ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖਣ ਖ਼ਾਸ ਧਿਆਨ

10/16/2024 4:14:41 PM

ਵੈੱਸ ਡੈਸਕ- ਕਰਵਾ ਚੌਥ ਦੇ ਵਰਤ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਪੰਚਾਂਗ ਅਨੁਸਾਰ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ। ਇਸ ਵਾਰ ਇਹ ਵਰਤ 20 ਅਕਤੂਬਰ ਦਿਨ ਐਤਵਾਰ ਨੂੰ ਰੱਖਿਆ ਜਾਵੇਗਾ। ਕਰਵਾ ਚੌਥ ਦਾ ਵਰਤ ਪਤੀ-ਪਤਨੀ ਦੇ ਅਟੁੱਟ ਪਿਆਰ ਦਾ ਤਿਉਹਾਰ ਹੁੰਦਾ ਹੈ। ਇਸ ਦਿਨ ਪਤਨੀ ਆਪਣੇ ਪਤੀ ਦੀ ਲੰਮੀ ਉਮਰ ਲਈ ਸਾਰਾ ਦਿਨ ਵਰਤ ਰੱਖਦੀ ਹੈ। ਪਤਨੀ ਸਾਰਾ ਦਿਨ ਪਾਠ ਪੂਜਾ ਕਰਦੀ ਹੈ ਅਤੇ ਰੱਬ ਤੋਂ ਆਪਣੇ ਪਤੀ ਦੀ ਸਹੀ ਸਲਾਮਤੀ ਦੀ ਦੁਆ ਮੰਗਦੀ ਹੈ। ਰੱਬ ਵੱਲ ਧਿਆਨ ਲਗਾ ਕੇ ਪਤੀ ਲਈ ਵਰਤ ਰੱਖਣ ਲਈ ਬਹੁਤ ਸਾਰਿਆਂ ਗੱਲਾਂ ਅਜਿਹੀਆਂ ਹਨ, ਜਿਨ੍ਹਾਂ ਦਾ ਕਰਵਾ ਚੌਥ ਵਾਲੇ ਦਿਨ ਸਾਰੀਆਂ ਔਰਤਾਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ....

PunjabKesari
ਰਾਤ ਨੂੰ ਸਹੀ ਖਾਣੇ ਦੀ ਕਰੋ ਚੋਣ
ਵੈਸੇ ਤਾਂ ਰਾਤ ਦਾ ਖਾਣਾ ਹਲਕਾ ਹੋਣਾ ਚਾਹੀਦਾ ਹੈ ਪਰ ਵਰਤ ਤੋਂ ਪਹਿਲਾਂ ਰਾਤ ਦਾ ਖਾਣਾ ਅਜਿਹਾ ਖਾਓ, ਜਿਸ ਨਾਲ ਤੁਹਾਡਾ ਢਿੱਡ ਭਰਿਆ ਰਹੇ। ਖਾਣੇ 'ਚ ਘੱਟ ਤੇਲ ’ਚ ਬਣੀ ਸਬਜ਼ੀ, ਦਾਲ ਦੇ ਨਾਲ-ਨਾਲ ਤੁਸੀਂ ਸਲਾਦ ਵੀ ਖਾ ਸਕਦੇ ਹੋ, ਜੋ ਤੁਹਾਡੇ ਲਈ ਸਹੀ ਹੋਵੇਗਾ।
ਕਰਵਾ ਚੌਥ ’ਤੇ ਸਰਗੀ 
ਕਰਵਾ ਚੌਥ ’ਤੇ ਸਰਗੀ ਵਿੱਚ ਜ਼ਿਆਦਾ ਤਲੀਆਂ ਚੀਜ਼ਾਂ ਖਾਣ ਦੀ ਬਜਾਏ ਸਿਹਤਮੰਦ ਚੀਜ਼ਾਂ ਲਓ। ਇਸ ਮੌਕੇ ਤੁਸੀਂ ਸੁੱਕੇ ਮੇਵੇ, ਦੁੱਧ, ਲੱਸੀ, ਹਲਵਾ ਆਦਿ ਵੀ ਲੈ ਸਕਦੇ ਹੋ। ਇਹ ਖ਼ਾਣ ਨਾਲ ਦਿਨ ਭਰ ਥਕਾਵਟ ਨਹੀਂ ਹੋਵੇਗੀ ਤੇ ਸਰੀਰ 'ਚ ਭਾਰਾਪਣ ਵੀ ਮਹਿਸੂਸ ਨਹੀਂ ਹੋਵੇਗਾ।
ਪਾਣੀ ਦੀ ਵਰਤੋਂ
ਬਿਨਾਂ ਪਾਣੀ ਪੀਤੇ ਵਰਤ ਰੱਖਣ ਵਾਲੀਆਂ ਔਰਤਾਂ ਲਈ ਇਹ ਜ਼ਰੂਰੀ ਹੈ ਕਿ ਉਹ ਵਰਤ ਤੋਂ ਪਹਿਲਾਂ ਰੱਜ ਕੇ ਪਾਣੀ ਪੀ ਲੈਣ ਤਾਂ ਜੋ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਵੇ। ਪਾਣੀ ਨਾਲ ਦੁੱਧ, ਲੱਸੀ, ਫਲਾਂ ਦਾ ਜੂਸ, ਨਾਰੀਅਲ ਪਾਣੀ ਲੈ ਸਕਦੇ ਹੋ, ਜਿਸ ਨਾਲ ਸਾਰਾ ਦਿਨ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ।  

PunjabKesari
ਚਾਹ ਪੀਣ ਨਾਲ ਹੁੰਦੀ ਹੈ ਐਸੀਡਿਟੀ 
ਬਹੁਤ ਸਾਰੀਆਂ ਔਰਤਾਂ ਕਰਵਾਚੌਥ ਦੀ ਕਥਾ ਸੁਣਨ ਤੋਂ ਬਾਅਦ ਸ਼ਾਮ ਨੂੰ ਚਾਹ ਦਾ ਸੇਵਨ ਕਰਦੀਆਂ ਹਨ। ਸਾਰਾ ਦਿਨ ਕੁਝ ਨਾ ਖਾਣ ਤੋਂ ਬਾਅਦ ਇਕੱਲੀ ਚਾਹ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸੇ ਲਈ ਚਾਹ ਪੀਣ ਦੀ ਥਾਂ ਤੁਸੀਂ ਹਲਕਾ ਗਰਮ ਦੁੱਧ ਜਾਂ ਜੂਸ ਲੈ ਸਕਦੇ ਹੋ। 
ਚੰਦ ਨੂੰ ਅਰਘ ਦੇਣ ਤੋਂ ਬਾਅਦ ਨਾ ਖਾਓ ਇਕਦਮ ਖ਼ਾਣਾ
ਕਰਵਾ ਚੌਥ ਵਾਲੇ ਦਿਨ ਔਰਤਾਂ ਚੰਦ ਨੂੰ ਅਰਘ ਦੇਣ ਤੋਂ ਬਾਅਦ ਇਕਦਮ ਖ਼ਾਣਾ ਨਾ ਖਾਣ। ਇਸ ਦੀ ਥਾਂ ਉਹ ਹਲਕਾ ਤੇ ਜਲਦੀ ਹਜ਼ਮ ਹੋਣ ਵਾਲੇ ਖ਼ਾਣੇ ਦਾ ਸੇਵਨ ਕਰ ਸਕਦੀਆਂ ਹਨ। ਖ਼ਾਣਾ ਖਾ ਕੇ ਸੌਂਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। 

ਇਹ ਵੀ ਪੜ੍ਹੋ- ਕਰਵਾ ਚੌਥ ਵਾਲੇ ਦਿਨ ਔਰਤਾਂ ਜ਼ਰੂਰ ਕਰਨ ਇਹ ‘16 ਸ਼ਿੰਗਾਰ’, ਹੁੰਦਾ ਹੈ ਖ਼ਾਸ ਮਹੱਤਵ
ਗਰਭਵਤੀ ਔਰਤਾਂ
ਗਰਭਵਤੀ ਔਰਤਾਂ ਜਾਂ ਬੱਚੇ ਨੂੰ ਦੁੱਧ ਪਿਆਉਣ ਵਾਲੀ ਜਨਾਨੀਆਂ ਬਿਨਾਂ ਪਾਣੀ ਵਾਲਾ ਕਰਵਾ ਚੌਥ ਦਾ ਵਰਤ ਨਾ ਰੱਖਣ। ਅਜਿਹੀਆਂ ਔਰਤਾਂ ਇਸ ਦਿਨ ਜੂਸ ਦਾ ਸੇਵਨ ਕਰ ਸਕਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ ਠੀਕ ਰਹੇਗੀ ਅਤੇ ਕਮਜ਼ੋਰੀ ਨਹੀਂ ਆਵੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


Aarti dhillon

Content Editor Aarti dhillon