ਕਾਂਗਰਸ ਨੇ 4 ਮੌਜੂਦਾ ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ, ਜੇਲ੍ਹ ’ਚ ਬੰਦ ਖਹਿਰਾ ਨੂੰ ਐਲਾਨਿਆ ਉਮੀਦਵਾਰ

Saturday, Jan 15, 2022 - 10:04 PM (IST)

ਜਲੰਧਰ (ਵੈੱਬ ਡੈਸਕ)-ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਵੱਲੋਂ ਅੱਜ 86 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਕਾਂਗਰਸ ਪਾਰਟੀ ਵੱਲੋਂ ਜਾਰੀ ਲਿਸਟ ਅਨੁਸਾਰ 4 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਹਨ। ਉਨ੍ਹਾਂ ਦੀ ਥਾਂ ਇਸ ਵਾਰ ਹੋਰ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਪਾਰਟੀ ਨੇ ਆਪਣੇ ਮੌਜੂਦਾ ਵਿਧਾਇਕਾਂ ਦੀ ਜਗ੍ਹਾ ਨਵੇਂ ਚਿਹਰਿਆਂ ’ਤੇ ਦਾਅ ਖੇਡਣਾ ਬਿਹਤਰ ਸਮਝਿਆ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਜੇਲ੍ਹ ’ਚ ਬੰਦ ਸੁਖਪਾਲ ਸਿੰਘ ਖਹਿਰਾ ਨੂੰ ਭੁਲੱਥ ਤੋਂ ਟਿਕਟ ਦਿੱਤੀ ਹੈ।

ਇਹ ਵੀ ਪੜ੍ਹੋ : ਨਹੀਂ ਮਿਲੀ ਰਾਣਾ ਗੁਰਜੀਤ ਦੇ ਪੁੱਤਰ ਨੂੰ ਟਿਕਟ, ਸੁਲਤਾਨਪੁਰ ਲੋਧੀ ਤੋਂ ਨਵਤੇਜ ਚੀਮਾ ਲੜਨਗੇ ਚੋਣ

ਕਾਂਗਰਸ ਪਾਰਟੀ ਨੇ ਮੋਗਾ ਤੋਂ 2017 ’ਚ ਜੇਤੂ ਰਹੇ ਵਿਧਾਇਕ ਹਰਜੋਤ ਕਮਲ ਦੀ ਥਾਂ ਅਦਾਕਾਰ ਤੇ ਸਮਾਜ ਸੇਵੀ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਇਸ ਤੋਂ ਖਫ਼ਾ ਹੋ ਕੇ ਕਾਂਗਰਸੀ ਵਿਧਾਇਕ ਹਰਜੋਤ ਕਮਲ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾਂ ਮਲੋਟ ਤੋਂ ਮੌਜੂਦਾ ਵਿਧਾਇਕ ਤੇ ਪੰਜਾਬ ਵਿਧਾਨ ਸਭਾ ’ਚ ਡਿਪਟੀ ਸਪੀਕਰ ਰਹੇ ਅਜਾਇਬ ਸਿੰਘ ਭੱਟੀ ਦੀ ਥਾਂ ’ਤੇ ਆਮ ਆਦਮੀ ਪਾਰਟੀ ’ਚੋਂ ਕਾਂਗਰਸ ’ਚ ਸ਼ਾਮਲ ਹੋਏ ਰੂਪਿੰਦਰ ਕੌਰ ਰੂਬੀ ਨੂੰ ਟਿਕਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਰੂਪਿੰਦਰ ਕੌਰ ਨੇ 2017 ’ਚ ‘ਆਪ’ ਦੀ ਟਿਕਟ ’ਤੇ ਬਠਿੰਡਾ ਦਿਹਾਤੀ ਤੋਂ ਚੋਣ ਜਿੱਤੀ ਸੀ ਤੇ ਵਿਧਾਇਕ ਬਣੇ ਸਨ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦੇ ਮੱਦੇਨਜ਼ਰ GNDU ਨੇ ਲਿਆ ਫ਼ੈਸਲਾ, ਆਨਲਾਈਨ ਹੋਣਗੀਆਂ ਸਾਰੀਆਂ ਪ੍ਰੀਖਿਆਵਾਂ

ਸ੍ਰੀ ਹਰਗੋਬਿੰਦਪੁਰ ਵਿਧਾਨ ਸਭਾ ਸੀਟ ’ਤੇ ਬਲਵਿੰਦਰ ਸਿੰਘ ਲਾਡੀ ਦੀ ਥਾਂ ਮਨਦੀਪ ਸਿੰਘ ਰੰਗੜ ਨੰਗਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬਲਵਿੰਦਰ ਲਾਡੀ ਕੁਝ ਦਿਨ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਸਨ ਪਰ 6 ਦਿਨਾਂ ਬਾਅਦ ਹੀ ਉਨ੍ਹਾਂ ਨੇ ਕਾਂਗਰਸ ’ਚ ਵਾਪਸੀ ਕਰ ਲਈ ਸੀ। ਕਾਂਗਰਸ ਪਾਰਟੀ ਨੇ ਬੱਲੂਆਣਾ ਤੋਂ ਵਿਧਾਇਕ ਨੱਥੂਰਾਮ ਨੂੰ ਟਿਕਟ ਨਹੀਂ ਦਿੱਤੀ ਹੈ। ਉਨ੍ਹਾਂ ਦੀ ਥਾਂ ਰਾਜਿੰਦਰ ਕੌਰ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਦੱਸ ਦੇਈਏ ਕਿ ਕਾਂਗਰਸ ਨੇ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਚੋਣ ਮੈਦਾਨ ਉਤਾਰਿਆ ਹੈ, ਜੋ ਕਿ ਨਵੰਬਰ ਮਹੀਨੇ ਤੋਂ ਮਨੀਲਾਂਡਰਿੰਗ ਦੇ ਦੋਸ਼ ’ਚ ਜੇਲ੍ਹ ’ਚ ਬੰਦ ਹਨ। ਖਹਿਰਾ ਨੇ ਜ਼ਮਾਨਤ ਲਈ ਕਈ ਵਾਰ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਪਰ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਨੇ ਆਪਣੇ ਮੌਜੂਦਾ ਵਿਧਾਇਕਾਂ ਦੀ ਥਾਂ ਨਵੇਂ ਚਿਹਰਿਆਂ ਨੂੰ ਤਵੱਜੋ ਦਿੱਤੀ ਹੈ ਤੇ ਉਨ੍ਹਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ।

ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਦੇ ਫ਼ੈਸਲੇ ਦਾ ਰਵਨੀਤ ਬਿੱਟੂ ਨੇ ਕੀਤਾ ਸਵਾਗਤ, ਰਾਜੇਵਾਲ ’ਤੇ ਲਾਏ ਵੱਡੇ ਇਲਜ਼ਾਮ

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News