1 ਮਈ ਦਾ ਵਿਸ਼ੇਸ਼ ਸੈਸ਼ਨ ਅਦਾਲਤੀ ਕਾਰਵਾਈ ਤੋਂ ਬਚਣ ਦੀ ਯੋਜਨਾ : ਚੁੱਘ

Thursday, Apr 30, 2026 - 08:15 PM (IST)

1 ਮਈ ਦਾ ਵਿਸ਼ੇਸ਼ ਸੈਸ਼ਨ ਅਦਾਲਤੀ ਕਾਰਵਾਈ ਤੋਂ ਬਚਣ ਦੀ ਯੋਜਨਾ : ਚੁੱਘ

ਚੰਡੀਗੜ੍ਹ : ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਮੁੱਖ ਮੰਤਰੀ ਵੱਲੋਂ ਅਰਵਿੰਦ ਕੇਜਰੀਵਾਲ ਵਾਂਗ ਅਦਾਲਤਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਮਾਨਸਾ ਦੀ ਅਦਾਲਤ ਵਿੱਚ ਨਿੱਜੀ ਹਾਜ਼ਰੀ ਤੋਂ ਬਚਣ ਲਈ 1 ਮਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਹ ਕਦਮ ਸਾਫ਼ ਤੌਰ 'ਤੇ ਨਿਆਂ ਪ੍ਰਕਿਰਿਆ ਤੋਂ ਬਚਣ ਅਤੇ ਅਦਾਲਤ ਦੀ ਮਰਯਾਦਾ ਨੂੰ ਢਾਹੁਣ ਦੀ ਕੋਸ਼ਿਸ਼ ਹੈ।

ਚੁੱਘ ਨੇ ਕਿਹਾ ਕਿ ਅਦਾਲਤੀ ਰਿਕਾਰਡ ਮੁਤਾਬਕ ਭਗਵੰਤ ਮਾਨ 2022 ਤੋਂ ਅੱਜ ਤੱਕ ਇਕ ਵਾਰ ਵੀ ਹਾਜ਼ਰ ਨਹੀਂ ਹੋਏ ਅਤੇ ਹਰ ਵਾਰ ਅਸਪਸ਼ਟ ਕਾਰਨਾਂ ਦੇ ਆਧਾਰ 'ਤੇ ਛੂਟ ਲੈਂਦੇ ਰਹੇ ਹਨ। ਅਦਾਲਤ ਨੇ ਵੀ ਇਸ ਗੱਲ 'ਤੇ ਸਖ਼ਤ ਰਵੱਈਆ ਅਖ਼ਤਿਆਰ ਕਰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਅਗਲੀ ਤਾਰੀਖ 'ਤੇ ਗੈਰਹਾਜ਼ਰੀ ਦੇ ਮਾਮਲੇ ਵਿੱਚ ਜ਼ਮਾਨਤ ਰੱਦ ਹੋ ਸਕਦੀ ਹੈ ਅਤੇ ਜ਼ਬਰਦਸਤੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਅਰਜ਼ੀ ਵੀ ਪਹਿਲਾਂ ਹੀ ਰੱਦ ਕੀਤੀ ਜਾ ਚੁੱਕੀ ਹੈ, ਫਿਰ ਵੀ ਮਾਨ ਅਦਾਲਤ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਉਨ੍ਹਾਂ ਦੀ ਸੋਚ ਅਤੇ ਕਾਨੂੰਨ ਪ੍ਰਤੀ ਰਵੱਈਏ ਨੂੰ ਦਰਸਾਉਂਦਾ ਹੈ।

ਚੁੱਘ ਨੇ ਕਿਹਾ ਕਿ ਲੇਬਰ ਡੇ 'ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ, ਜੋ ਪਿਛਲੇ ਚਾਰ ਸਾਲਾਂ ਵਿੱਚ ਨਹੀਂ ਹੋਇਆ, ਕਈ ਸਵਾਲ ਖੜੇ ਕਰਦਾ ਹੈ। ਮਜ਼ਦੂਰਾਂ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਨਾਕਾਮ ਰਹੇ ਭਗਵੰਤ ਮਾਨ ਹੁਣ ਸਰਕਾਰ ਨੂੰ ਢਾਲ ਬਣਾ ਕੇ ਅਦਾਲਤ ਤੋਂ ਭੱਜ ਰਹੇ ਹਨ।

ਉਨ੍ਹਾਂ ਨੇ ਆਖ਼ਿਰ 'ਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਹਮੇਸ਼ਾਂ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਾਲੀ ਰਹੀ ਹੈ। ਦਿੱਲੀ ਤੋਂ ਪੰਜਾਬ ਤੱਕ AAP ਦੇ ਨੇਤਾਵਾਂ ਨੇ ਅਦਾਲਤਾਂ ਦੀ ਅਣਦੇਖੀ ਕਰਕੇ ਲੋਕਤੰਤਰਕ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਇਆ ਹੈ।


author

Baljit Singh

Content Editor

Related News