ਅਲਟ੍ਰਾਟੈੱਕ 3,954 ਕਰੋੜ ਰੁਪਏ ’ਚ ਇੰਡੀਆ ਸੀਮੈਂਟ ’ਚ 32.72 ਫੀਸਦੀ ਵਾਧੂ ਹਿੱਸੇਦਾਰੀ ਖਰੀਦੇਗੀ
Monday, Jul 29, 2024 - 01:45 PM (IST)
ਨਵੀਂ ਦਿੱਲੀ (ਭਾਸ਼ਾ) - ਮੁੱਖ ਸੀਮੈਂਟ ਨਿਰਮਾਤਾ ਅਲਟ੍ਰਾਟੈੱਕ 3,954 ਕਰੋਡ਼ ਰੁਪਏ ’ਚ ਇੰਡੀਆ ਸੀਮੈਂਟ ਲਿਮਟਿਡ ’ਚ 32.72 ਫੀਸਦੀ ਵਾਧੂ ਹਿੱਸੇਦਾਰੀ ਖਰੀਦੇਗੀ। ਆਦਿਤਿਅ ਬਿੜਲਾ ਸਮੂਹ ਦੀ ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਐਤਵਾਰ ਨੂੰ ਇੰਡੀਆ ਸੀਮੈਂਟ ਲਿਮਟਿਡ (ਆਈ. ਸੀ. ਐੱਲ.) ਦੇ ਪ੍ਰਮੋਟਰਾਂ ਦੀ 32.72 ਫੀਸਦੀ ਹਿੱਸੇਦਾਰੀ 390 ਰੁਪਏ ਪ੍ਰਤੀ ਸ਼ੇਅਰ ਦੇ ਭਾਵ ’ਤੇ ਖਰੀਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਅਲਟ੍ਰਾਟੈੱਕ ਨੇ ਐਤਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਇਹ ਜਾਣਕਾਰੀ ਦਿੱਤੀ। ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ ਮੁਤਾਬਕ, ਸ਼੍ਰੀਨਿਵਾਸਨ ਐੱਨ ਅਤੇ ਗੁਰੂਨਾਥ ਦੀ ਅਗਵਾਈ ਵਾਲੇ ਪ੍ਰਮੋਟਰ ਪਰਿਵਾਰ ਅਤੇ ਹੋਲਡਿੰਗ ਸੰਸਥਾਵਾਂ ਨਾਲ ਆਈ. ਸੀ. ਐੱਲ. ਦੀ ਇਕਵਿਟੀ ਸ਼ੇਅਰ ਪੂੰਜੀ ਦਾ 32.72 ਫੀਸਦੀ ਹਿੱਸਾ ਖਰੀਦਣ ਲਈ 3 ਸ਼ੇਅਰ ਖਰੀਦ ਸਮਝੌਤੇ ਕੀਤੇ ਹਨ।
ਇਸ 3,954 ਕਰੋਡ਼ ਰੁਪਏ ਦੇ ਸੌਦੇ ਦੇ ਪੂਰਾ ਹੋਣ ਤੋਂ ਬਾਅਦ, ਆਈ. ਸੀ. ਐੱਲ. ’ਚ ਅਲਟ੍ਰਾਟੈੱਕ ਦੀ ਹਿੱਸੇਦਾਰੀ 55 ਫੀਸਦੀ ਤੋਂ ਜ਼ਿਆਦਾ ਹੋ ਜਾਵੇਗੀ। ਅਜਿਹੇ ’ਚ ਉਸ ਨੂੰ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਦੇ ਨਿਯਮਾਂ ਅਨੁਸਾਰ ਖੁੱਲ੍ਹੀ ਪੇਸ਼ਕਸ਼ ਲਿਆਉਣੀ ਹੋਵੇਗੀ। ਅਲਟ੍ਰਾਟੈੱਕ ਦੇ ਨਿਰਦੇਸ਼ਕ ਮੰਡਲ ਨੇ ਜਨਤਕ ਸ਼ੇਅਰਧਾਰਕਾਂ ਵੱਲੋਂ 390 ਰੁਪਏ ਪ੍ਰਤੀ ਇਕਵਿਟੀ ਸ਼ੇਅਰ ਦੀ ਕੀਮਤ ’ਤੇ ਖੁੱਲ੍ਹੀ ਪੇਸ਼ਕਸ਼ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਹ ਕੀਮਤ ਪਿਛਲੇ ਸ਼ੁੱਕਰਵਾਰ ਨੂੰ ਆਈ. ਸੀ. ਐੱਲ. ਦੇ ਸ਼ੇਅਰ ਦੇ ਬੰਦ ਭਾਅ 374.60 ਰੁਪਏ ਤੋਂ 4.1 ਫੀਸਦੀ ਜ਼ਿਆਦਾ ਹੈ।