ਸਕੂਲ ਦੇ 47 ਫੀਸਦੀ ਵਿਦਿਆਰਥੀ ਲੱਕ ਤੇ ਜੋੜਾਂ ਦੇ ਦਰਦ ਤੋਂ ਪਰੇਸ਼ਾਨ, ਹੈਰਾਨੀਜਨਕ ਖ਼ੁਲਾਸਾ
Monday, Oct 06, 2025 - 01:30 PM (IST)

ਵੈੱਬ ਡੈਸਕ- ਹਾਲ ਹੀ 'ਚ ਏਮਜ਼ ਦੇ ਡਾਕਟਰਾਂ ਅਤੇ ਫਿਜ਼ਿਓਥੈਰੇਪੀ ਮਾਹਿਰਾਂ ਨੇ 9ਵੀਂ ਅਤੇ 12ਵੀਂ ਜਮਾਤ ਤੱਕ ਦੇ 380 ਸਕੂਲੀ ਵਿਦਿਆਰਥੀਆਂ ਦੀ ਸਕ੍ਰੀਨਿੰਗ ਕੀਤੀ, ਜਿਸ 'ਚ ਸਾਹਮਣੇ ਆਇਆ ਕਿ ਲਗਭਗ 47 ਫੀਸਦੀ ਬੱਚੇ ਗਰਦਨ, ਲੱਕ ਅਤੇ ਜੋੜਾਂ ਦੇ ਦਰਦ ਤੋਂ ਪੀੜਤ ਹਨ। ਅਧਿਐਨ 'ਚ ਇਹ ਵੀ ਪਾਇਆ ਗਿਆ ਹੈ ਕਿ ਲੰਬੇ ਸਮੇਂ ਤੱਕ ਗਲਤ ਤਰੀਕੇ ਨਾਲ ਬੈਠਣਾ ਅਤੇ ਲੈਪਟਾਪ ਤੇ ਮੋਬਾਇਲ ਦਾ ਵੱਧ ਇਸਤੇਮਾਲ ਬੱਚਿਆਂ 'ਚ ਸਰੀਰਕ ਪਰੇਸ਼ਾਨੀਆਂ ਦਾ ਮੁੱਖ ਕਾਰਨ ਬਣ ਰਿਹਾ ਹੈ।
ਗਲਤ ਬੈਠਣ ਦੀ ਆਦਤ ਦਾ ਅਸਰ
ਅਧਿਐਨ ਅਨੁਸਾਰ, ਬੱਚੇ ਲੰਬੇ ਸਮੇਂ ਤੱਕ ਮੋਬਾਇਲ ਅਤੇ ਲੈਪਟਾਪ ਅੱਗੇ ਬੈਠੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਗਰਦਨ ਅਤੇ ਲੱਕ 'ਤੇ ਜ਼ਿਆਦਾ ਦਬਾਅ ਪੈਂਦਾ ਹੈ। ਇਸ ਤੋਂ ਇਲਾਵਾ ਖੇਡ ਦੌਰਾਨ ਹੋਣ ਵਾਲੀਆਂ ਸਰੀਰਕ ਸੱਟਾਂ ਅਤੇ ਉੱਚਿਤ ਦੇਖਭਾਲ ਦੀ ਕਮੀ ਵੀ ਬੱਚਿਆਂ 'ਚ ਪੈਰਾਂ, ਲੱਕ, ਗਰਦਨ ਅਤੇ ਹੋਰ ਜੋੜਾਂ 'ਚ ਖਿੱਚ ਅਤੇ ਦਰਦ ਦਾ ਕਾਰਨ ਬਣ ਰਹੀ ਹੈ।
ਫਿਜ਼ਿਓਥੈਰੇਪੀ ਤੋਂ ਮਿਲੀ ਰਾਹਤ
ਏਮਜ਼ ਦੇ ਟਰਾਮਾ ਸੈਂਟਰ ਐਡੀਸ਼ਨ ਪ੍ਰੋਫੈਸਰ ਡਾ. ਸਮਰਥ ਮਿੱਤਲ ਅਤੇ ਬਰਨ ਤੇ ਪਲਾਸਟਿਕ ਸਰਜਰੀ ਫਿਜ਼ਿਓਥੈਰੇਪਿਸਟ ਡਾ. ਏ.ਐੱਸ. ਮੂਰਤੀ ਦੀ ਅਗਵਾਈ 'ਚ ਕੀਤੇ ਗਏ ਇਸ ਅਧਿਐਨ 'ਚ ਪਾਇਆ ਗਿਆ ਕਿ ਫਿਜ਼ਿਓਥੈਰੇਪੀ ਕਰਵਾਉਣ ਨਾਲ ਬੱਚਿਆਂ ਨੂੰ ਆਰਾਮ ਮਿਲਿਆ। ਬੱਚਿਆਂ ਨੂੰ 12 ਹਫ਼ਤਿਆਂ ਤੱਕ ਫਿਜ਼ਿਓਥੈਰੇਪੀ ਕਸਰਤ ਕਰਵਾਈ ਗਈ, ਜਿਸ 'ਚ ਪੁਸ਼ਅੱਪ, ਹਰਡਲ ਕ੍ਰਾਸਿੰਗ ਵਰਗੀਆਂ ਕਸਰਤਾਂ ਸ਼ਾਮਲ ਸਨ। 12 ਹਫ਼ਤਿਆਂ ਬਾਅਦ ਫੋਲੋਅੱਪ ਜਾਂਚ 'ਚ ਦਰਦ ਅਤੇ ਖਿੱਚ 'ਚ ਸੁਧਾਰ ਦੇਖਿਆ ਗਿਆ।
ਸਕੂਲਾਂ 'ਚ ਫਿਜ਼ਿਓਥੈਰੇਪੀ ਮਾਹਿਰ ਦੀ ਲੋੜ
ਅਧਿਐਨ 'ਚ ਇਹ ਵੀ ਜ਼ੋਰ ਦਿੱਤਾ ਗਿਆ ਕਿ ਮੌਜੂਦਾ ਸਮੇਂ 'ਚ ਸਕੂਲਾਂ 'ਚ ਫਿਜ਼ਿਓਥੈਰੇਪੀ ਮਾਹਿਰ ਨਹੀਂ ਹੁੰਦੇ। ਮਾਹਿਰਾਂ ਕੋਲ ਮਾਸਪੇਸ਼ੀਆਂ ਦੀ ਜਾਂਚ, ਫਿਟਨੈੱਸ ਸਕ੍ਰੀਨਿੰਗ ਅਤੇ ਗਤੀ ਮੁਲਾਂਕਣ ਦੀ ਡੂੰਘੀ ਜਾਣਕਾਰੀ ਹੁੰਦੀ ਹੈ, ਜਿਸ ਨਾਲ ਬੱਚੇ ਸ਼ੁਰੂਆਤੀ ਪੱਧਰ ਤੋਂ ਹੀ ਸਹੀ ਖੇਡ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਡਾ. ਮਮਤਾ ਦਹੀਆ, ਜੋ ਇਸ ਅਧਿਐਨ 'ਚ ਸ਼ਾਮਲ ਹੈ, ਨੇ ਦੱਸਿਆ ਕਿ ਭਾਰਤੀ ਆਯੂਰਵਿਗਿਆ ਖੋਜ ਪ੍ਰੀਸ਼ਦ (ਆਈਸੀਐੱਮਆਰ) ਨੇ ਇਸ ਸੋਧ ਲਈ ਫੰਡ ਜਾਰੀ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸਕੂਲੀ ਬੱਚਿਆਂ 'ਚ ਫਿਜ਼ਿਓਥੈਰੇਪੀ ਦੀ ਲੋੜ ਅਤੇ ਇਸ ਦੇ ਪ੍ਰਭਾਵ 'ਤੇ ਡੂੰਘਾ ਅਧਿਐਨ ਕੀਤਾ ਜਾ ਰਿਹਾ ਹੈ। ਇਸ ਅਧਿਐਨ 'ਚ ਚਾਰ ਸਕੂਲਾਂ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਅਧਿਐਨ ਤੋਂ ਸਪੱਸ਼ਟ ਹੋਇਆ ਕਿ ਬੱਚਿਆਂ 'ਚ ਗਰਦਨ, ਲੱਕ ਅਤੇ ਜੋੜਾਂ ਦੇ ਦਰਦ ਨੂੰ ਰੋਕਣ ਲਈ ਸ਼ੁਰੂਆਤੀ ਉਮਰ ਤੋਂ ਫਿਜ਼ਿਓਥੈਰੇਪੀ ਅਤੇ ਸਹੀ ਬੈਠਣ ਦੀਆਂ ਆਦਤਾਂ ਦੀ ਸਿਖਲਾਈ ਬੇਹੱਦ ਜ਼ਰੂਰੀ ਹੈ। ਸਕੂਲਾਂ 'ਚ ਫਿਜ਼ਿਓਥੈਰੇਪੀ ਮਾਹਿਰਾਂ ਦੀ ਨਿਯੁਕਤੀ ਬੱਚਿਆਂ ਦੀ ਸਿਹਤ ਅਤੇ ਖੇਡ ਪ੍ਰਦਰਸ਼ਨ ਦੋਵਾਂ ਲਈ ਲਾਭਕਾਰੀ ਸਾਬਿਤ ਹੋ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8