ਸਿਰਫ 4 ਮਿੱਲਾਂ 'ਚ ਪਿੜ ਰਿਹੈ ਗੰਨਾ, ਕਿਸਾਨਾਂ 'ਚ ਭਾਰੀ ਨਿਰਾਸ਼ਾ

11/17/2018 8:34:46 AM

ਗੁਰਦਾਸਪੁਰ, (ਹਰਮਨਪ੍ਰੀਤ)— ਪੰਜਾਬ 'ਚ ਹੁਣ ਤਕ 16 ਸਰਕਾਰੀ ਖੰਡ ਮਿੱਲਾਂ 'ਚੋਂ ਸਿਰਫ 4 ਮਿੱਲਾਂ ਨੇ ਹੀ ਗੰਨਾ ਪੀੜਨਾ ਸ਼ੁਰੂ ਕੀਤਾ ਹੈ। ਇਨ੍ਹਾਂ 'ਚ ਗੁਰਦਾਸਪੁਰ, ਬਟਾਲਾ, ਅਜਨਾਲਾ ਅਤੇ ਨਵਾਂ ਸ਼ਹਿਰ ਦੀਆਂ ਮਿੱਲਾਂ ਹਨ ਪਰ ਹੁਣ ਤੱਕ ਪੰਜਾਬ ਦੀ ਇਕ ਵੀ ਪ੍ਰਾਈਵੇਟ ਮਿੱਲ ਸ਼ੁਰੂ ਨਹੀਂ ਹੋਈ ਹੈ। ਜਿਸ ਕਾਰਨ ਕਿਸਾਨਾਂ ਅੰਦਰ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ।ਪੰਜਾਬ 'ਚ ਕਾਸ਼ਤ ਕੀਤੇ ਜਾਣ ਵਾਲੇ ਗੰਨੇ ਦਾ 70 ਫੀਸਦੀ ਹਿੱਸਾ ਪ੍ਰਾਈਵੇਟ ਮਿੱਲਾਂ ਹੀ ਪੀੜਦੀਆਂ ਹਨ।
 

866 ਲੱਖ ਕੁਇੰਟਲ ਗੰਨਾ ਹੋਣ ਦੀ ਸੰਭਾਵਨਾ
ਇਸ ਸਾਲ ਖੇਤੀਬਾੜੀ ਵਿਭਾਗ ਵਲੋਂ ਪੰਜਾਬ ਅੰਦਰ ਤਕਰੀਬਨ 866 ਲੱਖ ਕੁਇੰਟਲ ਗੰਨੇ ਦੀ ਪੈਦਾਵਾਰ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।ਪੰਜਾਬ ਦੇ ਕੇਨ ਕਮਿਸ਼ਨਰ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਸਾਲ ਪੰਜਾਬ 'ਚ ਗੰਨੇ ਹੇਠ 1 ਲੱਖ 5 ਹਜ਼ਾਰ ਹੈਕਟੇਅਰ ਰਕਬਾ ਹੈ। ਜਿਸ 'ਚੋਂ ਚੰਗੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ ਅੰਦਰ ਗੰਨੇ ਹੇਠ 96 ਹਜ਼ਾਰ ਹੈਕਟੇਅਰ ਰਕਬਾ ਸੀ। ਜਿਸ 'ਚੋਂ 842 ਲੱਖ ਕੁਇੰਟਲ ਗੰਨੇ ਦੀ ਪੈਦਾਵਾਰ ਹੋਈ ਸੀ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪੰਜਾਬ 'ਚ ਗੰਨੇ ਤੋਂ ਖੰਡ ਦੀ ਰਿਕਵਰੀ 9.78  ਫੀਸਦੀ ਆਈ ਸੀ। ਜਦੋਂ ਕਿ ਇਸ ਸਾਲ ਵੀ ਗੰਨੇ ਦੀ ਫਸਲ ਦੀ ਹਾਲਤ ਕਾਫੀ ਵਧੀਆ ਹੋਣ ਕਾਰਨ ਚੰਗੀ ਪੈਦਾਵਾਰ ਅਤੇ ਰਿਕਵਰੀ ਆਉਣ ਦੀ ਸੰਭਾਵਨਾ ਹੈ।
 

ਮਿੱਲਾਂ ਵੱਲ ਹੁਣ ਵੀ 432 ਕਰੋੜ ਰੁਪਏ ਖੜ੍ਹੇ
ਪਿਛਲੇ ਸਾਲ ਪੰਜਾਬ ਦੀਆਂ ਵੱਖ-ਵੱਖ ਖੰਡ ਮਿੱਲਾਂ ਵਲੋਂ ਖਰੀਦੇ ਗਏ ਗੰਨੇ 'ਚੋਂ ਅਜੇ ਵੀ 432 ਕਰੋੜ ਰੁਪਏ ਦੀਆਂ ਅਦਾਇਗੀਆਂ ਨਾ ਹੋ ਸਕਣ ਕਾਰਨ ਗੰਨਾ ਕਾਸ਼ਤਕਾਰ ਨਿਰਾਸ਼ ਹਨ। ਜਿਸ ਤਹਿਤ ਪਿਛਲੇ ਕੁਝ ਦਿਨਾਂ ਦੌਰਾਨ ਹੀ ਏ. ਸੀ. ਐੱਸ. ਵਿਸ਼ਵਜੀਤ ਖੰਨਾ ਤੋਂ ਇਲਾਵਾ ਹੋਰ ਸਬੰਧਿਤ ਅਧਿਕਾਰੀਆਂ ਨੇ ਕਿਸਾਨ ਆਗੂਆਂ ਅਤੇ ਮਿੱਲ ਪ੍ਰਬੰਧਕਾਂ ਨਾਲ ਕਈ ਮੀਟਿੰਗਾਂ ਕਰਕੇ ਕਿਸਾਨਾਂ ਦੀਆਂ ਅਦਾਇਗੀਆਂ ਸ਼ੁਰੂ ਕਰਵਾਈਆਂ ਸਨ।ਇਸ ਤਹਿਤ ਹੁਣ ਰੋਜ਼ਾਨਾ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਬਕਾਇਆ ਰਾਸ਼ੀ ਘਟ ਕੇ 432 ਕਰੋੜ ਰੁਪਏ ਰਹਿ ਗਈ ਹੈ, ਜਿਸ 'ਚੋਂ 217 ਕਰੋੜ ਰੁਪਏ ਸਹਿਕਾਰੀ ਬੈਂਕਾਂ ਨੇ ਦੇਣੇ ਹਨ, ਜਦੋਂ ਕਿ 215 ਕਰੋੜ ਰੁਪਏ ਪ੍ਰਾਈਵੇਟ ਮਿੱਲਾਂ ਨੇ ਅਦਾ ਕਰਨੇ ਹਨ।
 

ਰੇਟ ਸਬੰਧੀ ਰੇੜਕਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਦਰਮਿਆਨੀ ਕਿਸਮ ਵਜੋਂ ਐਲਾਨੀ ਗਈ ਸੀ. ਓ. 238 ਕਿਸਮ ਨੂੰ ਅਗੇਤੀ ਕਿਸਮ 'ਚ ਸ਼ਾਮਿਲ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਇਸ ਸਾਲ ਵੀ ਸਰਕਾਰ ਵਲੋਂ ਇਸ ਕਿਸਮ ਨੂੰ 310 ਰੁਪਏ ਦੇ ਰੇਟ 'ਤੇ ਖਰੀਦਣ ਦਾ ਐਲਾਨ ਕਰ ਦਿੱਤਾ ਗਿਆ ਹੈ, ਜਦੋਂ ਕਿ ਦਰਮਿਆਨੀਆਂ ਕਿਸਮਾਂ ਦੇ ਰੇਟ 300 ਰੁਪਏ ਪ੍ਰਤੀ ਕੁਇੰਟਲ ਅਤੇ ਪਿਛੇਤੀ ਕਿਸਮਾਂ ਦਾ ਰੇਟ 295 ਰੁਪਏ ਐਲਾਨਿਆ ਗਿਆ ਹੈ।ਪੰਜਾਬ ਅੰਦਰ ਬੀਜੇ ਗਏ ਗੰਨੇ ਦਾ ਕਰੀਬ 72 ਫੀਸਦੀ ਹਿੱਸਾ ਸੀ.ਓ. 238 ਕਿਸਮ ਹੇਠਾਂ ਹੋਣ ਕਾਰਨ ਬੇਸ਼ੱਕ ਕਿਸਾਨਾਂ ਨੂੰ ਰਾਹਤ ਮਿਲੀ ਹੈ ਪਰ ਕੁਝ ਕਿਸਾਨ ਜਥੇਬੰਦੀਆਂ ਅਜੇ ਵੀ ਇਸ ਰੇਟ ਤੋਂ ਨਾਖੁਸ਼ ਹੋ ਕੇ ਇਸ 'ਚ ਹੋਰ ਵਾਧਾ ਕਰਨ ਦੀ ਮੰਗ ਕਰ ਰਹੀਆਂ ਹਨ।
 

ਗੰਨੇ ਦੀ ਖਰੀਦ ਲਈ ਸਾਰੀਆਂ ਤਿਆਰੀਆਂ ਮੁਕੰਮਲ : ਬੈਂਸ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਅੰਦਰ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਆਦਿ ਇਲਾਕਿਆਂ ਦਾ ਕਰੀਬ 119 ਲੱਖ ਕੁਇੰਟਲ ਗੰਨਾ ਇਨ੍ਹਾਂ ਇਲਾਕਿਆਂ ਦੀਆਂ ਮਿੱਲਾਂ ਦੀ ਸਮਰੱਥਾ ਤੋਂ ਜਿਆਦਾ ਸੀ ਜਿਸ ਕਾਰਨ ਕਿਸਾਨਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਇਲਾਕਿਆਂ ਦਾ ਗੰਨਾ ਹੋਰ ਮਿੱਲਾਂ ਨੂੰ ਅਲਾਟ ਕਰਵਾ ਦਿੱਤਾ ਗਿਆ ਹੈ। ਜਿਸ 'ਚੋਂ ਕਰੀਬ 50 ਲੱਖ ਕੁਇੰਟਲ ਗੰਨਾ ਭੋਗਪੁਰ ਮਿੱਲ ਨਾਲ, 10 ਲੱਖ ਕੁਇੰਟਲ ਗੰਨਾ ਬਟਾਲਾ ਮਿੱਲ ਅਤੇ 50 ਲੱਖ ਕੁਇੰਟਲ ਗੰਨਾ ਪਨਿਆੜ ਨਾਲ ਸਬੰਧਿਤ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਹੀ ਮਿੱਲਾਂ ਕੁਝ ਹੀ ਦਿਨਾਂ 'ਚ ਸ਼ੁਰੂ ਹੋ ਜਾਣਗੀਆਂ ਅਤੇ ਕਿਸਾਨਾਂ ਦੀ ਅਦਾਇਗੀ ਵੀ ਲਗਾਤਾਰ ਕੀਤੀ ਜਾ ਰਹੀ ਹੈ।


Related News