ਬੀ. ਸੀ. ਡਾਕਟਰਾਂ ਦੀ ਮੰਗ ''ਤੇ ਸੂਬੇ ''ਚ ਲਾਗੂ ਹੋ ਸਕਦਾ ਹੈ ਇਹ ਨਿਯਮ
Thursday, Aug 06, 2020 - 03:57 PM (IST)

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਡਾਕਟਰਾਂ ਦੀ ਮੰਗ 'ਤੇ ਜਲਦ ਹੀ ਸੂਬੇ 'ਚ ਜਨਤਕ ਥਾਵਾਂ 'ਤੇ ਮਾਸਕ ਲਾਜ਼ਮੀ ਹੋ ਸਕਦਾ ਹੈ।
ਬੀ. ਸੀ. ਡਾਕਟਰਾਂ ਨੇ ਇਕ ਖੁੱਲ੍ਹੇ ਪੱਤਰ 'ਤੇ ਇਸ ਨੂੰ ਜ਼ਰੂਰੀ ਕਰਨ 'ਤੇ ਦਸਤਖ਼ਤ ਕੀਤੇ ਹਨ। ਇਸ 'ਚ ਸੂਬਾ ਸਰਕਾਰ ਨੂੰ ਕੋਵਿਡ-19 ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਜਨਤਕ ਥਾਵਾਂ 'ਤੇ ਮਾਸਕ ਦੀ ਵਰਤੋਂ ਨੂੰ ਲਾਜ਼ਮੀ ਕਰਨ ਦੀ ਮੰਗ ਕੀਤੀ ਗਈ ਹੈ।
ਬ੍ਰਿਟਿਸ਼ ਕੋਲੰਬੀਆ ਦੇ 80 ਤੋਂ ਵੱਧ ਡਾਕਟਰਾਂ ਦਾ ਕਹਿਣਾ ਹੈ ਕਿ ਜਨਤਕ ਆਵਾਜਾਈ, ਭੀੜ ਵਾਲੀਆਂ ਥਾਵਾਂ ਅਤੇ ਘਰੋਂ ਬਾਹਰ ਦੁਕਾਨਾਂ, ਮਾਲ, ਕਾਰੋਬਾਰ, ਹਸਪਤਾਲਾਂ ਅਤੇ ਸਕੂਲਾਂ 'ਚ ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਸਕ ਦੀ ਵਰਤੋਂ ਨਾਲ ਨੁਕਸਾਨ ਹੋਣ ਦਾ ਕੋਈ ਸਬੂਤ ਨਹੀਂ ਹੈ। ਗੌਰਤਲਬ ਹੈ ਕਿ ਹੁਣ ਤੱਕ ਸੂਬੇ 'ਚ ਇਹ ਨਿਯਮ ਲਾਗੂ ਨਹੀਂ ਹੈ।
30 ਜੁਲਾਈ ਨੂੰ ਡਾ. ਬੋਨੀ ਹੈਨਰੀ ਨੇ ਕਿਹਾ ਸੀ ਕਿ ਮੈਂ ਹਰ ਕਿਸੇ ਨੂੰ ਉਨ੍ਹਾਂ ਜਨਤਕ ਥਾਵਾਂ 'ਤੇ ਮਾਸਕ ਦਾ ਇਸਤੇਮਾਲ ਕਰਨ ਲਈ ਉਤਸ਼ਾਹਤ ਕਰੂੰਗੀ, ਜਿੱਥੇ ਸਰੀਰਕ ਦੂਰੀ ਬਣਾਈ ਰੱਖਣ ਸੰਭਵ ਨਹੀਂ ਹੁੰਦਾ। ਹਾਲਾਂਕਿ, ਨਾ ਤਾਂ ਡਾ. ਹੈਨਰੀ ਅਤੇ ਨਾ ਹੀ ਬੀ. ਸੀ. ਟ੍ਰਾਂਜਿਟ ਨੇ ਅਜਿਹੀ ਕੋਈ ਨੀਤੀ ਦੀ ਘੋਸ਼ਣਾ ਕੀਤੀ ਹੈ, ਜਿਸ ਤਹਿਤ ਮਾਸਕ ਦਾ ਇਸਤੇਮਾਲ ਲਾਜ਼ਮੀ ਹੋਵੇ। ਉੱਥੇ ਹੀ, ਮਾਸਕ ਨੂੰ ਲਾਜ਼ਮੀ ਕਰਨ ਦੀ ਮੰਗ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਉਹ ਨਹੀਂ ਚਾਹੁੰਦੇ ਕਿ ਮਾਸਕ ਨਾ ਪਾਉਣ ਵਾਲੇ ਬੀ. ਸੀ. ਦੇ ਲੋਕਾਂ 'ਤੇ ਜੁਰਮਾਨਾ ਲਾਇਆ ਜਾਵੇ, ਸਗੋਂ ਇਸ ਦੀ ਬਜਾਏ ਲੋਕਾਂ ਨੂੰ ਇਕ ਵੱਡੀ ਮੁਹਿੰਮ ਜ਼ਰੀਏ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।