ਵਿਦੇਸ਼ ਭੇਜਣ ਦੇ ਨਾਂ ’ਤੇ ਕੀਤੀ 11.50 ਲੱਖ ਦੀ ਠੱਗੀ, ਏਜੰਟਾਂ ਖ਼ਿਲਾਫ਼ ਮਾਮਲਾ ਦਰਜ

Monday, Nov 18, 2024 - 02:43 PM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਕੀਤੀ 11.50 ਲੱਖ ਦੀ ਠੱਗੀ, ਏਜੰਟਾਂ ਖ਼ਿਲਾਫ਼ ਮਾਮਲਾ ਦਰਜ

ਨਵਾਂਸ਼ਹਿਰ (ਤ੍ਰਿਪਾਠੀ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 11.50 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਕਸ਼ਮੀਰ ਚੰਦ ਪੁੱਤਰ ਸੀਬੂ ਰਾਮ ਵਾਸੀ ਚਾਹੜਮਜਾਰਾ, ਉਸਮਾਨਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਸ ਦੀ ਲੜਕੀ ਨਰਿੰਦਰ ਕੌਰ ਵਿਦੇਸ਼ ਜਾਣ ਦੀ ਇੱਛੁਕ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਮੁਲਾਕਾਤ ਰਮਨ ਬਾਂਸਲ ਨਾਲ ਹੋਈ, ਜਿਸ ਨਾਲ ਉਸ ਨੇ ਵਿਦੇਸ਼ ਜਾਣ ਦੀ ਗੱਲ ਕੀਤੀ।

ਰਮਨ ਬਾਂਸਲ ਨੇ ਉਸ ਨੂੰ ਦੱਸਿਆ ਕਿ ਉਸ ਦਾ ਭਰਾ ਮਨੀਸ਼ ਬਾਂਸਲ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਅਤੇ ਉਸ ਨੇ ਨਰਿੰਦਰ ਕੌਰ ਦੀ ਮਨੀਸ਼ ਨਾਲ ਜਾਣ-ਪਛਾਣ ਕਰਵਾਈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮਨੀਸ਼ ਬਾਂਸਲ ਨੇ ਦੱਸਿਆ ਕਿ ਉਹ ਉਸ ਨੂੰ ਪੁਰਤਗਾਲ ਭੇਜ ਦੇਵੇਗਾ, ਜਿੱਥੋਂ ਉਹ ਸ਼ੈਨੇਗਨ ਵੀਜ਼ਾ ਲੈ ਕੇ 25 ਦੇਸ਼ਾਂ ਵਿਚ ਕਿਤੇ ਵੀ ਜਾ ਸਕਦੀ ਹੈ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਆਪਣੀ ਲੜਕੀ ਦਾ ਪਾਸਪੋਰਟ ਅਤੇ 30 ਹਜ਼ਾਰ ਰੁਪਏ ਦੇ ਕੇ ਵੀਜ਼ਾ ਲਗਵਾਉਣ ਦਾ ਸੌਦਾ ਕੀਤਾ।

ਇਹ ਵੀ ਪੜ੍ਹੋ- 300 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲਿਆਂ ਲਈ ਅਹਿਮ ਖ਼ਬਰ, ਜਾਰੀ ਹੋ ਗਏ ਸਖ਼ਤ ਹੁਕਮ

ਸ਼ਿਕਾਇਤਕਰਤਾ ਨੇ ਦੱਸਿਆ ਕਿ ਮਨੀਸ਼ ਬਾਂਸਲ ਨੇ ਉਸ ਨੂੰ ਟਿਕਟ ਵਿਖਾ ਕੇ ਦਿੱਲੀ ਬੁਲਾ ਲਿਆ। ਦਿੱਲੀ ਵਿਖੇ ਮਨੀਸ਼ ਨੇ ਰਾਜਵੀਰ ਨਾਲ ਮਿਲਾ ਕੇ ਟਿਕਟ ਦੇ ਦਿੱਤੀ ਅਤੇ ਕਿਹਾ ਕਿ ਨਰਿੰਦਰ ਕੌਰ ਨੂੰ ਦਿੱਲੀ ਤੋਂ ਮੁੰਬਈ ਜਾਣਾ ਹੈ, ਉੱਥੋਂ ਉਸ ਨੂੰ ਰਿਪਬਲਿਕ ਤੋਂ ਪੁਰਤਗਾਲ ਲਿਜਾਇਆ ਜਾਵੇਗਾ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਕੋਲ 3500 ਡਾਲਰ ਸਨ, ਜਿਨ੍ਹਾਂ ਵਿਚੋਂ 3 ਹਜ਼ਾਰ ਡਾਲਰ ਉਕਤ ਏਜੰਟਾਂ ਨੇ ਇਹ ਕਹਿ ਕੇ ਲੈ ਲਏ ਕਿ ਉਹ ਮੁੰਬਈ ਪਹੁੰਚ ਕੇ ਨਰਿੰਦਰ ਕੌਰ ਨੂੰ ਦੇਣਗੇ।

ਜਦਕਿ ਮੁੰਬਈ ਪਹੁੰਚ ਕੇ ਉਕਤ ਏਜੰਟਾਂ ਨੇ ਉਸ ਦੀ ਲੜਕੀ ਨੂੰ ਛੱਡ ਦਿੱਤਾ ਅਤੇ ਉਸ ਨੂੰ ਟਾਲਣਾ ਸ਼ੁਰੂ ਕਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਸਮੇਂ ਤੱਕ ਉਕਤ ਏਜੰਟਾਂ ਨੇ ਵੱਖ-ਵੱਖ ਮਿਤੀਆਂ ’ਤੇ ਵੱਖ-ਵੱਖ ਖਾਤਿਆਂ ’ਚੋਂ ਕੁੱਲ 11 ਲੱਖ 50 ਹਜ਼ਾਰ ਰੁਪਏ ਦੀ ਰਕਮ ਲੈ ਲਈ ਸੀ, ਜੋ ਕਿ ਹੁਣ ਉਹ ਵਾਪਸ ਨਹੀਂ ਕਰ ਰਹੇ ਅਤੇ ਨਾ ਹੀ ਉਸ ਦੀ ਲੜਕੀ ਨੂੰ ਵਿਦੇਸ਼ ਭੇਜ ਰਹੇ ਹਨ। ਉਸ ਨੇ ਦੱਸਿਆ ਕਿ ਉਕਤ ਰਕਮ ਉਸ ਨੇ ਕਿਤੇ ਤੋਂ ਵਿਆਜ ’ਤੇ ਲਈ ਸੀ, ਜਿਸ ’ਤੇ ਉਸ ਨੂੰ ਹਰ ਮਹੀਨੇ ਵਿਆਜ ਦੇਣਾ ਪੈਂਦਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਸ਼ਿਕਾਇਤਕਰਤਾ ਨੇ ਉਕਤ ਏਜੰਟਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਅਤੇ ਉਸ ਦੀ ਰਕਮ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ। ਜਾਂਚ ਅਧਿਕਾਰੀ ਵੱਲੋਂ ਉਕਤ ਮਾਮਲੇ ਦੀ ਜਾਂਚ ਕਰਨ ਉਪਰੰਤ ਦਿੱਤੀ ਰਿਪੋਰਟ ਅਨੁਸਾਰ ਮਨੀਸ਼ ਬਾਂਸਲ ਪੁੱਤਰ ਮਹਾਵੀਰ ਵਾਸੀ ਰਾਜਾ ਮੁਹੱਲਾ ਨਵਾਂਸ਼ਹਿਰ ਅਤੇ ਰਾਜਵੀਰ ਵਾਸੀ ਦਿੱਲੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-UP 'ਚ ਮੁੰਡਿਆਂ ਨੇ ਕੁੱਟ-ਕੁੱਟ ਮਾਰ ਦਿੱਤੇ ਜਲੰਧਰ ਦੇ ਦੋ ਨੌਜਵਾਨ, ਜੰਗ ਦਾ ਮੈਦਾਨ ਬਣਿਆ ਵਿਆਹ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News