ਆਮ ਆਦਮੀ ਕਲੀਨਿਕਾਂ ਦੀ ਸਫ਼ਲਤਾ ਮਗਰੋਂ ਪੰਜਾਬ ਸਰਕਾਰ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਯਤਨਸ਼ੀਲ
Thursday, Jul 25, 2024 - 05:29 PM (IST)
ਨਵੀਂ ਦਿੱਲੀ/ਚੰਡੀਗੜ- ਆਮ ਆਦਮੀ ਕਲੀਨਿਕਾਂ ਨੂੰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਦੇ ਖੇਤਰ ਵਿਚ ਉਸਾਰੂ ਤਬਦੀਲੀ ਲਿਆਉਣ ਦਾ ਵਾਹਕ ਕਰਾਰ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹਨਾਂ ਕਲੀਨਿਕਾਂ ਦੀ ਕਾਮਯਾਬੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਟਰਸ਼ਰੀ ਅਤੇ ਦੂਜੇ ਪੱਧਰ ਦੀਆਂ ਸਿਹਤ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕਰਨ ਤੇ ਪੂਰਾ ਧਿਆਨ ਕੇਂਦਰਿਤ ਕਰ ਰਹੀ ਹੈ। ਸੀ.ਆਈ.ਆਈ ਵੱਲੋਂ ਗੁਰੂਗਰਾਮ ਵਿਖੇ ਕਰਵਾਏ ਗਏ ਉੱਤਰੀ ਭਾਰਤ ਹੈਲਥਕੇਅਰ ਸੰਮੇਲਨ ਦੇ ਛੇਵੇਂ ਐਡੀਸ਼ਨ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸਥਾਪਿਤ 842 ਆਮ ਆਦਮੀ ਕਲੀਨਿਕਾਂ ਵਿਖੇ ਹੁਣ ਤੱਕ 1.79 ਕਰੋੜ ਨਾਗਰਿਕ ਇਲਾਜ ਅਤੇ ਓ.ਪੀ.ਡੀ ਸੇਵਾਵਾਂ ਪ੍ਰਾਪਤ ਕਰ ਚੁੱਕੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 2 ਧਿਰਾਂ 'ਚ ਚੱਲੀਆਂ ਗੋਲੀਆਂ, 22 ਸਾਲਾ ਨੌਜਵਾਨ ਦੀ ਮੌਤ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੁਨਿਆਦੀ ਸਿਹਤ ਸੇਵਾਵਾਂ ਨੂੰ ਡਿਜੀਟਲ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬਰਸਾਤੀ ਮੌਸਮ ਅਤੇ ਲਾਗ ਦੀਆਂ ਬਿਮਾਰੀਆਂ ਬਾਰੇ ਹੁਣ ਪੰਜਾਬ ਦੇ ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਦੇ ਅੰਕੜੇ ਵੀ ਬਿਨਾ ਦੇਰੀ ਪ੍ਰਾਪਤ ਹੋ ਰਹੇ ਹਨ ਜਿਸ ਸਦਕਾ ਇਲਾਜ ਪ੍ਰਬੰਧਾਂ ਦੀ ਨਿਗਰਾਨੀ ਅਤੇ ਢੁੱਕਵੇਂ ਕਦਮ ਚੁੱਕਣੇ ਆਸਾਨ ਹੋ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਟਰਸ਼ਰੀ ਸੈਕਟਰ ਅਤੇ ਹੋਰ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਵਿਕਸਿਤ ਕਰਨ ਲਈ ਖਾਕਾ ਤਿਆਰ ਕਰ ਰਹੀ ਹੈ।
ਇਹ ਵੀ ਪੜ੍ਹੋ-ਨਬਾਲਗ ਮੁੰਡੇ ਦੀ ਨਹਿਰ ਤੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੀ ਗਈ ਫ਼ਰਿਸ਼ਤੇ ਸਕੀਮ ਅਤੇ ਸੜਕ ਸੁਰੱਖਿਆ ਫ਼ੋਰਸ ਵੱਲੋਂ ਸੜਕ ਹਾਦਸਿਆਂ ’ਚ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਕਿ ਇਹਨਾਂ ਸਦਕਾ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਦੀ ਦਰ ਵਿਚ 26 ਫ਼ੀਸਦੀ ਕਮੀ ਆਈ ਹੈ। ਉਨ੍ਹਾਂ ਨਿੱਜੀ ਅਤੇ ਕਾਰਪੋਰੇਟ ਹੈਲਥ ਕੇਅਰ ਖੇਤਰ ਦੇ ਮਾਹਿਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪੇਸ਼ੇਵਰ ਰੁਝੇਵਿਆਂ ਵਿੱਚੋਂ ਕੁਝ ਸਮਾਂ ਉਹਨਾਂ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਦੇਣ ਦੇ ਲੇਖੇ ਲਾਉਣ ਜਿਨ੍ਹਾਂ ਨੂੰ ਇਹਨਾਂ ਸੇਵਾਵਾਂ ਦੀ ਬਹੁਤ ਜ਼ਰੂਰਤ ਹੈ। ਉਹਨਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਸਮਾਜ ਦਾ ਹਰ ਮੈਂਬਰ ਵਾਤਾਵਰਣ ਬਚਾਉਣ ਲਈ ਆਪਣਾ ਯੋਗਦਾਨ ਪਾਵੇ ਕਿਉਂਕਿ ਸੇਹਤਮੰਦ ਵਾਤਾਵਰਣ ਤੋਂ ਬਿਨਾ ਸੇਹਤਮੰਦ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਡਾ. ਧਰਮਿੰਦਰ ਨਾਗਰ, ਸ਼੍ਰੀਮਈ ਚੱਕਰਵਰਤੀ, ਡਾਇਰੈਕਟਰ ਏ.ਬੀ.ਡੀ ਐੱਮ ਵਿਕਰਮ ਪਗਾਰੀਆ , ਐਮ.ਡੀ ਐੱਨ.ਆਈ.ਸੀ.ਐੱਸ ਡਾ. ਆਰ.ਕੇ. ਮਿਸ਼ਰਾ, ਡਾ. ਭੁਪਿੰਦਰਪਾਲ ਕੌਰ ਅਤੇ ਡਾ. ਰੁਪਿੰਦਰਜੀਤ ਸੈਣੀ ਵੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8