ਜ਼ੀ ਐਂਟਰਟੇਨਮੈਂਟ ਨੂੰ 765.82 ਕਰੋੜ ਰੁਪਏ ਦਾ ਘਾਟਾ

07/26/2020 1:09:13 AM

ਨਵੀਂ ਦਿੱਲੀ (ਭਾਸ਼ਾ)–ਜ਼ੀ ਐਂਟਰਟੇਨਮੈਂਟ ਐਂਟਰਪ੍ਰਾਈਜ ਲਿਮਟਡ (ਜੈੱਡ. ਈ. ਈ. ਐੱਲ.) ਨੂੰ ਵਿੱਤੀ ਸਾਲ 2019-20 ਦੀ ਜਨਵਰੀ-ਮਾਰਚ ਤਿਮਾਹੀ 'ਚ 765.82 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਘਾਟਾ ਹੋਇਆ ਹੈ। ਕੰਪਨੀ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਇਕ ਸਾਲ ਪਹਿਲਾਂ ਜਨਵਰੀ-ਮਾਰਚ ਤਿਮਾਹੀ 'ਚ 292.53 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ। ਕੰਪਨੀ ਨੇ ਬੀ. ਐੱਸ. ਈ. ਨੂੰ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ਦੌਰਾਨ ਉਸ ਦੀ ਕੁਲ ਆਮਦਨ ਸਾਲ ਭਰ ਪਹਿਲਾਂ ਦੇ 2,076.06 ਕਰੋੜ ਤੋਂ 4.06 ਫੀਸਦੀ ਘੱਟ ਹੋ ਕੇ 1,991.74 ਕਰੋੜ ਰੁਪਏ ਰਹੀ।

ਜੈੱਡ. ਈ. ਈ. ਐੱਲ. ਨੇ ਕਿਹਾ ਕਿ ਇਸ ਦੌਰਾਨ ਕੁਲ ਖਰਚ ਸਾਲ ਭਰ ਪਹਿਲਾਂ ਦੇ 1,612.60 ਕਰੋੜ ਤੋਂ 66.05 ਫੀਸਦੀ ਵਧ ਕੇ 2,677.77 ਕਰੋੜ ਰੁਪਏ 'ਤੇ ਪਹੁੰਚ ਗਿਆ। ਵਿਗਿਆਪਨ ਤੋਂ ਪ੍ਰਾਪਤ ਮਾਲੀਆ ਇਸ ਦੌਰਾਨ 14.66 ਫੀਸਦੀ ਡਿਗ ਕੇ 1,038.94 ਕਰੋੜ ਰੁਪਏ 'ਤੇ ਆ ਗਿਆ। ਸਾਲ ਭਰ ਪਹਿਲਾਂ ਇਹ 1,217.49 ਕਰੋੜ ਰੁਪਏ ਸੀ।

ਕੰਪਨੀ ਨੇ ਕਿਹਾ ਕਿ ਖਰਾਬ ਆਰਥਿਕ ਮਾਹੌਲ, ਮਾਰਚ 2019 'ਚ ਦੋ ਮੁਫਤ ਚੈਨਲਾਂ ਨੂੰ ਭੁਗਤਾਨ ਵਾਲਾ ਬਣਾਉਣ ਅਤੇ ਕੁਝ ਬਾਜ਼ਾਰਾਂ 'ਚ ਬਾਜ਼ਾਰ ਹਿੱਸੇਦਾਰੀ ਡਿਗਣ ਨਾਲ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ। ਮਾਰਚ 'ਚ ਲਾਕਡਾਊਨ ਨੇ ਘਾਟੇ ਨੂੰ ਹੋਰ ਵਧਾ ਦਿੱਤਾ। ਕੰਪਨੀ ਨੇ ਦੱਸਿਆ ਕਿ ਸਬਸਕ੍ਰਿਪਸ਼ਨ ਤੋਂ ਪ੍ਰਾਪਤ ਮਾਲੀਆ 31.15 ਫੀਸਦੀ ਵਧ ਕੇ 741.36 ਕਰੋੜ ਰੁਪਏ 'ਤੇ ਪਹੁੰਚ ਗਿਆ। ਪੂਰੇ ਵਿੱਤੀ ਸਾਲ ਦੌਰਾਨ ਕੰਪਨੀ ਦਾ ਸ਼ੁੱਧ ਲਾਭ 66.52 ਫੀਸਦੀ ਡਿਗ ਕੇ 524.59 ਕਰੋੜ ਰੁਪਏ 'ਤੇ ਆ ਗਿਆ। ਹਾਲਾਂਕਿ ਕੁਲ ਆਮਦਨ ਇਸ ਦੌਰਾਨ 8,185.35 ਕਰੋੜ ਤੋਂ ਵਧ ਕੇ 8,413.50 ਕਰੋੜ ਰੁਪਏ ਹੋ ਗਈ।


Karan Kumar

Content Editor

Related News