ਮੁੜ ਅਸਮਾਨ ਛੂਹ ਰਹੀਆਂ ਨੇ ਟਮਾਟਰ ਦੀਆਂ ਕੀਮਤਾਂ, ਮਦਰ ਡੇਅਰੀ ਦੀਆਂ ਦੁਕਾਨਾਂ ’ਤੇ ਵਿਕਿਆ 259 ਰੁਪਏ ਕਿਲੋ

08/03/2023 12:41:03 PM

ਨਵੀਂ ਦਿੱਲੀ (ਭਾਸ਼ਾ) – ਰਾਸ਼ਟਰੀ ਰਾਜਧਾਨੀ ’ਚ ਟਮਾਟਰ ਦੀਆਂ ਕੀਮਤਾਂ ਇਕ ਵਾਰ ਮੁੜ ਅਸਮਾਨ ਛੂਹ ਰਹੀਆਂ ਹਨ। ਮਦਰ ਡੇਅਰੀ ਨੇ ਆਪਣੀਆਂ ਸਫ਼ਲ ਪ੍ਰਚੂਨ ਦੁਕਾਨਾਂ ’ਤੇ ਬੁੱਧਵਾਰ ਨੂੰ ਟਮਾਟਰ 259 ਰੁਪਏ ਪ੍ਰਤੀ ਕਿਲੋ ਦੇ ਭਾਅ ’ਤੇ ਵੇਚਿਆ। ਟਮਾਟਰ ਦੇ ਪ੍ਰਮੁੱਖ ਉਤਪਾਦਕ ਖੇਤਰਾਂ ਵਿੱਚ ਭਾਰੀ ਮੀਂਹ ਕਾਰਣ ਸਪਲਾਈ ਪ੍ਰਭਾਵਿਤ ਹੋਣ ਕਾਰਣ ਇਸ ਦੀਆਂ ਕੀਮਤਾਂ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਵਧੀਆਂ ਹੋਈਆਂ ਹਨ। ਕੇਂਦਰ ਸਰਕਾਰ ਨੇ ਸਥਿਤੀ ਨੂੰ ਦੇਖਦੇ ਹੋਏ 14 ਜੁਲਾਈ ਤੋਂ ਰਿਆਇਤੀ ਦਰ ’ਤੇ ਟਮਾਟਰ ਦੀ ਵਿਕਰੀ ਸ਼ੁਰੂ ਕੀਤੀ। ਰਾਸ਼ਟਰੀ ਰਾਜਧਾਨੀ ਵਿਚ ਪ੍ਰਚੂਨ ਕੀਮਤਾਂ ਹਾਲ ਹੀ ਵਿਚ ਘੱਟ ਹੋਣ ਲੱਗੀਆਂ ਸਨ ਪਰ ਘੱਟ ਸਪਲਾਈ ਕਾਰਣ ਇਨ੍ਹਾਂ ’ਚ ਮੁੜ ਉਛਾਲ ਆ ਗਿਆ ਹੈ।

ਇਹ ਵੀ ਪੜ੍ਹੋ : ਭਾਰਤੀ ਔਰਤਾਂ ਨੇ 6 ਮਹੀਨਿਆਂ 'ਚ ਬਿਊਟੀ ਪ੍ਰੋਡਕਟਸ 'ਤੇ ਖ਼ਰਚੇ 5000 ਕਰੋੜ ਰੁਪਏ, 40% ਆਨਲਾਈਨ ਖ਼ਰੀਦਦਾਰੀ

ਖਪਤਕਾਰ ਮਾਮਲਿਆਂ ਦੇ ਮੰਤਰਾਲਿਆਂ ਦੇ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਟਮਾਟਰ ਦੀ ਪ੍ਰਚੂਨ ਕੀਮਤ 203 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪੁੱਜ ਗਈ, ਜਦਕਿ ਮਦਰ ਡੇਅਰੀ ਦੀਆਂ ਸਫਲ ਪ੍ਰਚੂਨ ਦੁਕਾਨਾਂ ’ਤੇ ਇਸ ਦੀ ਕੀਮਤ 259 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਮਦਰ ਡੇਅਰੀ ਦੇ ਬੁਲਾਰੇ ਨੇ ਕਿਹਾ ਕਿ ਮੌਸਮ ਦੇ ਖ਼ਰਾਬ ਹੋਣ ਕਾਰਣ ਪਿਛਲੇ ਦੋ ਮਹੀਨੇ ਤੋਂ ਦੇਸ਼ ਭਰ ਵਿਚ ਟਮਾਟਰ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਪਿਛਲੇ ਦੋ ਦਿਨਾਂ ਵਿਚ ਆਜ਼ਾਦਪੁਰ ਮੰਡੀ ’ਚ ਟਮਾਟਰ ਦੀ ਆਮਦ ਕਾਫ਼ੀ ਘੱਟ ਹੋਈ ਹੈ। ਘੱਟ ਸਪਲਾਈ ਕਾਰਣ ਥੋਕ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ, ਜਿਸ ਦਾ ਅਸਰ ਪ੍ਰਚੂਨ ਕੀਮਤਾਂ ’ਤੇ ਵੀ ਪੈ ਰਿਹਾ ਹੈ।

ਇਹ ਵੀ ਪੜ੍ਹੋ : ਇਕੱਠੇ 20 ਰੁਪਏ ਮਹਿੰਗਾ ਹੋਇਆ ਪੈਟਰੋਲ, ਗੁਆਂਢੀ ਮੁਲਕ 'ਚ ਮਚੀ ਹਾਹਾਕਾਰ

ਏਸ਼ੀਆ ਦੀ ਸਭ ਤੋਂ ਵੱਡੀ ਫਲ ਅਤੇ ਸਬਜ਼ੀ ਥੋਕ ਮੰਡੀ ਆਜ਼ਾਦਪੁਰ ਵਿਚ ਟਮਾਟਰ ਦੀਆਂ ਥੋਕ ਕੀਮਤਾਂ ਬੁੱਧਵਾਰ ਨੂੰ ਗੁਣਵੱਤਾ ਦੇ ਆਧਾਰ ’ਤੇ 170-220 ਰੁਪਏ ਪ੍ਰਤੀ ਕਿਲੋਗ੍ਰਾਮ ਰਹੀਆਂ। ਆਜ਼ਾਦਪੁਰ ਟਮਾਟਰ ਐਸੋਸੀਏਸ਼ਨ ਦੇ ਮੁਖੀ ਅਸ਼ੋਕ ਕੌਸ਼ਿਕ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿੱਚ ਟਮਾਟਰ ਦੀ ਆਮਦ ਘੱਟ ਹੋਈ ਹੈ, ਕਿਉਂਕਿ ਭਾਰੀ ਮੀਂਹ ਕਾਰਣ ਉਤਪਾਦਕ ਖੇਤਰਾਂ ਵਿਚ ਫ਼ਸਲ ਖ਼ਰਾਬ ਹੋ ਗਈ ਹੈ। ਆਜ਼ਾਦਪੁਰ ਮੰਡੀ ’ਚ ਬੁੱਧਵਾਰ ਨੂੰ ਟਮਾਟਰ ਦੀ ਸਿਰਫ਼ 15 ਫ਼ੀਸਦੀ ਸਪਲਾਈ ਹੋਈ। ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਸਿਰਫ ਛੇ ਛੋਟੇ ਟਰੱਕਾਂ ਵਿਚ ਸਪਲਾਈ ਕੀਤੀ ਗਈ। ਇਸ ਨਾਲ ਵੀ ਕੀਮਤਾਂ ਵਧੀਆਂ। ਕੌਸ਼ਿਕ ਨੇ ਕਿਹਾ ਕਿ ਸਪਲਾਈ ਦੀ ਸਥਿਤੀ ਵਿਚ ਅਗਲੇ 10 ਦਿਨਾਂ ਵਿਚ ਸੁਧਾਰ ਦੀ ਉਮੀਦ ਹੈ।

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News