‘ਅੱਜ ਤਾਂ ਅਸੀਂ ਪੈੱਗ ਲਾ ਰਹੇ ਹਾਂ, ਰਿਕਾਰਡ ਲੈਣ ਦੀ ਗੱਲ ਸਾਡੇ ਨਾਲ ਕੱਲ੍ਹ ਕਰਨਾ’
Thursday, Jan 02, 2025 - 07:29 AM (IST)
ਆਦਮਪੁਰ (ਰਣਦੀਪ) : 'ਅੱਜ ਤਾਂ ਅਸੀਂ ਪੈੱਗ ਲਾ ਰਹੇ ਹਾਂ, ਰਿਕਾਰਡ ਲੈਣ ਬਾਰੇ ਸਾਡੇ ਨਾਲ ਕੱਲ੍ਹ ਗੱਲ ਕਰਿਓ।' ਇਹ ਗੱਲ ਕਿਸੇ ਸ਼ਰਾਬ ਪਿਲਾਉਣ ਵਾਲੇ ਅਹਾਤੇ ਦੀ ਨਹੀਂ ਹੈ, ਬਲਕਿ ਬੀ. ਡੀ. ਪੀ. ਓ. ਦਫ਼ਤਰ ਆਦਮਪੁਰ ਦੀ ਹੈ। ਬਲਾਕ ਆਦਮਪੁਰ ਦੇ ਨਵੇਂ ਬਣੇ ਇਕ ਸਰਪੰਚ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਨੂੰ ਸਰਪੰਚ ਬਣੇ ਨੂੰ ਕਰੀਬ ਦੋ ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਅਜੇ ਤੱਕ ਉਨ੍ਹਾਂ ਨੂੰ ਵਿਭਾਗ ਵੱਲੋਂ ਰਿਕਾਰਡ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਪਿੰਡ ਦੇ ਕੰਮ ਨਹੀਂ ਕਰਵਾ ਸਕਦੇ। ਉਨ੍ਹਾਂ ਨੇ ਬੀ. ਡੀ. ਪੀ. ਓ. ਦਫਤਰ ਦੇ ਮੁਲਾਜ਼ਮਾਂ ਨੂੰ ਰਿਕਾਰਡ ਦੇਣ ਲਈ ਕਿਹਾ ਤਾਂ ਉਨ੍ਹਾਂ ਵੱਲੋਂ ਇਹ ਗੱਲ ਕਹੀ ਗਈ ਕਿ ‘ਅੱਜ ਤਾਂ ਅਸੀਂ ਪੈੱਗ ਲਾ ਰਹੇ ਹਾਂ ਰਿਕਾਰਡ ਲੈਣ ਦੀ ਗੱਲ ਸਾਡੇ ਨਾਲ ਕੱਲ੍ਹ ਕਰਨਾ’। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਵੀ ਬਹੁਤ ਮੰਦਾ-ਚੰਗਾ ਬੋਲਿਆ ਗਿਆ। ਇਸ ਸਬੰਧੀ ਉਨ੍ਹਾਂ ਵੱਲੋਂ ਬੀ. ਡੀ. ਪੀ. ਓ. ਆਦਮਪੁਰ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ। ਇੱਥੇ ਹੀ ਬਸ ਨਹੀਂ ਬਲਾਕ ਆਦਮਪੁਰ ਦੀਆਂ ਕਈ ਪੰਚਾਇਤਾਂ ਨੂੰ ਅਜੇ ਤੱਕ ਰਿਕਾਰਡ ਵੀ ਨਹੀਂ ਮਿਲਿਆ, ਜਿਸ ਕਾਰਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : 2 ਕਰੋੜ ਦਾ ਕਰਜ਼ਾ ਦਿਵਾਉਣ ਬਹਾਨੇ ਮਾਰੀ 1.31 ਲੱਖ ਦੀ ਠੱਗੀ, 4 ਖ਼ਿਲਾਫ਼ ਪਰਚਾ ਦਰਜ
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੀ. ਡੀ. ਪੀ. ਓ. ਦਫਤਰ ’ਚ ਕੁਝ ਇਕ ਮੁਲਾਜ਼ਮਾਂ ਵੱਲੋਂ ਡਿਊਟੀ ਟਾਈਮ ’ਤੇ ਕਥਿਤ ਤੌਰ ’ਤੇ ਪੈੱਗ ਲਾਏ ਜਾਂਦੇ ਹਨ, ਜਿਸ ਕਾਰਨ ਉਹ ਦਫਤਰ ’ਚ ਆਉਣ ਵਾਲੇ ਲੋਕਾਂ ਦੇ ਕੰਮ ਸਹੀ ਤਰੀਕੇ ਨਾਲ ਨਹੀਂ ਕਰਦੇ। ਹੁਣ ਦੇਖਣਾ ਇਹ ਹੈ ਕਿ ਬੀ. ਡੀ. ਪੀ. ਓ. ਦਫਤਰ ਦੇ ਉੱਚ ਅਧਿਕਾਰੀ ਅਜਿਹੇ ਸਟਾਫ ਖਿਲਾਫ ਕੀ ਐਕਸ਼ਨ ਲੈਂਦੇ ਹਨ।
ਜਿਹੜਾ ਵੀ ਮੁਲਾਜ਼ਮ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ : ਬੀ. ਡੀ. ਪੀ. ਓ. ਅਮਰਜੀਤ ਸਿੰਘ
ਇਸ ਮਾਮਲੇ ਸਬੰਧੀ ਜਦੋਂ ਬੀ. ਡੀ. ਪੀ. ਓ. ਆਦਮਪੁਰ ਅਮਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਕੱਲ੍ਹ ਦੁਪਹਿਰ 2.15 ਵਿਧਾਨ ਸਭਾ ਦੀ ਮੀਟਿੰਗ ’ਚ ਗਏ ਹੋਏ ਸਨ। ਉਨ੍ਹਾਂ ਤੋਂ ਬਾਅਦ ਦਾ ਇਹ ਮਾਮਲਾ ਹੈ। ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨਗੇ ਅਤੇ ਉਨ੍ਹਾਂ ਦੇ ਦਫਤਰ ਦਾ ਜੋ ਵੀ ਮੁਲਾਜ਼ਮ ਇਸ ਮਾਮਲੇ ’ਚ ਦੋਸ਼ੀ ਪਾਇਆ ਗਿਆ ਤਾਂ ਉਹ ਆਪਣੇ ਉੱਚ ਅਧਿਕਾਰੀਆਂ ਤੋਂ ਉਸ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾ ਕੇ ਸਸਪੈਂਡ ਕਰਨ ਬਾਰੇ ਲਿਖ ਕੇ ਭੇਜਣਗੇ।
ਉਨ੍ਹਾਂ ਨੇ ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਦਫਤਰ ’ਚ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧਾ ਦਫਤਰ ਆ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ, ਉਹ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8