ਜਿੰਨਾ ਸੰਭਵ ਹੋਵੇਗਾ ਵਿਆਜ ਦਰਾਂ ਨਰਮ ਬਣਾਈ ਰੱਖਾਂਗੇ : ਦਿਨੇਸ਼ ਕੁਮਾਰ ਖਾਰਾ
Sunday, May 02, 2021 - 04:12 PM (IST)
ਨਵੀਂ ਦਿੱਲੀ- ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਆਰਥਿਕਤਾ ਨੂੰ ਸਮਰਥਨ ਦੇਣ ਲਈ ਵਿਆਜ ਦਰਾਂ ਨੂੰ ਜਿੰਨਾ ਸੰਭਵ ਹੋਵੇਗਾ ਨਰਮ ਅਤੇ ਅਨੁਕੂਲ ਬਣਾਈ ਰੱਖੇਗਾ। ਬੈਂਕ ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਨੇ ਇਹ ਗੱਲ ਆਖੀ। ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਬੈਂਕ ਦੇ ਐੱਨ. ਪੀ. ਏ. 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਐੱਸ. ਬੀ. ਆਈ. ਚੇਅਰਮੈਨ ਨੇ ਕਿਹਾ ਕਿ ਤਾਲਾਬੰਦੀ ਪੂਰੇ ਭਾਰਤ ਵਿਚ ਨਹੀਂ ਲੱਗੀ ਹੈ, ਇਸ ਲਈ ਇਸ ਦੇ ਬੈਂਕਿੰਗ ਸੈਕਟਰ 'ਤੇ ਪੈਣ ਵਾਲੇ ਪ੍ਰਭਾਵ ਲਈ ਸਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਮਹਿੰਗਾਈ ਸਣੇ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਪ੍ਰਭਾਵ ਵਿਆਜ ਦਰ ‘ਤੇ ਪੈਂਦਾ ਹੈ। ਸਾਡੀ ਕੋਸ਼ਿਸ਼ ਆਰਥਿਕ ਵਿਕਾਸ ਦੇ ਯਤਨਾਂ ਦਾ ਸਮਰਥਨ ਕਰਨਾ ਹੈ। ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਵਿਆਜ ਦਰਾਂ ਨੂੰ ਜਿੰਨਾ ਹੋ ਸਕੇ ਨਰਮ ਰੱਖਣ ਦੀ ਕੋਸ਼ਿਸ਼ ਕਰਾਂਗੇ। ਖਾਰਾ ਨੇ ਕਿਹਾ ਕਿ ਸਥਾਨਕ ਪਾਬੰਦੀਆਂ ਦੇ ਆਧਾਰ 'ਤੇ ਐੱਨ. ਪੀ. ਏ. ਸੰਬੰਧੀ ਇਸ ਸਮੇਂ ਕੋਈ ਮੁਲਾਂਕਣ ਕਰਨਾ ਬਹੁਤ ਜਲਦਬਾਜ਼ੀ ਹੋਵੇਗਾ।
ਉਨ੍ਹਾਂ ਕਿਹਾ, "ਵੱਖ-ਵੱਖ ਰਾਜਾਂ ਵਿਚ ਤਾਲਾਬੰਦੀ ਦੀ ਸਥਿਤੀ ਵੱਖ ਹੈ, ਅਜਿਹੇ ਵਿਚ ਅਰਥਵਿਵਸਥਾ ਅਤੇ ਐੱਨ. ਪੀ. ਏ. ਦੀ ਸਥਿਤੀ ਨੂੰ ਲੈ ਕੇ ਕੋਈ ਟਿਪਣੀ ਕਰਨ ਤੋਂ ਪਹਿਲਾਂ ਕੁਝ ਹੋਰ ਸਮੇਂ ਤੱਕ ਦੇਖਣਾ ਤੇ ਉਡੀਕ ਕਰਨੀ ਚਾਹੀਦੀ ਹੈ।" ਕੋਰੋਨਾ ਸਥਿਤੀ ਬਾਰੇ ਉਨ੍ਹਾਂ ਕਿ ਬੈਂਕ ਨੇ ਪ੍ਰਭਾਵਿਤ ਰਾਜਾਂ ਵਿਚ ਮਰੀਜ਼ਾਂ ਲਈ ਆਈ. ਸੀ. ਯੂ. ਵਾਲੇ ਅਸਥਾਈ ਹਸਪਤਾਲ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਕੰਮ ਲਈ 30 ਕਰੋੜ ਰੁਪਏ ਦੀ ਰਾਸ਼ੀ ਰੱਖੀ ਹੈ ਅਤੇ ਸੰਕਟਕਾਲੀਨ ਪੱਧਰ 'ਤੇ ਡਾਕਟਰੀ ਸਹੂਲਤਾਂ ਸਥਾਪਤ ਕਰਨ ਨੂੰ ਲੈ ਕੇ ਕੁਝ ਐੱਨ. ਜੀ. ਓ. ਅਤੇ ਹਸਪਤਾਲ ਪ੍ਰਬੰਧਨ ਨਾਲ ਸੰਪਰਕ ਵਿਚ ਹੈ। ਬੈਂਕ ਦੇ ਢਾਈ ਲੱਖ ਕਰਮਚਾਰੀਆਂ ਵਿਚੋਂ 70 ਹਜ਼ਾਰ ਕਰਮਚਾਰੀ ਹੁਣ ਤੱਕ ਟੀਕੇ ਲਵਾ ਚੁੱਕੇ ਹਨ।