ਬੈਂਕ ਖਾਤੇ ''ਤੇ ਐੱਨ. ਆਰ. ਆਈਜ਼ ਨੂੰ ਰਾਹਤ, ਤੁਹਾਡੇ ਲਈ ਜ਼ਰੂਰੀ ਹੈ ਇਹ ਨਿਯਮ

11/18/2017 3:40:21 PM

ਨਵੀਂ ਦਿੱਲੀ— 31 ਦਸੰਬਰ 2017 ਤਕ ਆਧਾਰ ਨੰਬਰ ਨਾਲ ਲਿੰਕ ਨਾ ਹੋਏ ਬੈਂਕ ਖਾਤੇ ਬਲਾਕ ਹੋ ਜਾਣਗੇ। ਅਜਿਹੇ 'ਚ ਬੈਂਕਿੰਗ ਲੈਣ-ਦੇਣ ਨਹੀਂ ਹੋ ਸਕੇਗਾ ਅਤੇ ਖਾਤਾ ਰੁਕ ਜਾਵੇਗਾ। ਸਰਕਾਰ ਦੀਆਂ ਹਦਾਇਤਾਂ ਮੁਤਾਬਕ, ਬੈਂਕ ਖਾਤਿਆਂ ਨੂੰ 31 ਦਸੰਬਰ ਤੱਕ ਆਧਾਰ ਕਾਰਡ ਨਾਲ ਜੋੜਨਾ ਜ਼ਰੂਰੀ ਹੈ। ਉੱਥੇ ਹੀ, ਐੱਨ. ਆਰ. ਆਈਜ਼ ਅਤੇ ਓ. ਸੀ. ਆਈਜ਼. ਸਟੇਟ ਵਾਲਿਆਂ ਨੂੰ ਇਸ ਮਾਮਲੇ 'ਚ ਸਰਕਾਰ ਵੱਲੋਂ ਰਾਹਤ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ, ਐੱਨ. ਆਰ. ਆਈ. ਅਤੇ ਓ. ਸੀ. ਆਈ. ਕਾਰਡ ਧਾਰਕ ਜਿਨ੍ਹਾਂ ਦਾ ਖਾਤਾ ਭਾਰਤ 'ਚ ਹੈ ਪਰ ਆਧਾਰ ਕਾਰਡ ਨਹੀਂ ਹੈ, ਉਨ੍ਹਾਂ ਨੂੰ ਬੈਂਕ 'ਚ ਆਧਾਰ ਨੰਬਰ ਵੈਰੀਫਿਕੇਸ਼ਨ ਕਰਾਉਣਾ ਜ਼ਰੂਰੀ ਨਹੀਂ ਹੈ। ਇਸ ਦੀ ਜਾਣਕਾਰੀ ਆਧਾਰ ਕਾਰਡ ਅਥਾਰਟੀ ਯੂ. ਆਈ. ਡੀ. ਏ. ਆਈ. ਵੱਲੋਂ ਦਿੱਤੀ ਗਈ ਹੈ। ਅਥਾਰਟੀ ਨੇ ਕਿਹਾ ਕਿ ਐੱਨ. ਆਰ. ਆਈ. ਅਤੇ ਪੀ. ਆਈ. ਓ. ਨੂੰ ਬੈਂਕ ਖਾਤੇ ਸਮੇਤ ਹੋਰ ਸੇਵਾਵਾਂ ਨੂੰ ਆਧਾਰ ਨਾਲ ਜੋੜਨ ਦੀ ਜ਼ਰੂਰਤ ਨਹੀਂ ਹੈ। ਅਥਾਰਟੀ ਨੇ ਸੰਬੰਧਤ ਏਜੰਸੀਆਂ ਨੂੰ ਅਜਿਹੇ ਲੋਕਾਂ ਦੀ ਪਛਾਣ ਲਈ ਦੂਜਾ ਤਰੀਕਾ ਅਪਣਾਉਣ ਦੇ ਹੁਕਮ ਦਿੱਤੇ ਹਨ। ਉੱਥੇ ਹੀ, ਯੂ. ਆਈ. ਡੀ. ਏ. ਆਈ. ਨੇ ਕਿਹਾ ਕਿ ਸਾਰੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ, ਸੂਬਾ ਸਰਕਾਰਾਂ ਅਤੇ ਹੋਰ ਸੰਬੰਧਤ ਏਜੰਸੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਦਸਤਾਵੇਜ਼ ਦੇ ਤੌਰ 'ਤੇ ਆਧਾਰ ਸਿਰਫ ਉਨ੍ਹਾਂ ਲੋਕਾਂ ਕੋਲੋਂ ਮੰਗਿਆ ਜਾ ਸਕਦਾ ਹੈ, ਜੋ ਆਧਾਰ ਐਕਟ ਤਹਿਤ ਪਾਤਰ ਹਨ। ਜ਼ਿਆਦਾਤਰ ਪ੍ਰਵਾਸੀ ਭਾਰਤੀ/ਭਾਰਤੀ ਮੂਲ ਦੇ ਵਿਅਕਤੀ/ਓ. ਸੀ. ਆਈ. ਆਧਾਰ ਨਾਮਜ਼ਦ ਲਈ ਪਾਤਰ ਨਹੀਂ ਹੋ ਸਕਦੇ ਹਨ।

ਹਾਲਾਂਕਿ ਜਿਨ੍ਹਾਂ ਕੋਲ ਆਧਾਰ ਕਾਰਡ ਹੈ ਉਹ ਆਪਣਾ ਖਾਤਾ ਇਸ ਨਾਲ ਲਿੰਕ ਕਰ ਸਕਦੇ ਹਨ ਅਜਿਹਾ ਨੈੱਟ ਬੈਂਕਿੰਗ, ਮੋਬਾਇਲ ਬੈਂਕਿੰਗ ਜ਼ਰੀਏ ਵੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਲਗਭਗ ਸਾਰੀਆਂ ਸਰਕਾਰੀ ਸਕੀਮਾਂ 'ਚ ਆਧਾਰ ਨੰਬਰ ਜ਼ਰੂਰੀ ਕੀਤਾ ਗਿਆ ਹੈ। ਰਸੋਈ ਗੈਸ ਦੀ ਸਬਸਿਡੀ ਤੋਂ ਲੈ ਕੇ ਮੋਬਾਇਲ ਤਕ ਨਾਲ ਆਧਾਰ ਨੰਬਰ ਜੋੜਨਾ ਜ਼ਰੂਰੀ ਹੈ। ਮੋਬਾਇਲ ਨੰਬਰ ਨੂੰ 6 ਫਰਵਰੀ 2018 ਤਕ ਆਧਾਰ ਨੰਬਰ ਨਾਲ ਲਿੰਕ ਕਰਨਾ ਜ਼ਰੂਰੀ ਹੈ। ਉੱਥੇ ਹੀ, 31 ਦਸੰਬਰ 2017 ਤਕ ਪੈਨ ਅਤੇ ਆਧਾਰ ਨੂੰ ਆਪਸ 'ਚ ਲਿੰਕ ਕਰਨਾ ਜ਼ਰੂਰੀ ਹੈ। ਪੈਨ ਨੂੰ ਆਧਾਰ ਨਾਲ ਲਿੰਕ ਕੀਤੇ ਬਿਨਾਂ ਰਿਟਰਨ ਨਹੀਂ ਮੰਨੀ ਜਾਵੇਗੀ ਅਤੇ ਨਾ ਹੀ ਰਿਫੰਡ ਮਿਲੇਗਾ। ਸਰਕਾਰ ਦਾ ਤਰਕ ਹੈ ਕਿ ਇਸ ਨਾਲ ਟੈਕਸ ਚੋਰੀ ਕਰਨ ਵਾਲਿਆਂ ਅਤੇ ਦੋ-ਦੋ ਪੈਨ ਬਣਾ ਕੇ ਰੱਖਣ ਵਾਲਿਆਂ 'ਤੇ ਲਗਾਮ ਲਾਈ ਜਾ ਸਕੇਗੀ। ਇਨਕਮ ਟੈਕਸ ਦੀ ਵੈੱਬਸਾਈਟ 'ਤੇ ਜਾ ਕੇ ਆਸਾਨੀ ਨਾਲ ਪੈਨ ਅਤੇ ਆਧਾਰ ਨੂੰ ਲਿੰਕ ਕੀਤਾ ਜਾ ਸਕਦਾ ਹੈ। ਉੱਥੇ ਹੀ ਆਧਾਰ ਕਾਰਡ ਅਥਾਰਟੀ ਵੱਲੋਂ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਆਧਾਰ ਕਾਰਡ ਜਾਣਕਾਰੀ ਕਿਸੇ ਨੂੰ ਵੀ ਫੋਨ 'ਤੇ ਨਾ ਦੇਣ।


Related News