ਨਿਵੇਸ਼ਕਾਂ ਲਈ ਵਾਹਨਾਂ ਦੀ ਮਈ ਪ੍ਰਚੂਨ ਵਿਕਰੀ ਨੂੰ ਲੈ ਕੇ ਨਿਰਾਸ਼ਾਜਨਕ ਖ਼ਬਰ
Thursday, Jun 10, 2021 - 05:07 PM (IST)
ਨਵੀਂ ਦਿੱਲੀ– ਬਾਜ਼ਾਰ ਨਿਵੇਸ਼ਕਾਂ ਲਈ ਆਟੋ ਵਿਕਰੀ ਨੂੰ ਲੈ ਕੇ ਨਿਰਾਸ਼ਾਜਨਕ ਖ਼ਬਰ ਹੈ। ਕੋਵਿਡ-19 ਦੇ ਮੱਦੇਨਜ਼ਰ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਮਈ ਵਿਚ ਵਾਹਨਾਂ ਦੀ ਕੁੱਲ ਪ੍ਰਚੂਨ ਵਿਕਰੀ ਵਿਚ 55 ਫ਼ੀਸਦੀ ਗਿਰਾਵਟ ਦਰਜ ਹੋਈ। ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ (ਐੱਫ. ਏ. ਡੀ. ਏ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਮਈ ਵਿਚ ਯਾਤਰੀ ਵਾਹਨਾਂ ਦੀ ਵਿਕਰੀ 58.96 ਫ਼ੀਸਦੀ ਘੱਟ ਕੇ 85,733 ਇਕਾਈ ਰਹਿ ਗਈ, ਜੋ ਅਪ੍ਰੈਲ ਵਿਚ 2,08,883 ਸੀ।
ਇਸੇ ਤਰ੍ਹਾਂ ਦੋਪਹੀਆ ਵਾਹਨਾਂ ਦੀ ਵਿਕਰੀ 52.52 ਫ਼ੀਸਦੀ ਗਿਰਾਵਟ ਨਾਲ 4,10,757 ਇਕਾਈ ਅਤੇ ਤਿੰਨ ਪਹੀਆ ਵਾਹਨਾਂ ਦੀ ਵਿਕਰੀ 75.90 ਫ਼ੀਸਦੀ ਘੱਟ ਕੇ 5,215 ਇਕਾਈ ਰਹੀ।
ਵਪਾਰਕ ਵਾਹਨਾਂ ਦੀ ਵਿਕਰੀ 65.91 ਫ਼ੀਸਦੀ ਅਤੇ ਟਰੈਕਟਰਾਂ ਦੀ ਵਿਕਰੀ ਵਿਚ 56.60 ਫ਼ੀਸਦੀ ਦੀ ਗਿਰਾਵਟ ਆਈ ਹੈ। ਮਈ ਵਿਚ ਦੇਸ਼ ਵਿਚ ਕੁੱਲ 17,534 ਵਪਾਰਕ ਵਾਹਨ ਅਤੇ 16,616 ਟਰੈਕਟਰ ਰਜਿਸਟਰਡ ਹੋਏ ਹਨ। ਇਸ ਤਰ੍ਹਾਂ ਮਈ ਵਿਚ ਵਾਹਨਾਂ ਦੀ ਕੁੱਲ ਵਿਕਰੀ 54.79 ਫ਼ੀਸਦੀ ਘੱਟ ਕੇ 5,35,855 ਇਕਾਈ ਰਹਿ ਗਈ, ਜੋ ਅਪ੍ਰੈਲ ਵਿਚ 11,85,374 ਸੀ। ਫਾਡਾ ਦੇ ਮੁਖੀ ਵਿਨਕੇਸ਼ ਗੁਲਾਟੀ ਨੇ ਅੰਕੜਿਆਂ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ, “ਕੋਵਿਡ ਦੀ ਦੂਜੀ ਲਹਿਰ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਸ਼ਾਇਦ ਕੋਈ ਵੀ ਅਜਿਹਾ ਪਰਿਵਾਰ ਨਹੀਂ ਹੋਵੇਗਾ ਜੋ ਇਸ ਨਾਲ ਪ੍ਰਭਾਵਤ ਨਾ ਹੋਇਆ ਹੋਵੇ। ਇਸ ਵਾਰ ਸ਼ਹਿਰੀ ਬਾਜ਼ਾਰਾਂ ਤੋਂ ਇਲਾਵਾ ਪੇਂਡੂ ਖੇਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਤਾਲਾਬੰਦੀ ਮਈ ਵਿਚ ਬਹੁਤੇ ਸੂਬਿਆਂ ਵਿਚ ਜਾਰੀ ਰਹੀ।"ਫਾਡਾ ਨੇ ਵਾਹਨ ਨਿਰਮਾਤਾਵਾਂ ਨੂੰ ਡੀਲਰਾਂ ਦੀ ਮਦਦ ਕਰਨ ਲਈ ਆਪਣੀ ਅਪੀਲ ਦੁਹਰਾਈ ਹੈ।