ਕਰਫਿਊ ''ਚ ਵੀ ਹੋ ਰਹੀ ਨਸ਼ੇ ਦੀ ਸਪਲਾਈ, 3 ਚੜ੍ਹੇ ਪੁਲਸ ਅੜਿੱਕੇ

04/07/2020 1:16:08 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)— ਬੀਤੀ ਰਾਤ ਪਿੰਡ ਚੋਟਾਲਾ 'ਚ ਪਿੰਡ ਵਾਸੀਆਂ ਨੇ ਨਸ਼ੇ ਦੀ ਸਪਲਾਈ ਕਰਨ ਆਏ 3 ਨੌਜਵਾਨਾਂ ਨੂੰ ਕਾਬੂ ਕਰਕੇ ਟਾਂਡਾ ਪੁਲਸ ਹਵਾਲੇ ਕੀਤਾ ਹੈ। ਟਾਂਡਾ ਪੁਲਸ ਨੇ ਉਨ੍ਹਾਂ ਕੋਲੋਂ ਨਸ਼ੀਲੇ ਪਾਊਡਰ ਅਤੇ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਟਾਂਡਾ ਪੁਲਸ ਦੀ ਟੀਮ ਥਾਣੇਦਾਰ ਮਹੇਸ਼ ਕੁਮਾਰ ਨੂੰ ਕਰਫਿਊ ਦੌਰਾਨ ਗਸ਼ਤ ਕਰਦੇ ਹੋਏ ਪਿੰਡ ਚੋਟਾਲਾ ਦੇ ਸਰਪੰਚ ਅਮਰੀਕ ਸਿੰਘ ਨੇ ਸੂਚਨਾ ਦਿੱਤੀ ਕਿ ਉਨ੍ਹਾਂ   3 ਨੌਜਵਾਨਾਂ ਨੂੰ ਨਸ਼ੇ ਵਾਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ।


ਪੁਲਸ ਦੀ ਟੀਮ ਨੇ ਸੂਚਨਾ ਦੇ ਆਧਾਰ 'ਤੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਸੂਰਜ ਪੁੱਤਰ ਪਰਮਜੀਤ ਨਿਵਾਸੀ ਵਾਰਡ 14 ਅਹੀਆਪੁਰ, ਕਲਜੋਤ ਕਰਮ ਪੁੱਤਰ ਸਰਬਜੀਤ ਨਿਵਾਸੀ ਅਹੀਆਪੁਰ ਅਤੇ ਲਖਵਿੰਦਰ ਲੱਕੀ ਪੁੱਤਰ ਸੁਦੇਸ਼ ਨਿਵਾਸੀ ਜੋਹਲਾਂ ਦੇ ਰੂਪ ਵਿੱਚ ਹੋਈ ਹੈ।

ਉਨ੍ਹਾਂ ਦੱਸਿਆ ਕਿ ਤਲਾਸ਼ੀ ਲੈਣ ਤੇ ਟਾਂਡਾ ਪੁਲਸ ਦੀ ਟੀਮ ਨੇ ਸੂਰਜ 4 ਗਰਾਮ ਹੈਰੋਇਨ ਅਤੇ 100 ਗਰਾਮ ਨਸ਼ੀਲਾ ਪਾਊਡਰ, ਕਲਜੋਤ ਕੋਲੋਂ 105 ਗਰਾਮ ਨਸ਼ੀਲਾ ਪਾਊਡਰ ਅਤੇ ਲਖਵਿੰਦਰ ਕੋਲੋਂ 115 ਗਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਤੇ ਕਰਫਿਊ ਦੀ ਉਲੰਘਣਾ ਕਰਨ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News