ਆਪਣੇ ਕਰਮਚਾਰੀਆਂ ਦੀ ਸਾਲਾਨਾ ਕਮਾਈ ਦੇ ਬਰਾਬਰ 1 ਮਿੰਟ ''ਚ ਕਮਾ ਲੈਂਦੇ ਹਨ ਵਾਲਮਾਰਟ ਦੇ ਮਾਲਕ

02/20/2019 3:46:08 PM

ਨਵੀਂ ਦਿੱਲੀ — ਵਾਲਮਾਰਟ ਦੇ ਕਰਮਚਾਰੀਆਂ ਦੀ ਔਸਤ ਸਾਲਾਨਾ ਕਮਾਈ ਇਸ ਵਿਸ਼ਾਲ ਰਿਟੇਲ ਚੇਨ ਦੇ ਮਾਲਿਕਾਨਾ ਹੱਕ ਵਾਲੇ ਵਾਲਟਨ ਪਰਿਵਾਰ ਦੀ ਇਕ ਮਿੰਟ ਦੀ ਕਮਾਈ ਤੋਂ ਘੱਟ ਹੁੰਦੀ ਹੈ। 2020 ਲਈ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਰਨੀ ਸੈਂਡਰਸ ਨੇ ਮਾਲਕਾਂ ਅਤੇ ਕਰਮਚਾਰੀਆਂ ਦੀ ਆਮਦਨ ਵਿਚਕਾਰ ਦੇ ਫਰਕ 'ਤੇ ਟਵੀਟ ਕੀਤਾ ਤਾਂ ਵਾਸ਼ਿੰਗਟਨ ਪੋਸਟ ਨੇ ਇਸਦੇ ਵਿਸ਼ਲੇਸ਼ਣ ਲਈ ਅੰਕੜੇ ਇਕੱਠੇ ਕੀਤੇ। ਵਾਲਟਨ ਪਰਿਵਾਰ ਦਾ ਵਾਲਮਾਰਟ ਵਿਚ 51.11 ਫੀਸਦੀ ਹਿੱਸਾ ਹੈ ਜਿਸਦਾ ਮਤਲਬ ਹੈ ਕਿ ਕੰਪਨੀ ਦੇ ਕੁੱਲ 2 ਅਰਬ, 95 ਕਰੋੜ, 24 ਲੱਖ, 78 ਹਜ਼ਾਰ 528 ਸ਼ੇਅਰਾਂ ਵਿਚੋਂ 1 ਅਰਬ 59 ਕਰੋੜ 89 ਲੱਖ 65 ਹਜ਼ਾਰ 874 ਸ਼ੇਅਰ ਵਾਲਟਨ ਪਰਿਵਾਰ ਕੋਲ ਹਨ। ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੰਪਨੀ ਨੇ ਪਿਛਲੇ ਸਾਲ 2.08 ਡਾਲਰ ਪ੍ਰਤੀ ਸ਼ੇਅਰ ਲਾਭ ਅੰਸ਼ ਦਾ ਐਲਾਨ ਕੀਤਾ ਤਾਂ ਵਾਲਟਨ ਪਰਿਵਾਰ ਨੂੰ ਕਰੀਬ-ਕਰੀਬ 3.14 ਅਰਬ ਡਾਲਰ ਸਿਰਫ ਲਾਭ ਅੰਸ਼ ਦੇ ਰੂਪ ਵਿਚ ਮਿਲਿਆ।

ਕਿਸਦੀ ਕਿੰਨੀ ਕਮਾਈ?

ਪੰਜ ਦਿਨਾਂ ਤੱਕ ਕੰਮ ਅਤੇ ਦੋ ਦਿਨਾਂ ਦੀ ਛੁੱਟੀ ਨਾਲ ਰੋਜ਼ਾਨਾ 8 ਘੰਟੇ ਦੇ ਹਿਸਾਬ ਨਾਲ ਹਫਤੇ ਵਿਚ ਕੁੱਲ 40 ਘੰਟੇ ਦਾ ਕੰਮ ਹੁੰਦਾ ਹੈ। ਇਸ ਦੇ ਮੱਦੇਨਜ਼ਰ ਵਾਲਟਨ ਪਰਿਵਾਰ ਦੀ ਪ੍ਰਤੀ ਘੰਟੇ 15.10 ਲੱਖ ਡਾਲਰ ਅਤੇ ਪ੍ਰਤੀ ਮਿੰਟ 25,149 ਡਾਲਰ ਦੀ ਕਮਾਈ ਹੁੰਦੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਵਾਲਮਾਰਟ ਵਿਚ ਹਫਤੇ 'ਚ 40 ਘੰਟੇ ਦੀ ਬਜਾਏ 34 ਘੰਟੇ ਦਾ ਹੀ ਫੁੱਲ ਟਾਈਮ ਵਰਕ ਹੁੰਦਾ ਹੈ। ਵਾਲਮਾਰਟ ਯੂਨੀਅਨ ਦੀ ਵੈਬਸਾਈਟ 'ਤੇ ਦੱਸਿਆ ਗਿਆ ਹੈ ਕਿ ਕੰਪਨੀ ਕਰਮਚਾਰੀਆਂ ਨੂੰ ਪ੍ਰਤੀ ਘੰਟੇ 9 ਡਾਲਰ ਦਿੰਦੀ ਹੈ। ਇਸਦਾ ਮਤਲਬ ਹੈ ਕਿ ਵਾਲਮਾਰਟ ਦਾ ਕਰਮਚਾਰੀ 34 ਘੰਟੇ ਪ੍ਰਤੀ ਹਫਤੇ ਦੇ ਹਿਸਾਬ ਨਾਲ ਸਾਲ ਭਰ ਵਿਚ 16 ਡਾਲਰ ਕਮਾਉਂਦਾ ਹੈ। ਤਨਖਾਹ ਦਾ ਤੁਲਨਾਤਮਕ ਅਧਿਐਨ ਕਰਨ ਵਾਲੀ ਅਮਰੀਕੀ ਕੰਪਨੀ ਪੇਸਕੇਲ ਦਾ ਕਹਿਣਾ ਹੈ ਕਿ ਵਾਲਮਾਰਟ ਦੇ ਔਸਤ ਕਰਮਚਾਰੀ ਪ੍ਰਤੀ ਘੰਟੇ ਦੇ ਹਿਸਾਬ ਨਾਲ 12 ਡਾਲਰ ਕਮਾਉਂਦੇ ਹਨ ਜਿਨ੍ਹਾਂ ਵਿਚ ਮੈਨੇਜਰ ਸਕੇਲ ਦੇ ਵੀ ਕਰਮਚਾਰੀ ਸ਼ਾਮਲ ਹਨ। ਹਾਲਾਂਕਿ ਕੰਪਨੀ ਔਸਤਨ 11 ਡਾਲਰ ਪ੍ਰਤੀ ਘੰਟੇ ਦਾ ਦਾਅਵਾ ਕਰਦੀ ਹੈ। ਇਸ ਦੇ ਮੁਤਾਬਕ ਜੇਕਰ ਅਮਰੀਕੀ ਕਾਨੂੰਨ ਦੇ ਤਹਿਤ ਵਧ ਤੋਂ ਵਧ 40 ਘੰਟੇ ਪ੍ਰਤੀ ਹਫਤੇ ਦੇ ਹਿਸਾਬ ਨਾਲ ਤਨਖਾਹ ਨਿਰਧਾਰਨ ਕਰੀਏ ਤਾਂ ਵਾਲਮਾਰਟ ਕਰਮਚਾਰੀ ਸਾਲਾਨਾ 22,880 ਡਾਲਰ ਕਮਾਉਂਦੇ ਹਨ।

ਘੱਟ ਕਮਾਈ ਵਾਲਿਆਂ ਨੂੰ ਟੈਕਸ

ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਮਰੀਕਾ ਵਿਚ ਡਿਵੀਡੈਂਡ ਤੋਂ ਹੋਈ ਕਮਾਈ 'ਤੇ ਤਨਖਾਹ ਜਾਂ ਮਜ਼ਦੂਰੀ ਦੀ ਕਮਾਈ ਦੇ ਮੁਕਾਬਲੇ ਬਹੁਤ ਘੱਟ ਦਰ ਨਾਲ ਟੈਕਸ ਵਸੁਲਿਆ ਜਾਂਦਾ ਹੈ। ਅਮਰੀਕਾ ਵਿਚ 6 ਲੱਖ 12 ਹਜ਼ਾਰ ਡਾਲਰ ਤੋਂ ਜ਼ਿਆਦਾ ਦੀ ਸਾਲਾਨਾ ਆਮਦਨ 'ਤੇ 37 ਫੀਸਦੀ ਜਦੋਂਕਿ ਡਿਵੀਡੈਂਡ ਆਮਦਨ 'ਤੇ ਸਿਰਫ 20 ਫੀਸਦੀ ਟੈਕਸ ਲਾਗੂ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਜ਼ਿਆਦਾਤਰ ਕਰਮਚਾਰੀਆਂ ਦੀ ਤਨਖਾਹ ਇੰਨੀ ਹੁੰਦੀ ਹੈ ਕਿ ਉਹ ਟੈਕਸ ਦੇ ਦਾਇਰੇ ਵਿਚ ਆਉਂਦੇ ਹੀ ਨਹੀਂ। ਹਾਲਾਂਕਿ ਵਾਲਮਾਰਟ ਕਰਮਚਾਰੀਆਂ ਨੂੰ 6.2 ਫੀਸਦੀ ਦਾ ਸਮਾਜਿਕ ਸੁਰੱਖਿਆ ਕਵਰ(Social securities tax) ਦੇਣਾ ਪੈਂਦਾ ਹੈ ਜਦੋਂਕਿ ਵਾਲਟਨ ਪਰਿਵਾਰ ਇਸ ਟੈਕਸ ਤੋਂ ਮੁਕਤ ਹੈ। ਇਸ ਦਾ ਕਾਰਨ ਇਹ ਹੈ ਕਿ ਵਾਲਟਨ ਪਰਿਵਾਰ ਦੀ ਆਮਦਨ 1 ਲੱਖ 32 ਹਜ਼ਾਰ ਡਾਲਰ ਤੋਂ ਜ਼ਿਆਦਾ ਹੈ ਜਿਹੜੇ ਸੋਸ਼ਲ ਸਕਿਊਰਿਟੀ ਟੈਕਸ ਤੋਂ ਮੁਕਤੀ ਦਾ ਪੈਮਾਨਾ ਹੈ।
 


Related News