3 ਲੱਖ ਰੁਪਏ ਤੋਂ ਵੱਧ ਦੀ ਮਾਰਕੀਟ ਵੈਲਿਊ ਵਾਲੀ ਅਫੀਮ ਸਮੇਤ 1 ਦੋਸ਼ੀ ਗ੍ਰਿਫ਼ਤਾਰ
Wednesday, Feb 01, 2023 - 03:25 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਸੀ. ਆਈ. ਏ. ਸਟਾਫ਼ ਨਵਾਂਸ਼ਹਿਰ ਦੀ ਪੁਲਸ ਨੇ ਤਿੰਨ ਲੱਖ ਰੁਪਏ ਤੋਂ ਵੱਧ ਦੀ ਕੀਮਤ ਵਾਲੀ ਅਫੀਮ ਸਮੇਤ 1 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਭਾਗੀਰਤ ਸਿੰਘ ਮੀਣਾ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਭਰ ਵਿਚ ਵਿੱਢੀ ਜਾ ਰਹੀ ਮੁਹਿੰਮ ਦੇ ਤਹਿਤ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੇ ਦੌਰਾਨ ਨਵਾਂਸ਼ਹਿਰ ਤੋਂ ਮਹਾਲੋਂ ਹੁੰਦੇ ਹੋਏ ਜੱਬੋਵਾਲ ਵੱਲ ਜਾ ਰਹੀ ਸੀ ਕਿ ਮਾਰਗ ’ਤੇ ਹਾਈਵੇਅ ਵੱਲ ਜਾਣ ਵਾਲੀ ਲਿੰਕ ਸੜਕ ’ਤੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਉਸ ਦੇ ਹੱਥ ’ਚ ਫੜ੍ਹੇ ਪਲਾਸਟਿਕ ਦੇ ਲਿਫ਼ਾਫ਼ੇ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 2 ਕਿਲੋ, 620 ਗ੍ਰਮ ਅਫ਼ੀਮ ਬਰਾਮਦ ਹੋਈ। ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਸਜਨਰ ਆਲਮ ਪੁੱਤਰ ਬਹਾਬ ਆਲਮ ਵਾਸੀ ਚਕਾਈ ਥਾਣਾ ਜੰਕੀਹਾਟ ਜ਼ਿਲ੍ਹਾ ਅਰਰੀਯਾ ਦੇ ਤੌਰ ’ਤੇ ਕੀਤੀ ਗਈ ਹੈ। ਇੰਸਪੈਕਟਰ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਖ਼ਿਲਾਫ਼ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਐੱਨ. ਡੀ. ਪੀ. ਐੱਸ. ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਸਾਥੀਆਂ ਸਣੇ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ
ਝਾਰਖੰਡ ਤੋਂ ਲਿਆਂਦੀ ਗਈ ਸੀ ਅਫੀਮ ਦੀ ਖੇਪ
ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਪੜਤਾਲ ’ਚ ਦੋਸ਼ੀ ਨੇ ਖ਼ੁਲਾਸਾ ਕਰਦਿਆਂ ਕਿਹਾ ਕਿ ਉਹ ਅਫੀਮ ਦੀ ਉਕਤ ਖੇਪ ਝਾਰਖੰਡ ਤੋਂ ਲੈ ਕੇ ਆਇਆ ਸੀ, ਜਿਸ ਨੂੰ ਜ਼ਿਲ੍ਹੇ ਦੇ ਲਾਗਲੇ ਹਿੱਸਿਆਂ ’ਚ ਸਪਲਾਈ ਕੀਤਾ ਜਾਣਾ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਫੀਮ ਦੀ ਪ੍ਰਤੀ ਕਿਲੋ ਮਾਰਕੀਟ ਕੀਮਤ ਕਰੀਬ ਸਵਾ ਲੱਖ ਰੁਪਏ ਦੱਸੀ ਗਈ ਹੈ, ਜਿਸ ਦੇ ਚਲਦੇ ਗ੍ਰਿਫ਼ਤਾਰ ਵਿਅਕਤੀ ਤੋਂ ਬਰਾਮਦ ਅਫੀਮ ਦੀ ਮਾਰਕਿਟ ਕੀਮਤ 3 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇੰਸਪੈਕਟਰ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਇਸ ਗੱਲ ਦੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਉਕਤ ਦੋਸ਼ੀ ਕਿਨ੍ਹਾਂ ਲੋਕਾਂ ਨੂੰ ਅਫੀਮ ਦੀ ਸਪਲਾਈ ਦਿੰਦਾ ਸੀ।
ਇਹ ਵੀ ਪੜ੍ਹੋ : #Budget2023: ਨਿਰਮਲਾ ਸੀਤਾਰਮਨ ਦਾ ਵੱਡਾ ਐਲਾਨ, ਦੇਸ਼ 'ਚ ਬਣਾਏ ਜਾਣਗੇ 50 ਨਵੇਂ ਏਅਰਪੋਰਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।