ਏਅਰਟੈੱਲ ਦੀ ਵਧੀ ਮੁਸ਼ਕਿਲ, ਅਥਾਰਟੀ ਨੇ ਪੇਮੈਂਟ ਬੈਂਕ ਖਾਤੇ ਨੂੰ ਲੈ ਕੇ ਦਿੱਤੇ ਜਾਂਚ ਦੇ ਹੁਕਮ

Thursday, Nov 30, 2017 - 11:12 AM (IST)

ਏਅਰਟੈੱਲ ਦੀ ਵਧੀ ਮੁਸ਼ਕਿਲ, ਅਥਾਰਟੀ ਨੇ ਪੇਮੈਂਟ ਬੈਂਕ ਖਾਤੇ ਨੂੰ ਲੈ ਕੇ ਦਿੱਤੇ ਜਾਂਚ ਦੇ ਹੁਕਮ

ਨਵੀਂ ਦਿੱਲੀ— ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਨੇ ਆਧਾਰ ਐਕਟ ਦੇ ਕਥਿਤ ਉਲੰਘਣ ਦੇ ਮਾਮਲੇ 'ਚ ਭਾਰਤੀ ਏਅਰਟੈੱਲ ਖਿਲਾਫ ਜਾਂਚ ਦੇ ਹੁਕਮ ਦਿੱਤੇ ਹਨ। ਭਾਰਤੀ ਏਅਰਟੈੱਲ 'ਤੇ ਦੋਸ਼ ਹੈ ਕਿ ਉਸ ਨੇ ਗਾਹਕਾਂ ਦੀ ਆਧਾਰ ਵੈਰੀਫਿਕੇਸ਼ਨ ਕਰਦੇ ਸਮੇਂ ਉਨ੍ਹਾਂ ਦੇ ਧੋਖੇ ਨਾਲ ਏਅਰਟੈੱਲ ਪੇਮੈਂਟ ਬੈਂਕ ਖਾਤੇ ਖੋਲ੍ਹ ਦਿੱਤੇ। ਸੂਤਰਾਂ ਮੁਤਾਬਕ ਪਹਿਲੀ ਨਜ਼ਰ 'ਚ ਸ਼ਿਕਾਇਤਾਂ ਨੂੰ ਸਹੀ ਪਾਏ ਜਾਣ ਦੇ ਬਾਅਦ ਕੰਪਨੀ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਕ ਸੂਤਰ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ ਆਧਾਰ ਐਕਟ ਦੀ ਵੀ ਉਲੰਘਣਾ ਹੋਈ ਹੈ।
ਭਾਰਤੀ ਏਅਰਟੈੱਲ ਦੇ ਡੀਲਰਾਂ ਦੀ ਚਾਲਾਕੀ ਉਦੋਂ ਫੜੀ ਗਈ ਜਦੋਂ ਏਅਰਟੈੱਲ ਦੇ ਕੁਝ ਗਾਹਕਾਂ ਦੀ ਐੱਲ. ਪੀ. ਜੀ. ਸਬਸਿਡੀ ਦੀ ਰਕਮ ਉਨ੍ਹਾਂ ਵੱਲੋਂ ਦਿੱਤੇ ਗਏ ਬੈਂਕ ਖਾਤਿਆਂ ਦੀ ਬਜਾਏ ਏਅਰਟੈੱਲ ਪੇਮੈਂਟ ਖਾਤੇ 'ਚ ਜਮ੍ਹਾ ਹੋਣ ਲੱਗੀ। ਅਜਿਹੇ ਜ਼ਿਆਦਾਤਰ ਗਾਹਕਾਂ ਨੇ ਸਬਸਿਡੀ ਦੀ ਰਕਮ ਨਾ ਮਿਲਣ 'ਤੇ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਏਅਰਟੈੱਲ ਪੇਮੈਂਟ ਬੈਂਕ ਖਾਤੇ ਦੀ ਕੋਈ ਜਾਣਕਾਰੀ ਨਹੀਂ ਹੈ। ਸ਼ਿਕਾਇਤ ਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਏਅਰਟੈੱਲ ਪੇਮੈਂਟ ਬੈਂਕ ਖਾਤਾ ਖੋਲ੍ਹਣ ਲਈ ਕੋਈ ਅਰਜ਼ੀ ਨਹੀਂ ਦਿੱਤੀ ਅਤੇ ਇਹ ਖਾਤੇ ਉਨ੍ਹਾਂ ਨੂੰ ਬਿਨਾਂ ਦੱਸੇ ਖੋਲ੍ਹੇ ਗਏ। ਇਸ ਬਾਰੇ ਅਥਾਰਟੀ ਦੇ ਸੀ. ਈ. ਓ. ਅਜੈ ਭੂਸ਼ਣ ਦਾ ਕਹਿਣਾ ਹੈ ਕਿ ਆਧਾਰ ਲਿੰਕ ਕਰਨ ਦੀ ਪ੍ਰਕਿਰਿਆ ਦੌਰਾਨ ਕੁਝ ਖਾਸ ਦੂਰਸੰਚਾਰ ਕੰਪਨੀਆਂ ਖਿਲਾਫ ਗੜਬੜੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਦਾ ਹੁਕਮ ਦਿੱਤਾ ਹੈ। ਜੇਕਰ ਜਾਂਚ 'ਚ ਸ਼ਿਕਾਇਤਾਂ ਸਹੀ ਪਾਈਆਂ ਜਾਂਦੀਆਂ ਹਨ ਤਾਂ ਇਹ ਗੰਭੀਰ ਮਾਮਲਾ ਹੋਵੇਗਾ।
ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਏਅਰਟੈੱਲ ਕੰਪਨੀ ਨੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਕੰਪਨੀ ਨੇ ਕਿਹਾ ਉਹ ਆਪਣੇ ਪਰਚੂਨ ਸਾਂਝੇਦਾਰਾਂ ਨੂੰ ਆਧਾਰ ਵੈਰੀਫਿਕੇਸ਼ਨ ਪ੍ਰਕਿਰਿਆ ਦੁਰਸਤ ਕਰਨ ਅਤੇ ਇਸ 'ਚ ਪਾਰਦਰਸ਼ਤਾ ਯਕੀਨੀ ਕਰਨ ਲਈ ਕੰਮ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਏਅਰਟੈੱਲ ਪੇਮੈਂਟ ਬੈਂਕ ਪੂਰੀ ਤਰ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਦਾ ਹੈ ਅਤੇ ਗਾਹਕਾਂ ਨੂੰ ਜੋੜਨ ਲਈ ਸਹੀ ਪ੍ਰਕਿਰਿਆ ਅਪਣਾਉਂਦਾ ਹੈ। ਉਸ ਨੇ ਕਿਹਾ ਕਿ ਏਅਰਟੈੱਲ ਪੇਮੈਂਟ ਬੈਂਕ ਖਾਤੇ ਗਾਹਕਾਂ ਦੀ ਸਪੱਸ਼ਟ ਸਹਿਮਤੀ ਤੋਂ ਬਾਅਦ ਹੀ ਖੋਲ੍ਹੇ ਜਾਂਦੇ ਹਨ ਅਤੇ ਡੀ. ਬੀ. ਟੀ. ਲਈ ਗਾਹਕਾਂ ਤੋਂ ਵੱਖ ਤੋਂ ਸਹਿਮਤੀ ਲਈ ਜਾਂਦੀ ਹੈ।


Related News