1981 : ਕੌਸ਼ਿਕ ਨੂੰ ਹਟਾਇਆ, 44 ਸਾਲਾਂ ਬਾਅਦ ਲੌਂਗੀਆ ਨੂੰ ਕੁਰਸੀ ਤੋਂ ਉਤਾਰਿਆ

Saturday, May 17, 2025 - 02:54 PM (IST)

1981 : ਕੌਸ਼ਿਕ ਨੂੰ ਹਟਾਇਆ, 44 ਸਾਲਾਂ ਬਾਅਦ ਲੌਂਗੀਆ ਨੂੰ ਕੁਰਸੀ ਤੋਂ ਉਤਾਰਿਆ

ਖਰੜ (ਰਣਬੀਰ/ਅਮਰਦੀਪ/ਗਗਨਦੀਪ) : ਖਰੜ ਕੌਂਸਲ ਦੀ ਸਿਆਸਤ ਨੇ 44 ਸਾਲ ਬਾਅਦ ਇਤਿਹਾਸ ਦੁਹਰਾਉਂਦਿਆਂ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਨੂੰ ਅਹੁਦੇ ਤੋਂ ਉਤਾਰ ਦਿੱਤਾ। ਇਸੇ ਤਰ੍ਹਾਂ 1981 ’ਚ ਜੋਗਿੰਦਰ ਨਾਥ ਕੌਸ਼ਿਕ ਨੂੰ ਪ੍ਰਧਾਨਗੀ ਤੋਂ ਹਟਾਇਆ ਗਿਆ ਸੀ। ਸ਼ੁੱਕਰਵਾਰ ਨੂੰ 4 ਸਾਲ ਤੋਂ ਚੱਲ ਰਹੀ ਖਿੱਚੋਤਾਣ ਆਪਣੇ ਅੰਜਾਮ ਤੱਕ ਪਹੁੰਚ ਗਈ। ਬੇਭਰੋਸਗੀ ਮਤੇ ’ਤੇ 29 ’ਚੋਂ 20 ਵੋਟਾਂ ਪਈਆਂ, ਜਿਨ੍ਹਾਂ ’ਚ 18 ਕੌਂਸਲਰ ਤੇ 2 ਵਿਧਾਇਕ ਅਨਮੋਲ ਗਗਨ ਮਾਨ ਅਤੇ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਚੰਨੀ ਸ਼ਾਮਲ ਸਨ। ਦੂਜੇ ਪਾਸੇ ਲੌਂਗੀਆ ਦੇ ਹੱਕ ’ਚ ਸਿਰਫ਼ 2 ਕੌਂਸਲਰ ਹੀ ਆਏ।

ਇਨ੍ਹਾਂ ’ਚ ਧਨਵੰਤ ਕੌਰ ਤੇ ਮਿਹਰ ਕੌਰ ਸਨ, ਜਦਕਿ ਬਾਕੀ ਮੈਂਬਰਾਂ ’ਚੋਂ ਮਨਪ੍ਰੀਤ ਸਿੰਘ ਮੰਨਾ, ਜਯੋਤੀ ਗੁਜਰਾਲ, ਨੀਲਮ ਸ਼ਰਮਾ, ਮਾਨ ਸਿੰਘ ਸੈਣੀ, ਗੁਰਪਾਲ ਸਿੰਘ, ਜਸਬੀਰ ਸਿੰਘ ਜੋਨੀ ਰਾਣਾ ਗ਼ੈਰਹਾਜ਼ਰ ਰਹੇ। ਵਿਸ਼ੇਸ਼ ਗੱਲ ਇਹ ਹੈ ਕਿ ਜਿਨ੍ਹਾਂ 18 ਕੌਂਸਲਰਾਂ (8 ਕਾਂਗਰਸ਼, 7 ਅਜ਼ਾਦ, 2 'ਆਪ' ਤੇ ਇਕ ਸ਼੍ਰੋਮਣੀ ਅਕਾਲੀ ਦਲ) ਦੇ ਸਮਰਥਨ ਨਾਲ ਮਤਾ ਪਾਸ ਹੋਇਆ, ਉਨ੍ਹਾਂ ਨੂੰ ਕੁਝ ਦਿਨਾਂ ਤੋਂ 'ਆਊਟ ਆਫ਼ ਰੀਚ' ਰੱਖਿਆ ਗਿਆ ਸੀ। ਵਿਧਾਇਕਾ ਅਨਮੋਲ ਗਗਨ ਮਾਨ ਤੇ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕੌਂਸਲਰ ਸਵੇਰੇ ਸਾਢੇ 10 ਵਜੇ ਵੋਲਵੋ ਬੱਸ ’ਚ ਆਏ। ਕੌਂਸਲ ਦਫ਼ਤਰ ਦੇ ਮੇਨ ਗੇਟ ਤੋਂ ਪੈਦਲ ਹੀ ਸੁਰੱਖਿਆ ਵਿਚਕਾਰ ਮੀਟਿੰਗ ਹਾਲ ਪਹੁੰਚੇ।

ਇਸ ਤੋਂ 15 ਮਿੰਟ ਪਹਿਲਾਂ ਲੌਂਗੀਆ 2 ਕੌਂਸਲਰਾਂ ਨਾਲ ਆਏ। ਇਸ ਤੋਂ ਬਾਅਦ 20 ਮੈਂਬਰਾਂ ਨੇ ਹੱਥ ਖੜ੍ਹੇ ਕਰ ਕੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ। 18 ਕੌਂਸਲਰਾਂ ਨੂੰ 24 ਅਪ੍ਰੈਲ ਤੋਂ 15 ਮਈ ਤੱਕ ਹਿਮਾਚਲ ਦੇ ਜ਼ਿਲ੍ਹਾ ਸਿਰਮੌਰ ਦੀ ਰਾਜਗੜ੍ਹ ਤਹਿਸੀਲ ਵਿਚਲੇ ਸੂਰਿਆਵਿਲਾਸ ਲਗਜ਼ਰੀ ਰਿਜ਼ਾਰਟ ’ਚ ਠਹਿਰਾਇਆ ਗਿਆ ਸੀ। ਉਨ੍ਹਾਂ ਨੂੰ ਵੀਰਵਾਰ ਸ਼ਾਮ ਜ਼ੀਰਕਪੁਰ ਵਿਖੇ ਹੋਟਲ ’ਚ ਲਿਆਂਦਾ ਗਿਆ, ਜਿੱਥੇ ਰਾਤ ਭਰ ਮੀਟਿੰਗਾਂ ਚੱਲਦੀਆਂ ਰਹੀਆਂ ਸੀ। ਦੱਸਣਯੋਗ ਹੈ ਕਿ 23 ਅਪ੍ਰੈਲ ਨੂੰ 18 ਕੌਂਸਲਰਾਂ ਨੇ ਬੇਭਰੋਸਗੀ ਦਾ ਮਤਾ ਪੇਸ਼ ਕਰ ਕੇ ਕਾਰਜਸਾਧਕ ਅਫ਼ਸਰ ਨੂੰ ਮੀਟਿੰਗ ਬੁਲਾਉਣ ਲਈ ਪੱਤਰ ਦਿੱਤਾ ਸੀ। ਇਸ ਪਿੱਛੇ ਤਰਕ ਦਿੱਤਾ ਸੀ ਕਿ ਲੌਂਗੀਆ ਦੀ ਅਗਵਾਈ ਹੇਠ ਵਿਕਾਸ ਕਾਰਜ ਠੱਪ ਹੋ ਗਏ ਹਨ। ਕੁਝ ਮਹੀਨਿਆਂ ਬਾਅਦ ਚੋਣਾਂ ਹਨ ਤੇ ਲੋਕਾਂ ਨੇ ਕੰਮਾਂ ਬਾਰੇ ਪੁੱਛਣਾ ਹੈ ਇਸ ਲਈ ਇਕੱਠੇ ਹੋ ਕੇ ਪ੍ਰਧਾਨ ਬਦਲਣ ਦਾ ਮਤਾ ਲਿਆਂਦਾ ਗਿਆ ਸੀ ਜੋ 24 ਦਿਨਾਂ ਬਾਅਦ ਪ੍ਰਵਾਨ ਹੋ ਗਿਆ।
 


author

Babita

Content Editor

Related News