3.50 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਨਾਲ ਮਾਂ-ਪੁੱਤਰ ਗ੍ਰਿਫਤਾਰ
Sunday, Jun 02, 2019 - 11:18 AM (IST)
ਕਪੂਰਥਲਾ (ਭੂਸ਼ਣ)— ਕਪੂਰਥਲਾ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ 'ਚ ਇਕ ਮਾਂ ਪੁੱਤਰ ਨੂੰ ਗ੍ਰਿਫਤਾਰ ਕਰਕੇ ਦੋਵੇਂ ਮੁਲਜ਼ਮਾਂ ਤੋਂ 698 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਬਰਾਮਦ ਹੈਰੋਇਨ ਦੀ ਅੰਤਰਾਸ਼ਟਰੀ ਬਾਜ਼ਾਰ 'ਚ ਕੀਮਤ 3.50 ਕਰੋੜ ਰੁਪਏ ਦੱਸੀ ਜਾਂਦੀ ਹੈ । ਦੋਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਸਤਿੰੰਦਰ ਸਿੰਘ ਅਤੇ ਕਾਊਂਟਰ ਇੰਟੈਲੀਜੈਂਸ ਦੇ ਏ. ਆਈ. ਜੀ. ਹਰਕਮਲਪ੍ਰੀਤ ਸਿੰਘ ਖੱਖ ਨੂੰ ਸੂਚਨਾ ਮਿਲੀ ਸੀ ਕਿ ਕਪੂਰਥਲਾ ਫੱਤੂਢੀਂਗਾ ਮਾਰਗ 'ਤੇ ਇਕ ਮਹਿਲਾ ਅਤੇ ਉਸ ਦਾ ਪੁੱਤਰ ਹੈਰੋਇਨ ਦੀ ਭਾਰੀ ਮਾਤਰਾ ਦੀ ਖੇਪ ਦੇ ਨਾਲ ਘੁੰਮ ਰਹੇ ਹਨ, ਜਿਸ 'ਤੇ ਕਾਊਂਟਰ ਇੰਟੈਲੀਜੈਂਸ ਅਤੇ ਕਪੂਰਥਲਾ ਪੁਲਸ ਟੀਮ ਨੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਿਸ਼ਾਲਜੀਤ ਸਿੰੰਘ ਦੀ ਨਿਗਰਾਨੀ 'ਚ ਇਕ ਵਿਸ਼ੇਸ਼ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਦਾ ਦੌਰ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਜਦੋਂ ਮਹਿਲਾ ਪੁਲਸ ਦੀ ਮਦਦ ਨਾਲ ਇਕ ਮਹਿਲਾ ਅਤੇ ਉਸ ਦੇ ਨਾਲ ਜਾ ਰਹੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਦੋਨਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰਕੇ ਦੋਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਦੋਂ ਦੋਵੇਂ ਮੁਲਜ਼ਮਾਂ ਤੋਂ ਉਨ੍ਹਾਂ ਦੇ ਨਾਂ ਅਤੇ ਪਤੇ ਪੁੱਛੇ ਗਏ ਤਾਂ ਉਨ੍ਹਾਂ ਨੇ ਆਪਣਾ ਨਾਂ ਸ਼ਾਰਦਾ ਬੇਗਮ ਪਤਨੀ ਬਸ਼ੀਰ ਖਾਨ ਵਾਸੀ ਪਿੰਡ ਟਿੱਬਾ ਅਤੇ ਅਭੀਸ਼ੇਕ ਮੁਹੰਮਦ ਪੁੱਤਰ ਬਸ਼ੀਰ ਖਾਨ ਦੱਸਿਆ।
ਦੋਵੇਂ ਮੁਲਜ਼ਮਾਂ ਤੋਂ ਬਰਾਮਦ ਬੈਗ 'ਚੋਂ 698 ਗਰਾਮ ਹੈਰੋਇਨ ਬਰਾਮਦ ਕੀਤੀ ਗਈ । ਜਿਸ ਦਾ ਅੰਤਰਾਸ਼ਟਰੀ ਬਾਜ਼ਾਰ 'ਚ ਮੁੱਲ 3.50 ਕਰੋੜ ਰੁਪਏ ਦੱਸਿਆ ਜਾਂਦਾ ਹੈ, ਇੰਨੀ ਭਾਰੀ ਬਰਾਮਦਗੀ ਦੀ ਸੂਚਨਾ ਮਿਲਦੇ ਹੀ ਕਾਊਂਟਰ ਅਤੇ ਕਪੂਰਥਲਾ ਪੁਲਸ ਦੇ ਸੀਨੀਅਰ ਅਫਸਰਾਂ ਨੇ ਮੁਲਜ਼ਮ ਮਾਂ ਪੁੱਤਰ ਤੋਂ ਪੁੱਛਗਿੱਛ ਕੀਤੀ। ਦੋਹਾਂ ਮੁਲਜ਼ਮਾਂ ਤੋਂ ਇੰਨੀ ਭਾਰੀ ਗਿਣਤੀ 'ਚ ਹੈਰੋਇਨ ਕਿਵੇਂ ਪੁੱਜੀ ਅਤੇ ਇਨ੍ਹਾਂ ਨੂੰ ਪਹੁੰਚਾਉਣ ਵਾਲੇ ਵਿਅਕਤੀ ਕੌਣ ਸਨ ਇਸ ਸਬੰਧੀ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ । ਪੁੱਛਗਿੱਛ ਦੌਰਾਨ ਇਕ ਵੱਡੇ ਡਰੱਗ ਨੈਟਵਰਕ ਦਾ ਪਰਦਾਫਾਸ਼ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਥੇ ਹੀ ਜੇਕਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਗ੍ਰਿਫਤਾਰ ਮੁਲਜ਼ਮਾਂ ਦੇ ਪਿੱਛੇ ਕਈ ਵੱਡੇ ਡਰੱਗ ਸਮੱਗਲਰ ਕੰਮ ਕਰ ਰਹੇ ਹਨ। ਜਿਨ੍ਹਾਂ ਦੀ ਆਉਣ ਵਾਲੇ ਦਿਨਾਂ 'ਚ ਗ੍ਰਿਫਤਾਰੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।