ਫਾਂਸੀ ਤੋਂ ਬਚਣ ਲਈ ਨਿਰਭਯਾ ਦੇ ਦੋਸ਼ੀ ਨੇ ਫਿਰ ਖੇਡਿਆ ਨਵਾਂ ਪੈਂਤੜਾ, ਕੀਤੀ ਇਹ ਮੰਗ

03/06/2020 11:41:00 AM

ਨਵੀਂ ਦਿੱਲੀ—ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ’ਚ ਫਾਂਸੀ ਤੋਂ ਬਚਣ ਲਈ ਦੋਸ਼ੀ ਮੁਕੇਸ਼ ਨੇ ਇਕ ਵਾਰ ਫਿਰ ਨਵਾਂ ਪੈਂਤੜਾ ਖੇਡਿਆ ਹੈ। ਮਿਲੀ ਜਾਣਕਾਰੀ ਅਨੁਸਾਰ ਦੋਸ਼ੀ ਮੁਕੇਸ਼ ਸ਼ਰਮਾ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ’ਚ ਪਟੀਸ਼ਨ ਦਾਖਲ ਕਰਕੇ ਫਿਰ ਤੋਂ ਕਿਊਰੇਟਿਵ ਪਟੀਸ਼ਨ ਅਤੇ ਦਯਾ ਪਟੀਸ਼ਨ ਦਾਖਲ ਕਰਨ ਦੀ ਮੰਗ ਕੀਤੀ। ਮੁਕੇਸ਼ ਵੱਲੋਂ ਵਕੀਲ ਐੱਮ.ਐੱਲ ਸ਼ਰਮਾ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ।

ਦਰਅਸਲ ਮੁਕੇਸ਼ ਨੇ ਆਪਣੀ ਪਟੀਸ਼ਨ ’ਚ ਕਿਹਾ ਹੈ ਕਿ ਇਸ ਮੁਕੱਦਮੇ ’ਚ ਅਦਾਲਤ ਵੱਲੋਂ ਨਿਯੁਕਤ ਵਕੀਲ ਵਰਿੰਦਾ ਗਰੋਵਰ ਨੇ ਉਸ ’ਤੇ ਦਬਾਅ ਪਾ ਕੇ ਉਸਦੀ ਕਿਊਰੇਟਿਵ ਪਟੀਸ਼ਨ ਛੇਤੀ ਦਾਖਲ ਕਰਵਾਈ ਹੈ, ਜਦਕਿ ਇਹ ਪਟੀਸ਼ਨ ਦਾਇਰ ਕਰਨ ਲਈ ਕਾਫ਼ੀ ਸਮਾਂ ਬਚਿਆ ਸੀ। ਐੱਮ.ਐੱਲ. ਸ਼ਰਮਾ ਮੁਤਾਬਕ ਕਿਊਰੇਟਿਵ ਪਟੀਸ਼ਨ ਦਾਇਰ ਕਰਨ ਦੀ ਮਿਆਦ 3 ਸਾਲ ਦੀ ਸੀ, ਜਿਸ ਦੀ ਜਾਣਕਾਰੀ ਮੁਕੇਸ਼ ਨੂੰ ਨਹੀਂ ਦਿੱਤੀ ਗਈ। ਇਸ ਲਈ ਮੁਕੇਸ਼ ਨੂੰ ਨਵੇਂ ਸਿਰਿਓ ਕਿਊਰੇਟਿਵ ਪਟੀਸ਼ਨ ਅਤੇ ਦਯਾ ਪਟੀਸ਼ਨ ਦਾਖਲ ਕਰਨ ਦਾ ਮੌਕਾ ਜੁਲਾਈ 2021 ਤੱਕ ਦਿੱਤਾ ਜਾਵੇ। ਹੁਣ ਇਸ ਪਟੀਸ਼ਨ ’ਤੇ 9 ਮਾਰਚ ਨੂੰ ਸੁਣਵਾਈ ਹੋ ਸਕਦੀ ਹੈ। 

ਦੱਸਣਯੋਗ ਹੈ ਕਿ ਨਿਰਭਯਾ ਗੈਂਗਰੇਪ ਕਤਲ ਕੇਸ ਦੇ ਦੋਸ਼ੀਆਂ ਦੇ ਸਾਰੇ ਕਾਨੂੰਨੀ ਬਦਲ ਖਤਮ ਹੋਣ ਮਗਰੋਂ ਵੀਰਵਾਰ ਨੂੰ ਫਾਂਸੀ ਦੀ ਤਾਰੀਕ 20 ਮਾਰਚ ਤੈਅ ਕੀਤੀ ਗਈ ਹੈ। ਨਿਰਭਯਾ ਦੇ ਦੋਸ਼ੀਆਂ ਨੂੰ 20 ਮਾਰਚ ਨੂੰ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਵੇਗੀ ਅਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਅਜਿਹਾ ਤੀਜੀ ਵਾਰ ਹੋਇਆ ਸੀ, ਜਦੋਂ ਦੋਸ਼ੀਆਂ ਦੀ ਫਾਂਸੀ 'ਤੇ ਰੋਕ ਲੱਗੀ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ 'ਚ ਫਾਂਸੀ ਦੀ ਤਰੀਕ ਤੈਅ ਕੀਤੀ ਗਈ ਸੀ, ਫਿਰ 1 ਫਰਵਰੀ ਦੀ ਤਾਰੀਕ ਫਾਂਸੀ ਦੇਣ ਲਈ ਤੈਅ ਕੀਤੀ ਗਈ ਸੀ। ਹਾਲਾਂਕਿ ਦੋਸ਼ੀਆਂ ਨੇ ਕਾਨੂੰਨੀ ਦਾਅ ਪੇਚ ਲਾ ਕੇ ਇਸ ਨੂੰ ਰੱਦ ਕਰਵਾ ਦਿੱਤਾ ਸੀ। 3 ਮਾਰਚ ਨੂੰ ਤੀਜੀ ਵਾਰ ਫਾਂਸੀ ਟਾਲ ਦਿੱਤੀ ਗਈ, ਕਿਉਂਕਿ ਦੋਸ਼ੀ ਪਵਨ ਨੇ ਰਾਸ਼ਟਰਪਤੀ ਸਾਹਮਣੇ ਦਯਾ ਪਟੀਸ਼ਨ ਦਾਇਰ ਕਰ ਦਿੱਤੀ ਸੀ। ਦਯਾ ਪਟੀਸ਼ਨ ਪੈਂਡਿੰਗ ਹੋਣ ਕਾਰਨ 3 ਮਾਰਚ ਨੂੰ ਦਿੱਤੀ ਜਾਣ ਵਾਲੀ ਫਾਂਸੀ ਟਾਲ ਦਿੱਤੀ ਗਈ ਸੀ। ਪਵਨ ਦੀ ਦਯਾ ਪਟੀਸ਼ਨ ਬੁੱਧਵਾਰ (4 ਮਾਰਚ) ਨੂੰ ਰਾਸ਼ਟਰਪਤੀ ਵਲੋਂ ਖਾਰਜ ਕਰ ਦਿੱਤੀ ਗਈ ਹੈ। ਅਜਿਹੇ 'ਚ ਦੋਸ਼ੀਆਂ ਕੋਲ ਪਹਿਲਾਂ ਸਾਰੇ ਬਦਲ ਖਤਮ ਹੋ ਚੁੱਕੇ ਹਨ।

ਪੜ੍ਹੋ ਇਹ ਵੀ: 20 ਮਾਰਚ ਨੂੰ ਹੋਵੇਗੀ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ, ਡੈੱਥ ਵਾਰੰਟ ਜਾਰੀ


Iqbalkaur

Content Editor

Related News