ਪ੍ਰਸ਼ਾਸਨ ਦੀ ਅਣਗਹਿਲੀ ਕਾਰਨ 237 ਬੇਗੁਨਾਹਾਂ ’ਤੇ ਪਰਚਾ ਦਰਜ ਹੋਣਾ ਮੰਦਭਾਗਾ: ਰਾਜਾ ਗਿੱਲ
Wednesday, Nov 18, 2026 - 01:46 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸਬ-ਤਹਿਸੀਲ ਵਿਚ 2013 ਤੋਂ ਲੈ ਕੇ 2016 ਤੱਕ ਰਜਿਸਟਰੀ ਕਰਵਾਉਣ ਵਾਲੇ 237 ਵਿਅਕਤੀਆਂ ’ਤੇ ਅਸ਼ਟਾਮ ਚੋਰੀ ਦਾ ਜੋ ਮਾਮਲਾ ਦਰਜ ਹੋਇਆ ਹੈ ਉਸ ਸਬੰਧੀ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਲੋਕਾਂ ਨਾਲ ਖੜ੍ਹਨ ਦਾ ਦਾਅਵਾ ਕੀਤਾ। ਰਾਜਾ ਗਿੱਲ ਨੇ ਕਿਹਾ ਕਿ ਜਦੋਂ ਇਹ ਮਾਮਲਾ ਮਾਣਯੋਗ ਹਾਈਕੋਰਟ ਵਿਚ ਚੱਲ ਰਿਹਾ ਸੀ ਤਾਂ ਉਸ ਸਮੇਂ ਪ੍ਰਸ਼ਾਸਨ ਨੇ ਸੁਚੱਜੇ ਢੰਗ ਨਾਲ ਪੈਰਵਾਈ ਨਹੀਂ ਕੀਤੀ ਅਤੇ ਮਾਛੀਵਾੜਾ ਇਲਾਕੇ ਦੇ 237 ਬੇਗੁਨਾਹਾਂ ’ਤੇ ਪਰਚਾ ਦਰਜ ਹੋ ਗਿਆ। ਉਨ੍ਹਾਂ ਕਿਹਾ ਕਿ 237 ’ਚੋਂ ਜ਼ਿਆਦਾਤਰ ਲੋਕਾਂ ਨੇ ਜੋ ਅਸ਼ਟਾਮ ਕਮੀ ਮਾਲ ਵਿਭਾਗ ਵਲੋਂ ਕੱਢੀ ਹੋਈ ਸੀ ਉਸ ਦੀ ਅਦਾਇਗੀ ਵੀ ਕੀਤੀ ਹੋਈ ਹੈ ਅਤੇ ਫਿਰ ਉਨ੍ਹਾਂ ’ਤੇ ਇਹ ਮਾਮਲਾ ਦਰਜ ਹੋਣਾ ਬਹੁਤ ਹੀ ਮੰਦਭਾਗਾ ਹੈ।
ਰਾਜਾ ਗਿੱਲ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਜੇ ਅਦਾਲਤ ਵਿਚ ਸਬੂਤ ਤੇ ਤੱਥ ਪੇਸ਼ ਕੀਤੇ ਹੁੰਦੇ ਤਾਂ ਅੱਜ ਲੋਕਾਂ ਨੂੰ ਹੁਣ ਕੋਰਟ, ਕਚਹਿਰੀਆਂ ਅਤੇ ਪੁਲਸ ਥਾਣਿਆਂ ਦੇ ਚੱਕਰ ਨਹੀਂ ਲਗਾਉਣੇ ਪੈਣੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਾਛੀਵਾੜਾ ਇਲਾਕੇ ਦੇ 237 ਬੇਗੁਨਾਹ ਲੋਕਾਂ ਦਾ ਡੱਟ ਕੇ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਪਰਚਾ ਦਰਜ ਹੋਣ ਤੋਂ ਬਾਅਦ ਲੋਕਾਂ ਵਿਚ ਹੜਕੰਪ ਮਚਿਆ ਹੋਇਆ ਹੈ ਜੋ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਰੱਜ ਕੇ ਕੋਸ ਰਹੇ ਹਨ। ਰਾਜਾ ਗਿੱਲ ਨੇ ਕਿਹਾ ਕਿ ਉਹ ਹਲਕਾ ਸਮਰਾਲਾ ਦੇ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਜਿਨ੍ਹਾਂ ਬੇਗੁਨਾਹ ਲੋਕਾਂ ’ਤੇ ਮਾਮਲੇ ਦਰਜ ਹੋਏ ਹਨ, ਕਾਂਗਰਸ ਸਰਕਾਰ ਆਉਣ ’ਤੇ ਉਹ ਪਹਿਲ ਦੇ ਅਧਾਰ ’ਤੇ ਰੱਦ ਕਰਵਾਏ ਜਾਣਗੇ।
