ਪੰਜਾਬ ''ਚ ਲੱਗ ਰਹੇ ਲੰਬੇ ਬਿਜਲੀ ਕੱਟਾਂ ਤੋਂ ਲੋਕ ਪਰੇਸ਼ਾਨ, ਕਿਸਾਨਾਂ ਵੀ ਔਖੇ
Thursday, Jun 19, 2025 - 05:03 PM (IST)

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬੀਆਂ ਨੂੰ ਮੁਫ਼ਤ ਬਿਜਲੀ ਦੇਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ 24 ਘੰਟੇ ਨਿਰੰਤਰ ਬਿਜਲੀ ਦੇਣ ਵਿੱਚ ਅਸਫ਼ਲ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਅਰਵਿੰਦ ਖੰਨਾ ਨੇ ਕਿਹਾ ਕਿ ਅੰਤਾਂ ਦੀ ਪੈ ਰਹੀ ਗਰਮੀ ਵਿੱਚ ਲੱਗ ਰਹੇ ਬਿਜਲੀ ਕੱਟਾਂ ਕਾਰਨ ਸੂਬੇ ਦੇ ਲੋਕ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਰਦੇ-ਪੁੱਜਦੇ ਲੋਕ ਤਾਂ ਬੇਸ਼ੱਕ ਜਰਨੇਟਰਾਂ ਦਾ ਸਹਾਰਾ ਲੈ ਕੇ ਬਿਜਲੀ ਕੱਟਾਂ ਦਾ ਹੱਲ ਕਰ ਰਹੇ ਹਨ ਪਰ ਆਮ ਲੋਕਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਦਾ ਸੀਜ਼ਨ ਹੋਣ ਦੇ ਬਾਵਜੂਦ ਸਰਕਾਰ ਦਾ 24 ਘੰਟੇ ਬਿਜਲੀ ਨਿਰੰਤਰ ਦੇਣ ਵੱਲ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਥਿਤੀ ਬਣੀ ਰਹੀ ਤਾਂ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਝੋਨੇ ਦੀ ਬਿਜਾਈ ਕਰਨੀ ਪਵੇਗੀ। ਜਿਸ ਕਾਰਨ ਪਹਿਲਾਂ ਤੋਂ ਹੀ ਮਾੜੀ ਆਰਥਿਕਤਾ ਨਾਲ ਜੂਝ ਰਹੇ ਕਿਸਾਨਾਂ ਦੀ ਹਾਲਤ ਹੋਰ ਵੀ ਪਤਲੀ ਹੋ ਜਾਵੇਗੀ। ਅਰਵਿੰਦ ਖੰਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਸਥਿਤੀ ਵੱਲ ਫੌਰੀ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਝੋਨੇ ਦੀ ਬਿਜਾਈ ਸਮੇਂ ਸਿਰ ਅਤੇ ਸੁਖਾਲੇ ਢੰਗ ਨਾਲ ਹੋ ਸਕੇ।