ਖ਼ੁਦ 10ਵੀਂ ਤੱਕ ਪੜ੍ਹੀ ਅਧਿਆਪਕਾ ਪ੍ਰੀਤੀ ਮੋਂਗਾ ਸੈਂਕੜੇ ਬੱਚਿਆਂ ਨੂੰ ਦੇ ਰਹੀ ਨਵੀਂ ਜ਼ਿੰਦਗੀ
Thursday, Sep 10, 2026 - 03:24 PM (IST)
ਚੰਡੀਗੜ੍ਹ (ਸ਼ੀਨਾ) : ਪ੍ਰੀਤੀ ਮੋਂਗਾ ਦੀ ਨੇਤਰਹੀਣ ਅਧਿਆਪਕ ਅੱਜ ਸੈਂਕੜੇ ਬੱਚਿਆਂ ਦੀ ਜ਼ਿੰਦਗੀ ਸਵਾਰ ਰਹੀ ਹੈ। ਪ੍ਰੀਤੀ ਮੋਂਗਾ ਖ਼ੁਦ ਵੀ ਸਪੈਸ਼ਲ ਸਕੂਲ 'ਚ 10ਵੀਂ ਦੀ ਪੜ੍ਹਾਈ ਕਰ ਸਕੀ ਪਰ ਅੱਜ ਉਹੀ ਪ੍ਰੀਤੀ ਸੈਂਕੜੇ ਨੇਤਰਹੀਣ ਬੱਚਿਆਂ ਲਈ ਉਮੀਦ ਦੀ ਕਿਤਾਬ ਬਣ ਚੁੱਕੀ ਹੈ। ਚੰਡੀਗੜ੍ਹ 'ਚ ਪ੍ਰੀਤੀ ਮੋਂਗਾ ਆਪਣੀ ਸੰਸਥਾ ਸਿਲਵਰ ਲਾਈਨਿੰਗਜ਼ ਰਾਹੀਂ ‘ਪ੍ਰੋਜੈਕਟ ਸਿੱਖਿਆ’ ਚਲਾ ਰਹੀ ਹੈ, ਜਿੱਥੇ ਨੇਤਰਹੀਣ ਬੱਚਿਆਂ ਨੂੰ ਵੱਖਰੇ ਸਕੂਲਾਂ ਲਈ ਨਹੀਂ, ਸਗੋਂ ਆਮ ਸਕੂਲਾਂ 'ਚ ਪੜ੍ਹਨ ਅਤੇ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਨ ਲਈ ਤਿਆਰ ਕੀਤਾ ਜਾਂਦਾ ਹੈ। ਇਸ ਵੇਲੇ 31 ਬੱਚੇ ਇਸ ਪ੍ਰਾਜੈਕਟ ਨਾਲ ਜੁੜੇ ਹੋਏ ਹਨ।
‘ਬੱਚਿਆਂ ਨੂੰ ਤਰਸ ਨਹੀਂ, ਬਰਾਬਰੀ ਦਾ ਮੌਕਾ ਚਾਹੀਦਾ’
ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਪ੍ਰੀਤੀ ਕਹਿੰਦੀ ਹੈ ਕਿ ਨੇਤਰਹੀਣ ਬੱਚਿਆਂ ਨੂੰ ਵਿਜ਼ੂਅਲੀ ਇੰਪੇਅਰਡ ਕਹਿ ਕੇ ਵੱਖ ਕਰਨਾ ਹੱਲ ਨਹੀਂ। ਅਸਲ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਘਰ ਦੇ ਨੇੜੇ ਆਮ ਸਕੂਲ 'ਚ ਪੜ੍ਹਨ, ਦੋਸਤ ਬਣਾਉਣ ਅਤੇ ਉਹੀ ਸੁਫ਼ਨੇ ਦੇਖਣ, ਜੋ ਹਰ ਬੱਚਾ ਦੇਖਦਾ ਹੈ।
ਬੋਰਡ ‘ਤੇ ਲਿਖਿਆ ਹਰ ਸ਼ਬਦ ਬੋਲ ਕੇ ਪੜ੍ਹਾਉਂਦੇ ਹਨ ਅਧਿਆਪਕ
ਪ੍ਰਾਜੈਕਟ ਦਾ ਸਭ ਤੋਂ ਵੱਡਾ ਬਦਲਾਅ ਕਲਾਸਰੂਮ 'ਚ ਦਿਖਾਈ ਦਿੰਦਾ ਹੈ। ਅਧਿਆਪਕਾਂ ਨੂੰ ਸਿਰਫ਼ ਇੱਕ ਗੱਲ ਕਹੀ ਜਾਂਦੀ ਹੈ, ਜੋ ਵੀ ਬੋਰਡ ‘ਤੇ ਲਿਖੋ, ਉਸ ਨੂੰ ਉੱਚੀ ਆਵਾਜ਼ 'ਚ ਵੀ ਪੜ੍ਹੋ। ਬਾਕੀ ਵਿਦਿਆਰਥੀ ਕਾਪੀ 'ਚ ਲਿਖਦੇ ਹਨ, ਜਦੋਂ ਕਿ ਨੇਤਰਹੀਣ ਬੱਚੇ ਬ੍ਰੇਲ ਜਾਂ ਲੈਪਟਾਪ ‘ਤੇ ਨੋਟ ਤਿਆਰ ਕਰਦੇ ਹਨ। ਸ਼ਾਮ ਨੂੰ ਹੋਮਵਰਕ ਨੂੰ ਰੋਮਨ ਲਿਪੀ 'ਚ ਬਦਲ ਕੇ ਦੁਬਾਰਾ ਸਕੂਲ ਭੇਜਿਆ ਜਾਂਦਾ ਹੈ।
ਬ੍ਰੇਲ ਤੋਂ ਲੈ ਕੇ ਲੈਪਟਾਪ ਤੱਕ, ਹਰ ਹੁਨਰ ਦੀ ਸਿੱਖਿਆ
ਅਧਿਆਪਕ ਪ੍ਰੀਤੀ ਨੇ ਦੱਸਿਆ ਕਿ ਸੰਸਥਾ 'ਚ ਬੱਚਿਆਂ ਨੂੰ ਸਿਰਫ਼ ਬ੍ਰੇਲ ਹੀ ਨਹੀਂ, ਸਗੋਂ ਸਕ੍ਰੀਨ ਰੀਡਰ, ਸਪੀਚ ਆਉਟਪੁੱਟ ਸਾਫਟਵੇਅਰ, ਲੈਪਟਾਪ, ਮੋਬਾਇਲ ਗੈਜਿਟ, ਟੇਲਰ ਫ੍ਰੇਮ ਅਤੇ ਐਬੈਕਸ ਰਾਹੀਂ ਗਣਿਤ ਵੀ ਸਿਖਾਈ ਜਾਂਦੀ ਹੈ। ਨਾਲ ਹੀ ਚੱਲਣਾ-ਫਿਰਣਾ, ਆਤਮ-ਵਿਸ਼ਵਾਸ ਅਤੇ ਵਿਅਕਤੀਤਵ ਵਿਕਾਸ ‘ਤੇ ਵੀ ਖ਼ਾਸ ਧਿਆਨ ਦਿੱਤਾ ਜਾਂਦਾ ਹੈ।
ਪਹਿਲੀ ਵਿਦਿਆਰਥਣ ਨੇ ਲਿਖਿਆ ਇਤਿਹਾਸ
ਪ੍ਰੀਤੀ ਦੀ ਪਹਿਲੀ ਵਿਦਿਆਰਥਣ ਪੱਲਵੀ ਨੇ 10ਵੀਂ ਦੀ ਪ੍ਰੀਖਿਆ ਬਿਨਾਂ ਕਿਸੇ ਰਾਈਟਰ ਦੀ ਮਦਦ ਦੇ ਖ਼ੁਦ ਲਿਖੀ ਅਤੇ 92 ਫ਼ੀਸਦੀ ਅੰਕ ਹਾਸਲ ਕੀਤੇ। 12ਵੀਂ ਵਿੱਚ ਉਸ ਨੇ 94 ਫ਼ੀਸਦੀ ਨੰਬਰ ਲੈ ਕੇ ਹੁਣ ਕਾਲਜ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। ਬਟਾਲਾ ਅਤੇ ਹੁਸ਼ਿਆਰਪੁਰ ਵਰਗੇ ਸ਼ਹਿਰਾਂ ਦੇ ਕਈ ਬੱਚੇ ਅੱਜ ਵੀ ਇਸ ਪ੍ਰਾਜੈਕਟ ਨਾਲ ਆਨਲਾਈਨ ਜੁੜ ਕੇ ਤਕਨਾਲੋਜੀ ਦੀ ਸਿੱਖਿਆ ਲੈ ਰਹੇ ਹਨ। ਪ੍ਰੀਤੀ ਦੱਸਦੀ ਹੈ ਕਿ ਬਚਪਨ 'ਚ ਟੀਕਾਕਰਨ ਦੌਰਾਨ ਹੋਏ ਪ੍ਰਭਾਵ ਕਾਰਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਹੌਲੀ-ਹੌਲੀ ਖ਼ਤਮ ਹੋ ਗਈ ਪਰ ਹਾਰ ਮੰਨਣ ਦੀ ਬਜਾਏ ਉਸ ਨੇ 1987 ਤੋਂ ਨੇਤਰਹੀਣਾਂ ਲਈ ਕੰਮ ਸ਼ੁਰੂ ਕੀਤਾ, ਦੇਸ਼ ਦੀ ਪਹਿਲੀ ਬਲਾਈਂਡ ਏਰੋਬਿਕ ਇੰਸਟਰੱਕਟਰ ਬਣੀ ਅਤੇ 2006 ਵਿੱਚ ‘ਸਿਲਵਰ ਲਾਈਨਿੰਗਜ਼’ ਦੀ ਸਥਾਪਨਾ ਕੀਤੀ। ਅੱਜ ਜਦੋਂ ਉਸ ਦੇ ਆਪਣੇ ਸੁਫ਼ਨੇ 10ਵੀਂ ਜਮਾਤ ਤੋਂ ਅੱਗੇ ਨਹੀਂ ਵੱਧ ਸਕੇ, ਉਸ ਦੇ ਸਿਖਾਏ ਵਿਦਿਆਰਥੀ 12ਵੀਂ 'ਚ 94 ਫ਼ੀਸਦੀ ਨੰਬਰ ਲੈ ਕੇ ਕਾਲਜਾਂ ਤੱਕ ਪਹੁੰਚ ਰਹੇ ਹਨ। ਸ਼ਾਇਦ ਇਹੀ ਇੱਕ ਅਧਿਆਪਕ ਦੀ ਸਭ ਤੋਂ ਵੱਡੀ ਜਿੱਤ ਹੈ।
ਸੈਕਟਰ -26 ਦੇ ਬਲਾਇੰਡ ਸਕੂਲ ਦੇ ਅਧਿਆਪਕ ਅਨੂ ਮਹਿੰਦਰੂ (58 ਸਾਲ) ਸਕੂਲ ਵਿੱਚ ਨੇਤਰਹੀਣ ਵਿਦਿਆਰਥੀਆਂ ਨੂੰ 19 ਸਾਲਾਂ ਤੋਂ ਪੜ੍ਹਾ ਰਹੇ ਹਨ। ਅਨੂ ਮਹਿੰਦਰੂ ਨੇ ਐੱਮ. ਏ ਅੰਗਰੇਜ਼ੀ, ਹਿਸਟਰੀ ਅਤੇ ਬੀ. ਐੱਡ. ਕੀਤੀ ਹੈ ਅਤੇ ਖ਼ਾਸ ਬੱਚਿਆਂ ਨੂੰ ਪੜ੍ਹਾਉਣ ਲਈ ਵੀ ਦੇਹਰਾਦੂਨ ਤੋਂ ਖਾਸ ਸਿੱਖਿਆ ਵੀ ਹਾਸਲ ਕੀਤੀ ਹੈ। ਇਸਦੇ ਨਾਲ ਅਧਿਆਪਕਾ ਸਕੂਲ ਵਿੱਚ ਹੋਮ ਸਾਇੰਸ ਅਤੇ ਅੰਗਰੇਜ਼ੀ ਪੜ੍ਹਾਉਂਦੇ ਹਨ। ਅਨੂ ਮਹਿੰਦਰੂ ਨੇ ਦੱਸਿਆ ਕਿ ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਦੇ ਬਹੁਤ ਸਾਰੇ ਬੱਚੇ, ਜਿਨ੍ਹਾਂ ਨੇ ਨਾ ਸਿਰਫ ਬਰੇਲ ਸਿੱਖਿਆ ਦੇ ਨਾਲ ਪੜ੍ਹਾਈ ਕੀਤੀ, ਸਗੋਂ ਆਮ ਬੱਚਿਆਂ ਤੋਂ ਵੱਧ ਅੰਕ ਵੀ ਹਾਸਲ ਕੀਤੇ ਅਤੇ ਹੁਣ ਤੱਕ ਇੰਨੇ ਸਾਲਾਂ ਵਿੱਚ ਲਗਭਗ 200 ਨੇਤਰਹੀਣ ਵਿਦਿਆਰਥੀ 12ਵੀਂ ਤੋਂ ਬਾਅਦ ਕਾਲਜ ਵਿੱਚ ਦਿੱਲੀ, ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਦੇ ਕਾਲਜ ਵਿੱਚ ਪੜ੍ਹ ਰਹੇ ਹਨ ਅਤੇ ਕਈ ਵਿਦਿਆਰਥੀ ਸੰਗੀਤ ਕਮਪੋਜ਼ਰ ਬਣੇ ਹਨ। ਕੁਝ ਅੰਗਰੇਜ਼ੀ ਭਾਸ਼ਾ ਦੇ ਹੀ ਲੈਕਚਰਾਰ ਲੱਗੇ ਹਨ। ਉਨ੍ਹਾਂ ਕਿਹਾ ਕਿ ਇੱਕ ਅਧਿਆਪਕ ਹੋਣ ਦੇ ਨਾਤੇ ਮੇਰਾ ਇਹ ਸੁਭਾਗ ਹੈ ਕਿ ਮੇਰੀ ਸਿੱਖਿਆ ਇਨ੍ਹਾਂ ਬੱਚਿਆਂ ਦੀ ਉੱਨਤੀ ਲਈ ਇਸਤੇਮਾਲ ਹੋ ਰਹੀ ਹੈ ਅਤੇ ਮੇਰੀ ਇੰਨੀ ਕੋਸ਼ਿਸ਼ ਨਾਲ ਬਲਾਇੰਡ ਸਕੂਲ ਦੇ ਬੱਚਿਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਆਪਣੇ ਭਵਿੱਖ ਵਿਚ ਚੰਗੇ ਮੁਕਾਮ 'ਤੇ ਹਨ।
ਸੈਕਟਰ -26 ਬਲਾਇੰਡ ਸਕੂਲ ਦੇ ਅਧਿਆਪਕ ਕ੍ਰਾਂਤੀਦ੍ਰਸ਼ਨ ਸ਼ਰਮਾ ਪਿਛਲੇ 23 ਸਾਲ ਤੋਂ ਨੇਤਰਹੀਣ ਵਿਦਿਆਰਥੀਆਂ ਨੂੰ ਬਰੇਲ ਲਿਪੀ ਵਿੱਚ ਗਣਿਤ ਅਤੇ ਈਵੀਐਸ, ਪੋਲੀਟੀਕਲ ਸਾਇੰਸ ਅਤੇ ਇਤਿਹਾਸ ਪੜ੍ਹਾ ਰਹੇ ਹਨ। ਕੇ. ਡੀ. ਸ਼ਰਮਾ ਨੇ ਦੱਸਿਆ ਕਿ ਸਿੱਖਿਆ ਦੇ ਲਈ ਕੋਈ ਉਮਰ ਅਤੇ ਕੋਈ ਸਮਾਂ ਤੈਅ ਨਹੀਂ ਹੈ ਨਾ ਕਿਸੀ ਲਈ ਰੋਕ-ਟੋਕ ਹੈ ਸਿੱਖਿਆ ਦੇ ਨਾਲ ਆਮ ਤੋਂ ਖ਼ਾਸ ਬੱਚਿਆਂ ਦੇ ਲਈ ਭਵਿੱਖ ਵਿੱਚ ਬਹੁਤ ਸਾਰੇ ਰਸਤੇ ਖੁਲਦੇ ਹਨ। ਸਾਡੇ ਸਕੂਲ ਵਿੱਚ ਹੁਣ ਤੱਕ 25 ਤੋਂ ਵੱਧ ਪੜ੍ਹਾਏ ਗਏ ਨੇਤਰਹੀਣ ਵਿਦਿਆਰਥੀਆਂ ਨੇ ਆਮ ਬੱਚਿਆਂ 95 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ ਅਤੇ ਬੈਂਕ ਵਿੱਚ ਆਪਣੀ ਸੇਵਾ ਦੇ ਰਹੇ ਹਨ, ਕਈ ਮੈਨੇਜਰ ਬਣੇ ਹਨ। ਸਰਕਾਰ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਲਈ ਸਿੱਖਿਆ ਦੇ ਮਾਧਿਅਮ ਵਿਚ ਬਹੁਤ ਵਿਕਾਸ ਕੀਤਾ ਹੈ ਅਤੇ ਇਸਦੇ ਨਾਲ ਸਾਨੂੰ ਦੁਨੀਆ ਵਿੱਚ ਸਭ ਤੋਂ ਚੰਗਾ ਲੱਗ ਰਿਹਾ ਹੈ ਕਿ ਸਾਡੀ ਕਿਸਮਤ ਵਿੱਚ ਨੇਤਰਹੀਣ ਨੂੰ ਪੜ੍ਹਾਉਣ ਦਾ ਮੌਕਾ ਮਿਲਿਆ ਹੈ। ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਕਿਹਾ ਕਿ ਹਰ ਇਨਸਾਨ ਵਿੱਚ ਇੱਕ ਅਧਿਆਪਕ ਹੈ, ਜੇਕਰ ਖ਼ਾਸ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਵੀ ਅੱਗੇ ਆਉਂਦਾ ਹੈ ਤਾਂ ਅਧਿਆਪਕ ਦਾ ਦਰਜਾ ਹੋਰ ਵੱਧ ਜਾਵੇਗਾ।
