ਚੰਨੀ ਦੀ ‘ਜਵਾਨੀ ਸੰਭਾਲ ਯਾਤਰਾ’ ਦਾ ਹਲਕਾ ਸਮਰਾਲਾ ਦੀ ਕਾਂਗਰਸ ਵਿਚ ਵੱਡਾ ਅਸਰ
Saturday, Nov 14, 2026 - 04:43 PM (IST)
ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਦੌਰ ਵਿਚ ਆਰੰਭ ਕੀਤੀ ‘ਜਵਾਨੀ ਸੰਭਾਲ ਯਾਤਰਾ’ ਹਲਕਾ ਸਮਰਾਲਾ ਦੀ ਕਾਂਗਰਸ ਵਿਚ ਨਵਾਂ ਜੋਸ਼ ਭਰ ਗਈ ਅਤੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਰੱਖੀ ਰੈਲੀ ’ਚ ਵਰਕਰਾਂ ਤੇ ਲੋਕਾਂ ਦਾ ਉਮੜਿਆ ਇਕੱਠ ਹਲਕੇ ਵਿਚ ਲਗਾਤਾਰ 5 ਸਾਲਾਂ ਦੀ ਮਿਹਨਤ ਦਾ ਸਬੂਤ ਦੇ ਗਿਆ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਸਮਰਾਲਾ ਤੋਂ ਰਾਜਾ ਗਿੱਲ ਨੂੰ ਕੇਵਲ 15 ਦਿਨ ਪਹਿਲਾਂ ਹੀ ਟਿਕਟ ਦੀ ਘੋਸ਼ਣਾ ਹੋਈ ਪਰ ਇਨ੍ਹਾਂ ਦਿਨਾਂ ਵਿਚ ਉਨ੍ਹਾਂ ਦੀ ਟੀਮ ਨੇ ਆਸ ਨਾਲੋਂ ਵੱਧ ਕਾਰਗੁਜ਼ਾਰੀ ਦਿਖਾਈ। ਪਿਛਲੀਆਂ ਚੋਣਾਂ ਵਿਚ ‘ਆਪ’ ਦੀ ਲਹਿਰ ਅੱਗੇ ਕੋਈ ਵੀ ਸਿਆਸੀ ਪਾਰਟੀ ਟਿਕ ਨਾ ਸਕੀ ਪਰ ਇਸ ਦੇ ਬਾਵਜੂਦ ਵੀ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਹਲਕਾ ਸਮਰਾਲਾ ਵਿਚ ਪੱਕੇ ਤੌਰ ’ਤੇ ਆਪਣੀ ਰਿਹਾਇਸ਼ ਕਰਕੇ ਇੱਥੇ ਡੇਰੇ ਲਗਾ ਲਏ ਅਤੇ 5 ਸਾਲਾਂ ਵਿਚ ਹਰੇਕ ਵਰਕਰ ਨਾਲ ਸਿੱਧਾ ਰਾਬਤਾ ਕਾਇਮ ਕਰ ਅਤੇ ਲੋਕਾਂ ਦੇ ਦੁੱਖ, ਸੁੱਖ ਵਿਚ ਸ਼ਾਮਲ ਹੋ ਕੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ।
ਪੰਜਾਬ ਕਾਂਗਰਸ ਪ੍ਰਧਾਨਗੀ ਦੀ ਰੱਦੋ ਬਦਲ ਦੌਰਾਨ ਲੋਕਾਂ ਵਿਚ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਹੋ ਗਏ ਸਨ ਅਤੇ ਹਲਕਾ ਸਮਰਾਲਾ ਵਿਚ ਵੀ ਕਾਂਗਰਸ ਗੁੱਟਬੰਦੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਸੀ। ਹੁਣ ਜਦੋਂ ਚਰਨਜੀਤ ਸਿੰਘ ਚੰਨੀ ਦੀ ‘ਜਵਾਨੀ ਸੰਭਾਲ ਯਾਤਰਾ’ ਸ੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਹੋ ਕੇ ਪਹਿਲੀ ਰਾਤ ਹਲਕਾ ਸਮਰਾਲਾ ਵਿਚ ਪੁੱਜੀ ਤਾਂ ਇੱਥੇ ਕਾਂਗਰਸੀ ਵਰਕਰਾਂ ਤੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਲੋਕਾਂ ਦਾ ਭਰਵਾਂ ਇਕੱਠ ਇਸ ਗੱਲ ਦਾ ਸਬੂਤ ਦੇ ਗਿਆ ਕਿ ਰੁਪਿੰਦਰ ਸਿੰਘ ਰਾਜਾ ਗਿੱਲ ਨੇ 5 ਸਾਲ ਇੱਥੇ ਮਿਹਨਤ ਕੀਤੀ ਅਤੇ ਅੱਜ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੀਆਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਪੂਰੀ ਕਾਂਟੇਦਾਰ ਟੱਕਰ ਦੇਣ ਲਈ ਤਿਆਰ ਹਨ। ਚਰਨਜੀਤ ਸਿੰਘ ਚੰਨੀ ਵਲੋਂ ਵੀ ਰੈਲੀ ਦੌਰਾਨ ਸਿੱਧੇ ਤੌਰ ’ਤੇ ਰੁਪਿੰਦਰ ਸਿੰਘ ਰਾਜਾ ਗਿੱਲ ਨੂੰ ਇੱਥੋਂ ਜਿਤਾਉਣ ਦੀ ਅਪੀਲ ਕਰ ਦਿੱਤੀ ਜਿਸ ਨਾਲ ਉਨ੍ਹਾਂ ਦੇ ਸਮਰਥਕ ਤਾਂ ਜਿੱਥੇ ਬਾਗੋ ਬਾਗ ਨਜ਼ਰ ਆ ਰਹੇ ਹਨ ਉੱਥੇ ਲੋਕਾਂ ਵਿਚ ਵੀ ਜੋ ਸ਼ੰਕਾਵਾਂ ਸਨ ਉਹ ਘਟ ਗਈਆਂ।
ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਪਿਛਲੇ 5 ਸਾਲਾਂ ਦੇ ਸਮੇਂ ਦੌਰਾਨ ਹਲਕਾ ਸਮਰਾਲਾ ਵਿਚ ਹਰੇਕ ਕਾਂਗਰਸੀ ਵਰਕਰ ਨੂੰ ਜਿੱਥੇ ਸਤਿਕਾਰ ਦਿੱਤਾ ਉੱਥੇ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਵੀ ਆਪਣਾ ਫ਼ਰਜ਼ ਤਨਦੇਹੀ ਨਾਲ ਨਿਭਾਇਆ। ਉਨ੍ਹਾਂ ਕਿਹਾ ਕਿ ‘ਜਵਾਨੀ ਸੰਭਾਲ ਯਾਤਰਾ’ ਦੌਰਾਨ ਲੋਕਾਂ ਵਲੋਂ ਦਿੱਤੇ ਭਰਵੇਂ ਸਮਰਥਨ ਅਤੇ ਕਾਂਗਰਸੀ ਵਰਕਰਾਂ ਵਲੋਂ ਨਿਭਾਈ ਡਿਊਟੀ ਲਈ ਉਹ ਬਹੁਤ ਧੰਨਵਾਦੀ ਹਨ ਅਤੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਸ਼ਾਨਦਾਰ ਜਿੱਤ ਹੋਵੇਗੀ।
