ਅਮਰੀਕਾ ਬਣਿਆ ਭਾਰਤ ਦਾ ਸਭ ਤੋਂ ਵੱਡਾ ਵਪਾਰ ਭਾਈਵਾਲ,  ਦਰਾਮਦ ਤੇ ਬਰਾਮਦ ਦੋਵੇਂ ਵਧੇ

02/24/2020 1:59:21 PM

ਨਵੀਂ ਦਿੱਲੀ — ਅਮਰੀਕਾ ਨੇ ਚੀਨ ਨੂੰ ਪਿੱਛੇ ਛੱਡ ਕੇ ਭਾਰਤ ਦਾ ਸਭ ਤੋਂ ਵੱਡਾ ਵਪਾਰ ਭਾਈਵਾਲ ਹੋਣ ਦਾ ਤਮਗਾ ਹਾਸਲ ਕਰ ਲਿਆ ਹੈ। ਇਸ ਨਾਲ ਭਾਰਤ ਅਤੇ ਅਮਰੀਕਾ ਵਿਚਾਲੇ ਵਧਦੇ ਵਪਾਰ ਸਬੰਧਾਂ ਦਾ ਪਤਾ ਲੱਗਦਾ ਹੈ।

ਵਣਜ ਮੰਤਰਾਲਾ ਦੇ ਅੰਕੜਿਆਂ ਅਨੁਸਾਰ 2018-19 ’ਚ ਭਾਰਤ ਅਤੇ ਅਮਰੀਕਾ ਵਿਚਾਲੇ 87.95 ਅਰਬ ਡਾਲਰ ਦਾ ਦੋ-ਪੱਖੀ ਵਪਾਰ ਹੋਇਆ। ਇਸ ਦੌਰਾਨ ਭਾਰਤ ਦਾ ਚੀਨ ਨਾਲ ਦੋ-ਪੱਖੀ ਵਪਾਰ 87.07 ਅਰਬ ਡਾਲਰ ਰਿਹਾ। ਇਸੇ ਤਰ੍ਹਾਂ 2019-20 ’ਚ ਅਪ੍ਰੈਲ ਤੋੋਂ ਦਸੰਬਰ ਦੌਰਾਨ ਭਾਰਤ ਦਾ ਅਮਰੀਕਾ ਨਾਲ ਦੋ-ਪੱਖੀ ਵਪਾਰ 68 ਅਰਬ ਡਾਲਰ ਰਿਹਾ, ਜਦੋਂ ਕਿ ਇਸ ਦੌਰਾਨ ਭਾਰਤ ਅਤੇ ਚੀਨ ਦਾ ਦੋ-ਪੱਖੀ ਵਪਾਰ 64.96 ਅਰਬ ਡਾਲਰ ਰਿਹਾ।

ਵਪਾਰ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਵੀ ਇਹ ਚਲਨ ਬਣਿਆ ਰਹਿ ਸਕਦਾ ਹੈ ਕਿਉਂਕਿ ਭਾਰਤ ਅਤੇ ਅਮਰੀਕਾ ਆਰਥਿਕ ਸਬੰਧਾਂ ਨੂੰ ਵਧਾਉਣ ਦੀ ਕੋਸ਼ਿਸ਼ ’ਚ ਲੱਗੇ ਹੋਏ ਹਨ। ਇਕ ਮਾਹਿਰ ਦਾ ਮੰਨਣਾ ਹੈ ਕਿ ਜੇਕਰ ਦੋਵੇਂ ਦੇਸ਼ ਸੁਤੰਤਰ ਵਪਾਰ ਸਮਝੌਤਾ (ਐੱਫ. ਟੀ. ਏ.) ਕਰ ਲੈਂਦੇ ਹਨ ਤਾਂ ਦੋ-ਪੱਖੀ ਵਪਾਰ ਇਕ ਵੱਖਰੇ ਹੀ ਪੱਧਰ ’ਤੇ ਪਹੁੰਚ ਜਾਵੇਗਾ। ਕਨਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਅਜੇ ਸਹਾਏ ਨੇ ਕਿਹਾ, ‘ਅਮਰੀਕਾ ਨਾਲ ਐੱਫ. ਟੀ. ਏ. ਭਾਰਤ ਲਈ ਬਹੁਤ ਫਾਇਦੇਮੰਦ ਹੋਵੇਗਾ ਕਿਉਂਕਿ ਅਮਰੀਕਾ ਭਾਰਤੀ ਮਾਲ ਅਤੇ ਸੇਵਾਵਾਂ ਦਾ ਸਭ ਤੋਂ ਵੱਡਾ ਬਾਜ਼ਾਰ ਹੈ।’

ਦੋਵਾਂ ਦੇਸ਼ਾਂ ’ਚ ਵਧ ਰਹੀ ਦਰਾਮਦ ਅਤੇ ਬਰਾਮਦ

ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਭਾਰਤ ਦੀ ਦਰਾਮਦ ਅਤੇ ਬਰਾਮਦ ਦੋਵੇਂ ਵਧ ਰਹੀਆਂ ਹਨ, ਜਦੋਂ ਕਿ ਚੀਨ ਨਾਲ ਦਰਾਮਦ-ਬਰਾਮਦ ਦੋਵਾਂ ’ਚ ਗਿਰਾਵਟ ਆ ਰਹੀ ਹੈ। ਅਮਰੀਕਾ ਉਨ੍ਹਾਂ ਚੋਣਵੇ ਦੇਸ਼ਾਂ ’ਚੋਂ ਹੈ, ਜਿਸ ਦੇ ਨਾਲ ਵਪਾਰ ਸੰਤੁਲਨ ਦਾ ਝੁਕਾਅ ਭਾਰਤ ਦੇ ਪੱਖ ’ਚ ਹੈ। ਸਾਲ 2018-19 ’ਚ ਭਾਰਤ ਦਾ ਚੀਨ ਨਾਲ ਜਿੱਥੇ 53.56 ਅਰਬ ਡਾਲਰ ਦਾ ਵਪਾਰ ਘਾਟਾ ਰਿਹਾ ਸੀ, ਉਥੇ ਹੀ ਅਮਰੀਕਾ ਨਾਲ ਭਾਰਤ 16.85 ਅਰਬ ਡਾਲਰ ਦੇ ਵਪਾਰ ਲਾਭ ਦੀ ਸਥਿਤੀ ’ਚ ਸੀ।

2013-14 ਤੋਂ ਲੈ ਕੇ 2017-18 ਤੱਕ ਚੀਨ ਭਾਰਤ ਦਾ ਸਭ ਤੋਂ ਵੱਡਾ ਵਪਾਰ ਭਾਈਵਾਲ ਰਿਹਾ

ਅੰਕੜਿਆਂ ਅਨੁਸਾਰ 2013-14 ਤੋਂ ਲੈ ਕੇ 2017-18 ਤਕ ਚੀਨ ਭਾਰਤ ਦਾ ਸਭ ਤੋਂ ਵੱਡਾ ਵਪਾਰ ਭਾਈਵਾਲ ਰਿਹਾ ਹੈ। ਚੀਨ ਤੋਂ ਪਹਿਲਾਂ ਇਹ ਦਰਜਾ ਸੰਯੁਕਤ ਅਰਬ ਅਮੀਰਾਤ ਨੂੰ ਹਾਸਲ ਸੀ। ਭਾਰਤੀ ਵਿਦੇਸ਼ੀ ਵਪਾਰ ਸੰਸਥਾ ’ਚ ਪ੍ਰੋਫੈਸਰ ਰਾਕੇਸ਼ ਮੋਹਨ ਜੋਸ਼ੀ ਨੇ ਕਿਹਾ ਕਿ ਭਾਰਤ ਨੂੰ ਅਮਰੀਕਾ ਦੇ ਨਾਲ ਸੁਤੰਤਰ ਵਪਾਰ ਸਮਝੌਤਾ ਕਰਦੇ ਸਮੇਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਅਮਰੀਕਾ ਮੱਕੀ ਅਤੇ ਸੋਇਆਬੀਨ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਬਰਾਮਦਕਾਰ ਹੈ।


Related News