਦਣ ਵਾਲੇ ਦੁਕਾਨਦਾਰ ਸਮੇਤ 7 ਲੁਟੇਰੇ ਗ੍ਰਿਫ਼ਤਾਰ

04/08/2023 12:45:10 PM

ਜਲੰਧਰ (ਰਮਨ)–ਚੋਰੀ ਅਤੇ ਲੁੱਟ ਦੇ ਮੋਬਾਇਲ ਫੋਨ ਖ਼ਰੀਦ ਕੇ ਉਨ੍ਹਾਂ ਦੇ ਪੁਰਜ਼ੇ ਬਦਲ ਕੇ ਗਾਹਕਾਂ ਨੂੰ ਮਹਿੰਗੇ ਭਾਅ ਵੇਚਣ ਵਾਲੇ ਦੁਕਾਨਦਾਰਾਂ ਸਮੇਤ 7 ਲੁਟੇਰਿਆਂ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀ ਅਤੇ ਲੁੱਟ ਦੇ 18 ਮਹਿੰਗੇ ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਿਸ਼ਾਂਤ ਉਰਫ਼ ਰਘੂ ਪੁੱਤਰ ਯੋਗੇਸ਼ ਨਿਵਾਸੀ ਹਰਗੋਬਿੰਦ ਨਗਰ ਜਲੰਧਰ, ਪ੍ਰਿੰਸ ਅਰੋੜਾ ਪੁੱਤਰ ਨਰਿੰਦਰ ਕੁਮਾਰ ਨਿਵਾਸੀ ਹਰਨਾਮਦਾਸਪੁਰਾ ਜਲੰਧਰ, ਕਸ਼ਿਸ਼ ਵੈਦ ਪੁੱਤਰ ਯੋਗੇਸ਼ ਵੈਦ ਨਿਵਾਸੀ ਕੋਟ ਕਿਸ਼ਨ ਚੰਦ ਜਲੰਧਰ, ਨਿਤਿਨ ਕਪੂਰ ਉਰਫ਼ ਨੰਨੂ ਪੁੱਤਰ ਰਿਸ਼ੀ ਕਪੂਰ ਨਿਵਾਸੀ ਅਮਨ ਨਗਰ ਜਲੰਧਰ, ਨੀਰਜ ਕੁਮਾਰ ਪੁੱਤਰ ਵਰਿੰਦਰ ਕੁਮਾਰ ਨਿਵਾਸੀ ਹਰਦਿਆਲ ਨਗਰ ਜਲੰਧਰ, ਸਹਿਜ ਅਰੋੜਾ ਪੁੱਤਰ ਰਾਕੇਸ਼ ਕੁਮਾਰ ਨਿਵਾਸੀ ਗੋਵਿੰਦ ਨਗਰ ਗੁੱਜਾਪੀਰ ਰੋਡ ਜਲੰਧਰ, ਪੁਨੀਤ ਉਰਫ਼ ਬਾਵਾ ਪੁੱਤਰ ਰਾਜ ਕੁਮਾਰ ਗੁਪਤਾ ਕਾਲੋਨੀ ਕਪੂਰਥਲਾ ਰੋਡ ਜਲੰਧਰ ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਧਾਰਾ 379-ਬੀ, 414 ਅਤੇ 120-ਬੀ ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਰਾਮਾ ਮੰਡੀ ਦੇ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਉਕਤ ਗਿਰੋਹ ਦਾ ਇਕ ਮੈਂਬਰ ਜਿਹੜਾ ਲੰਮਾ ਪਿੰਡ ਚੌਂਕ ਨੇੜੇ ਮੌਜੂਦ ਹੈ, ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਲਾਕੇ ਵਿਚ ਘੁੰਮ ਰਿਹਾ ਹੈ, ਜਿਸ ਕੋਲ ਲੁੱਟ ਦਾ ਮੋਬਾਇਲ ਵੀ ਹੈ। ਪੁਲਸ ਨੇ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕਰ ਕੇ ਉਕਤ ਲੁਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਉਸ ਨੇ ਖ਼ੁਲਾਸਾ ਕੀਤਾ ਕਿ ਉਕਤ ਦੁਕਾਨਦਾਰ ਨੂੰ ਲੁੱਟ ਅਤੇ ਚੋਰੀ ਦੇ ਮੋਬਾਇਲ ਫੋਨ ਵੇਚਦਾ ਹੈ ਅਤੇ ਉਨ੍ਹਾਂ ਦੀ ਸ਼ਹਿ ’ਤੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਪੁਲਸ ਨੇ ਟਰੈਪ ਲਾ ਕੇ ਉਕਤ ਮੋਬਾਇਲ ਵਿਕ੍ਰੇਤਾ ਸਮੇਤ 7 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਨ੍ਹਾਂ ਦੇ ਕਬਜ਼ੇ ਵਿਚੋਂ 9 ਮਹਿੰਗੇ ਆਈਫੋਨ ਅਤੇ 9 ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਫੋਨ ਤੇ ਮਾਰਕੇ ਬਰਾਮਦ ਹੋਏ ਹਨ। ਉਕਤ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਹ ਲੁੱਟ ਅਤੇ ਚੋਰੀ ਦੇ ਮਹਿੰਗੇ ਐਪਲ ਮੋਬਾਇਲ ਫੋਨ ਸਸਤੇ ਭਾਅ ਦੁਕਾਨਦਾਰਾਂ ਨੂੰ ਵੇਚ ਦਿੰਦੇ ਸਨ। ਮੋਬਾਇਲ ਵਿਕ੍ਰੇਤਾ ਇਨ੍ਹਾਂ ਕੋਲੋਂ ਮੋਬਾਇਲ ਖ਼ਰੀਦ ਕੇ ਉਨ੍ਹਾਂ ਦੇ ਪੁਰਜ਼ੇ ਬਦਲ ਕੇ ਮਹਿੰਗੇ ਭਾਅ ਵੇਚ ਦਿੰਦੇ ਸਨ ਅਤੇ ਲੱਖਾਂ ਰੁਪਏ ਕਮਾ ਕੇ ਲੋਕਾਂ ਨਾਲ ਠੱਗੀ ਕਰਦੇ ਸਨ।

ਇਹ ਵੀ ਪੜ੍ਹੋ :  ਜਲੰਧਰ: ਕਾਂਗਰਸੀ ਆਗੂ ਮੁਲਤਾਨੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸਾਹਮਣੇ ਆਈ ਇਹ ਗੱਲ

ਥਾਣਾ ਰਾਮਾ ਮੰਡੀ ਦੇ ਇੰਚਾਰਜ ਨਵਦੀਪ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਦੁਕਾਨਦਾਰ ਨਿਸ਼ਾਂਤ ਉਰਫ਼ ਰਘੂ ਖ਼ਿਲਾਫ਼ 3 ਮਹੀਨੇ ਪਹਿਲਾਂ ਵੀ ਥਾਣਾ ਰਾਮਾ ਮੰਡੀ ਵਿਚ ਮੁਕੱਦਮਾ ਦਰਜ ਹੋਇਆ ਸੀ। ਪੁਲਸ ਨੇ ਦੱਸਿਆ ਕਿ ਬਾਕੀ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਮੁਕੱਦਮਿਆਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਨ ਨਗਰ ਦੇ ਮੋਬਾਇਲ ਵਿਕ੍ਰੇਤਾ ਤੋਂ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਹੋਰ ਖ਼ੁਲਾਸੇ ਹੋ ਸਕਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ’ਤੇ ਕਿਸੇ ਤਰ੍ਹਾਂ ਦਾ ਸਿਆਸੀ ਦਬਾਅ ਨਹੀਂ ਹੈ ਅਤੇ ਉਹ ਕਿਸੇ ਵੀ ਨਾਜਾਇਜ਼ ਕੰਮ ਕਰਨ ਵਾਲੇ ਵਿਅਕਤੀ ਨੂੰ ਬਖਸ਼ਣਗੇ ਨਹੀਂ। 2 ਨੰਬਰ ਦਾ ਧੰਦਾ ਕਰਨ ਵਾਲੇ ਲੋਕਾਂ ਨਾਲ ਠੱਗੀ ਮਾਰਨ ਵਾਲਿਆਂ ਦਾ ਸਾਥ ਦੇਣ ਵਾਲੇ ਵਿਅਕਤੀ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ: ਕਾਂਗਰਸੀ ਆਗੂ ਮੁਲਤਾਨੀ ਦੇ ਪੁੱਤਰ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸਾਹਮਣੇ ਆਈ ਇਹ ਗੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News