ਟਮਾਟਰ ਹੋ ਗਏ ਸਸਤੇ, ਰਿਟੇਲ ਕੀਮਤਾਂ ’ਚ ਆਈ 22.4 ਫੀਸਦੀ ਦੀ ਕਮੀ
Monday, Nov 18, 2024 - 10:11 AM (IST)
ਨਵੀਂ ਦਿੱਲੀ (ਭਾਸ਼ਾ) – ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਭਰ ਵਿਚ ਸਪਲਾਈ ’ਚ ਸੁਧਾਰ ਹੋਣ ਕਾਰਨ ਟਮਾਟਰ ਦੀਆਂ ਰਿਟੇਲ ਕੀਮਤਾਂ ਵਿਚ ਮਾਸਿਕ ਆਧਾਰ ’ਤੇ 22.4 ਫੀਸਦੀ ਦੀ ਕਮੀ ਆਈ ਹੈ। ਅਧਿਕਾਰਤ ਬਿਆਨ ਮੁਤਾਬਕ 14 ਨਵੰਬਰ ਨੂੰ ਟਮਾਟਰ ਦੀ ਸਰਬ ਭਾਰਤੀ ਔਸਤ ਪ੍ਰਚੂਨ ਕੀਮਤ 52.35 ਰੁਪਏ ਪ੍ਰਤੀ ਕਿੱਲੋ ਰਹੀ, ਜੋ 14 ਅਕਤੂਬਰ ਨੂੰ 67.50 ਰੁਪਏ ਪ੍ਰਤੀ ਕਿੱਲੋ ਸੀ।
ਇਸੇ ਮਿਆਦ ਦੌਰਾਨ ਦਿੱਲੀ ਦੀ ਆਜ਼ਾਦਪੁਰ ਮੰਡੀ ’ਚ ਵਧਦੀ ਆਮਦ ਕਾਰਨ ਮਾਡਲ ਥੋਕ ਕੀਮਤ ਵਿਚ ਲੱਗਭਗ 50 ਫੀਸਦੀ ਦੀ ਤੇਜ਼ ਕਮੀ ਵੇਖੀ ਗਈ, ਜੋ 5,883 ਰੁਪਏ ਪ੍ਰਤੀ ਕੁਇੰਟਲ ਤੋਂ ਘਟ ਕੇ 2,969 ਰੁਪਏ ਪ੍ਰਤੀ ਕੁਇੰਟਲ ਹੋ ਗਈ।
ਸੀਜ਼ਨਲ ਸਪਲਾਈ ਨਾਲ ਘਟੀਆਂ ਕੀਮਤਾਂ
ਮੰਤਰਾਲੇ ਨੇ ਕਿਹਾ ਕਿ ਪਿੰਪਲਗਾਓਂ (ਮਹਾਰਾਸ਼ਟਰ), ਮਦਨਪੱਲੇ (ਆਂਧਰਾ ਪ੍ਰਦੇਸ਼) ਤੇ ਕੋਲਾਰ (ਕਰਨਾਟਕ) ਵਰਗੇ ਪ੍ਰਮੁੱਖ ਬਾਜ਼ਾਰਾਂ ਵਿਚੋਂ ਵੀ ਇਸੇ ਤਰ੍ਹਾਂ ਦੀ ਕੀਮਤ ਵਿਚ ਸੁਧਾਰ ਦੀ ਸੂਚਨਾ ਮਿਲੀ ਹੈ।
ਮੰਤਰਾਲੇ ਨੇ ਕਿਹਾ,‘‘ਹਾਲਾਂਕਿ ਮਦਨਪੱਲੇ ਤੇ ਕੋਲਾਰ ਦੇ ਪ੍ਰਮੁੱਖ ਟਮਾਟਰ ਕੇਂਦਰਾਂ ’ਚ ਆਮਦ ਘੱਟ ਹੋ ਗਈ ਹੈ ਪਰ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਗੁਜਰਾਤ ਤੋਂ ਮੌਸਮੀ ਸਪਲਾਈ ਕਾਰਨ ਕੀਮਤਾਂ ਵਿਚ ਕਮੀ ਆਈ ਹੈ, ਜਿਸ ਨਾਲ ਦੇਸ਼ ਭਰ ਵਿਚ ਸਪਲਾਈ ਦੀ ਕਮੀ ਪੂਰੀ ਹੋ ਗਈ ਹੈ।’’
ਬਿਆਨ ਵਿਚ ਕਿਹਾ ਗਿਆ ਹੈ ਕਿ ਮੌਸਮ ਦੀ ਅਨੁਕੂਲ ਸਥਿਤੀ ਨੇ ਪੈਦਾਵਾਰ ਅਤੇ ਖੇਤਾਂ ਵਿਚੋਂ ਖਪਤਕਾਰਾਂ ਤਕ ਸਪਲਾਈ ਲੜੀ ਦੇ ਸੁਚਾਰੂ ਸੰਚਾਲਨ, ਦੋਵਾਂ ਨੂੰ ਸਮਰਥਨ ਦਿੱਤਾ ਹੈ। ਮਾਲੀ ਸਾਲ 2023-24 ਦੌਰਾਨ ਦੇਸ਼ ਦੀ ਟਮਾਟਰ ਪੈਦਾਵਾਰ 4 ਫੀਸਦੀ ਵਧ ਕੇ 213.20 ਲੱਖ ਟਨ ਹੋਣ ਦਾ ਅਨੁਮਾਨ ਹੈ।
ਇਸ ਮਹੀਨੇ ਘਟਣਗੀਆਂ ਸਬਜ਼ੀਆਂ ਦੀਆਂ ਕੀਮਤਾਂ
ਆਈ. ਸੀ. ਆਈ. ਸੀ. ਆਈ. ਬੈਂਕ ਦੀ ਰਿਪੋਰਟ ਮੁਤਾਬਰ ਨਵੰਬਰ ’ਚ ਸਬਜ਼ੀਆਂ ਦੀਆਂ ਕੀਮਤਾਂ 4 ਫੀਸਦੀ ਤਕ ਘਟ ਸਕਦੀਆਂ ਹਨ। ਹਾਲਾਂਕਿ ਪਿਆਜ਼ ਦੀਆਂ ਕੀਮਤਾਂ ਉੱਚੀਆਂ ਰਹਿਣ ਦੀ ਸੰਭਾਵਨਾ ਹੈ।
ਨਵੰਬਰ ’ਚ ਸਬਜ਼ੀਆਂ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਸਾਲਾਨਾ ਆਧਾਰ ’ਤੇ ਕੀਮਤਾਂ ਅਜੇ ਵੀ ਉੱਚੀਆਂ ਬਣੀਆਂ ਹੋਈਆਂ ਹਨ। ਅਕਤੂਬਰ ਵਿਚ ਇਹ ਕੀਮਤਾਂ 42 ਫੀਸਦੀ ਵਧ ਕੇ 57 ਮਹੀਨਿਆਂ ਦੇ ਸਿਖਰ ’ਤੇ ਚਲੀਆਂ ਗਈਆਂ ਸਨ। ਇਕ ਸਾਲ ਵਿਚ ਆਲੂ 65 ਫੀਸਦੀ ਮਹਿੰਗਾ ਹੋਇਆ ਹੈ।