175 ਜਾਅਲੀ NOC ਵਾਲੀਆਂ ਰਜਿਸਟਰੀਆਂ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪੁੱਜਿਆ

Tuesday, Nov 17, 2026 - 03:06 PM (IST)

175 ਜਾਅਲੀ NOC ਵਾਲੀਆਂ ਰਜਿਸਟਰੀਆਂ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪੁੱਜਿਆ

ਡੇਰਾਬੱਸੀ (ਅਨਿਲ ਸ਼ਰਮਾ) : ਡੇਰਾਬੱਸੀ ਤਹਿਸੀਲ 'ਚ ਜਾਅਲੀ ਐੱਨ. ਓ. ਸੀ. ਦੇ ਆਧਾਰ ’ਤੇ ਹੋਈਆਂ ਰਜਿਸਟਰੀਆਂ ਦਾ ਮਾਮਲਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ 'ਚ ਪਹੁੰਚ ਗਿਆ ਹੈ। ਇਸ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਡੇਰਾਬੱਸੀ ਵਾਸੀ ਸੁਮਿਤ ਗੁਪਤਾ ਨੇ ਮੁੱਖ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਕਿਸੇ ਈਮਾਨਦਾਰ ਸੀਨੀਅਰ ਅਧਿਕਾਰੀ ਜਾਂ ਵਿਜੀਲੈਂਸ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਸਵਾਲ ਉਠਾਇਆ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਇਸ ਗੰਭੀਰ ਮਾਮਲੇ 'ਚ ਹੁਣ ਤੱਕ ਠੋਸ ਕਾਰਵਾਈ ਕਿਉਂ ਨਹੀਂ ਕਰ ਸਕੀ।  ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਪਿੰਡ ਬਾਕਰਪੁਰ 'ਚ ਐੱਸ. ਵਾਈ. ਐੱਲ. ਨਹਿਰ ਦੀ ਜ਼ਮੀਨ ’ਤੇ ਕਬਜ਼ਿਆਂ, ਕਾਲੋਨੀਆਂ ਦੀ ਮਨਜ਼ੂਰੀ ਅਤੇ ਉਨ੍ਹਾਂ ਦੀ ਵਿਕਰੀ ਵਿੱਚ ਵੀ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਹੋਈਆਂ ਹਨ। ਸ਼ਿਕਾਇਤਕਰਤਾ ਅਨੁਸਾਰ ਇਸ ਪੂਰੇ ਮਾਮਲੇ ਦੀਆਂ ਪਰਤਾਂ ਉਸ ਸਮੇਂ ਖੁੱਲ੍ਹਣੀਆਂ ਸ਼ੁਰੂ ਹੋਈਆਂ, ਜਦੋਂ ਪਿੰਡ ਬਾਕਰਪੁਰ ਦੀ ਇੱਕ ਰਜਿਸਟਰੀ 'ਚ ਜਾਅਲੀ ਐੱਨ. ਓ. ਸੀ. ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਨਗਰ ਕੌਂਸਲ ਦੀ ਸ਼ਿਕਾਇਤ ’ਤੇ ਪੁਲਸ ਵੱਲੋਂ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
175 ਰਜਿਸਟਰੀਆਂ ਤੱਕ ਹੀ ਕਿਉਂ ਸੀਮਤ ਰਹੀ ਜਾਂਚ?
ਸੁਮਿਤ ਗੁਪਤਾ ਨੇ ਜਾਂਚ ਦੇ ਘੇਰੇ ’ਤੇ ਸਵਾਲ ਉਠਾਉਂਦਿਆਂ ਦਾਅਵਾ ਕੀਤਾ ਹੈ ਕਿ ਜਾਅਲੀ ਐਨਓਸੀ ਦੇ ਆਧਾਰ ’ਤੇ ਹੋਈਆਂ ਰਜਿਸਟਰੀਆਂ ਦੀ ਗਿਣਤੀ 175 ਤੋਂ ਕਿਤੇ ਵੱਧ ਹੋ ਸਕਦੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਜਿਹੀਆਂ ਰਜਿਸਟਰੀਆਂ ਹੋਣ ਦਾ ਖ਼ਦਸ਼ਾ ਵੀ ਜਤਾਇਆ ਗਿਆ ਹੈ, ਜੋ ਕਥਿਤ ਤੌਰ ’ਤੇ ਬਿਨਾਂ ਐੱਨ. ਓ. ਸੀ. ਦੇ ਕਰਵਾਈਆਂ ਗਈਆਂ। ਹਾਲਾਂਕਿ ਜਾਂਚ ਦੌਰਾਨ ਸਿਰਫ਼ 175 ਰਜਿਸਟਰੀਆਂ ਵਿੱਚ ਜਾਅਲੀ ਐੱਨ. ਓ. ਸੀ. ਵਰਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਸ਼ਿਕਾਇਤਕਰਤਾ ਨੇ ਸਵਾਲ ਕੀਤਾ ਹੈ ਕਿ ਜਦੋਂ 175 ਰਜਿਸਟਰੀਆਂ ਵਿੱਚ ਗੜਬੜੀ ਸਾਹਮਣੇ ਆ ਗਈ ਸੀ ਤਾਂ ਬਾਕੀ ਸ਼ੱਕੀ ਰਜਿਸਟਰੀਆਂ ਦੀ ਜਾਂਚ ਕਿਉਂ ਨਹੀਂ ਕਰਵਾਈ ਗਈ?


 


author

Babita

Content Editor

Related News