ਈ-ਕਾਮਰਸ ਕੰਪਨੀਆਂ ਲਈ ਨਵੀਆਂ ਹਿਦਾਇਤਾਂ;ਇਹ ਐਪ ਦੱਸੇਗੀ ਸਾਮਾਨ ਦੇਸੀ ਹੈ ਜਾਂ ਵਿਦੇਸ਼ੀ

Saturday, Jun 20, 2020 - 06:31 PM (IST)

ਈ-ਕਾਮਰਸ ਕੰਪਨੀਆਂ ਲਈ ਨਵੀਆਂ ਹਿਦਾਇਤਾਂ;ਇਹ ਐਪ ਦੱਸੇਗੀ ਸਾਮਾਨ ਦੇਸੀ ਹੈ ਜਾਂ ਵਿਦੇਸ਼ੀ

ਨਵੀਂ ਦਿੱਲੀ — ਲੱਦਾਖ ਦੀ ਗਲਵਾਨ ਘਾਟੀ 'ਚ ਐਲਏਸੀ 'ਤੇ ਹੋਈ ਹਿੰਸਕ ਝੜਪ ਦਰਮਿਆਨ 20 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਚੀਨ ਨੂੰ ਸਬਕ ਸਿਖਾਉਣ ਲਈ ਦੇਸ਼ ਭਰ 'ਚ ਚੀਨੀ ਉਤਪਾਦਾਂ ਦਾ ਬਾਇਕਾਟ ਕਰਨ ਦੀ ਮੁਹਿੰਮ ਤੇਜ਼ ਹੁੰਦੀ ਜਾ ਰਹੀ ਹੈ। ਦੇਸ਼ ਦੇ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਚੀਨੀ ਉਤਪਾਦ ਦੀ ਵਿਕਰੀ ਘੱਟ ਕਰਨ ਲਈ ਵਣਜ ਅਤੇ ਉਦਯੋਗ ਮੰਤਰਾਲੇ ਜ਼ਰੀਏ ਈ-ਕਾਮਰਸ ਪਾਲਸੀ ਵਿਚ ਅਹਿਮ ਬਦਲਾਅ ਕਰ ਸਕਦੀ ਹੈ। ਮਾਹਰਾਂ ਵਲੋਂ ਚੀਨ ਤੋਂ ਆਯਾਤ ਕੀਤੇ ਸਮਾਨ 'ਤੇ ਕਸਟਮ ਡਿਊਟੀ ਵਧਾਉਣ ਦੇ ਨਾਲ-ਨਾਲ ਈ-ਕਾਮਰਸ ਕੰਪਨੀਆਂ 'ਤੇ ਵੀ ਨਕੇਲ ਕੱਸਣ ਦੇ ਸੁਝਾਅ ਦਿੱਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਈ-ਕਾਮਰਸ ਕੰਪਨੀਆਂ ਵੀ ਵੱਡੀ ਮਾਤਰਾ 'ਚ ਚੀਨੀ ਅਤੇ ਹੋਰ ਵਿਦੇਸ਼ੀ ਸਮਾਨ ਦੀ ਵਿਕਰੀ ਕਰ ਰਹੀਆਂ ਹਨ। ਵਣਜ ਅਤੇ ਉਦਯੋਗ ਮੰਤਰਾਲਾ ਈ-ਕਾਮਰਸ ਪਾਲਸੀ ਵਿਚ ਅਹਿਮ ਬਦਲਾਅ ਕਰਨ ਜਾ ਰਿਹਾ ਹੈ। ਹੁਣ ਈ-ਕਾਮਰਸ ਕੰਪਨੀਆਂ ਨੂੰ ਇਹ ਦੱਸਣਾ ਪਵੇਗਾ ਕਿ ਉਹ ਜਿਹੜਾ ਸਮਾਨ ਵੇਚ ਰਹੀਆਂ ਹਨ ਉਹ ਭਾਰਤੀ ਹੈ ਜਾਂ ਵਿਦੇਸ਼ੀ। ਮੰਤਰਾਲਾ ਇਸ ਨੂੰ ਲਾਗੂ ਕਰਨ 'ਤੇ ਵਿਚਾਰ ਕਰ ਰਿਹਾ ਹੈ। 

ਅਧਿਕਾਰੀਆਂ ਮੁਤਾਬਕ ਇਹ ਇਕ ਤਰ੍ਹਾਂ ਦਾ ਚੈਕਮਾਰਕ ਹੋਵੇਗਾ ਜਿਥੇ ਗਾਹਕ ਨੂੰ ਭਾਰਤੀ ਸਮਾਨ ਖਰੀਦਣ ਦਾ ਵਿਕਲਪ ਮਿਲੇਗਾ। ਪਾਲਸੀ ਨੂੰ ਜਲਦੀ ਹੀ ਆਮ ਲੋਕਾਂ ਦੇ ਸੁਝਾਅ ਲਈ ਜਨਤਕ ਕੀਤਾ ਜਾਵੇਗਾ।

ਇਹ ਵੀ ਦੇਖੋ : LIC 'ਚ ਹਿੱਸੇਦਾਰੀ ਵੇਚਣ ਦੀਆਂ ਕੋਸ਼ਿਸ਼ਾਂ ਤੇਜ਼, DIPAM ਨੇ ਟਰਾਂਜੈਕਸ਼ਨ ਐਡਵਾਈਜ਼ਰ ਲਈ ਮੰਗਵਾਈ ਬੋਲੀ

ਇਸ ਐਪ ਜ਼ਰੀਏ ਜਾਣੋ ਸਮਾਨ ਦੇਸੀ ਹੈ ਜਾਂ ਵਿਦੇਸ਼ੀ

ਦੁਨੀਆ ਭਰ 'ਚ ਵਿਕਣ ਵਾਲੇ ਉਤਪਾਦਾਂ 'ਤੇ ਬਾਰਕੋਡ ਲਗਾਉਣਾ ਲਾਜ਼ਮੀ ਹੁੰਦਾ ਹੈ। ਇਸ ਕੋਡ ਵਿਚ ਉਸ ਉਤਪਾਦ ਬਾਰੇ ਪੂਰੀ ਜਾਣਕਾਰੀ ਮੌਜੂਦ ਹੁੰਦੀ ਹੈ ਕਿ ਉਹ ਕਿਸ ਦੇਸ਼ 'ਚ ਅਤੇ ਕਦੋਂ ਬਣੀ ਹੈ। ਇਸ ਬਾਰ ਕੋਡ ਜ਼ਰੀਏ ਅਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਉਤਪਾਦ ਕਿਸ ਦੇਸ਼ 'ਚ ਬਣਿਆ ਹੈ। ਪਲੇ ਸਟੋਰ 'ਤੇ 'ਮੇਡ ਇਨ ਇੰਡੀਆ' ਐਪ ਹੈ। ਇਸ ਦੀ ਸਹਾਇਤਾ ਨਾਲ ਬਾਰ ਕੋਡ ਨੂੰ ਸਕੈਨ ਕਰਕੇ ਉਤਪਾਦ ਦਾ ਨਿਰਮਾਣ ਕਰਨ ਵਾਲੇ ਦੇਸ਼ ਦਾ ਅਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ।

 ਚੀਨੀ ਸਾਮਾਨ ਦੇ ਬਾਈਕਾਟ ਦੀ ਮੰਗ ਜ਼ੋਰ ਫੜ ਰਹੀ ਹੈ। ਕਾਰੋਬਾਰੀਆਂ ਨੇ ਵੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਈ-ਕਾਮਰਸ ਕੰਪਨੀਆਂ ਨੂੰ ਚੀਨ ’ਚ ਬਣੇ ਸਾਮਾਨ ਦੀ ਵਿਕਰੀ ਬੰਦ ਕਰਨ ਦਾ ਆਦੇਸ਼ ਦੇਵੇ।

ਇਹ ਵੀ ਦੇਖੋ : ਚੀਨ ਤੋਂ ਦਰਾਮਦ ਹੋ ਰਹੇ ਸਾਮਾਨ ਬਾਰੇ ਸਰਕਾਰ ਲੈ ਸਕਦੀ ਹੈ ਅਹਿਮ ਫ਼ੈਸਲਾ

ਬਾਈਕਾਟ ਨਾਲ ਚੀਨ ਨੂੰ ਲੱਗ ਸਕਦੈ 17 ਅਰਬ ਡਾਲਰ ਦਾ ਝਟਕਾ

ਚੀਨ ਵੱਲੋਂ ਭਾਰਤ ਨੂੰ ਹੋਣ ਵਾਲੀ ਕੁਲ ਦਰਾਮਦ ’ਚੋਂ ਰਿਟੇਲ ਟਰੇਡਰਜ਼ ਕਰੀਬ 17 ਅਰਬ ਡਾਲਰ ਦਾ ਸਾਮਾਨ ਵੇਚਦੇ ਹਨ। ਇਨ੍ਹਾਂ ’ਚ ਜ਼ਿਆਦਾਤਰ ਖਿਡੌਣੇ, ਘਰੇਲੂ ਸਾਮਾਨ, ਮੋਬਾਈਲ, ਇਲੈਕਟ੍ਰਿਕ ਅਤੇ ਇਲੈਕਟ੍ਰਾਨਿਕ ਸਾਮਾਨ ਅਤੇ ਕਾਸਮੈਟਿਕ ਉਤਪਾਦ ਸ਼ਾਮਲ ਹਨ। ਜੇਕਰ ਚੀਨ ਵੱਲੋਂ ਇਹ ਸਾਮਾਨ ਆਉਣਾ ਬੰਦ ਹੁੰਦਾ ਹੈ ਤਾਂ ਇਸ ਨਾਲ ਇਹ ਸਾਮਾਨ ਬਣਾਉਣ ਵਾਲੀਆਂ ਘਰੇਲੂ ਕੰਪਨੀਆਂ ਨੂੰ ਫਾਇਦਾ ਹੋਵੇਗਾ ਅਤੇ ਚੀਨ ਨੂੰ 17 ਅਰਬ ਡਾਲਰ ਦਾ ਝਟਕਾ ਲੱਗੇਗਾ।

ਫੈੱਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਦੇ ਜਨਰਲ ਸੈਕਟਰੀ ਵੀ. ਕੇ. ਬੰਸਲ ਨੇ ਕਿਹਾ,‘ਅਸੀਂ ਆਪਣੇ ਮੈਂਬਰਾਂ ਨੂੰ ਚੀਨੀ ਮਾਲ ਦਾ ਸਟਾਕ ਨਿਪਟਾਉਣ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਉੱਥੋਂ ਅੱਗੇ ਸਾਮਾਨ ਮੰਗਵਾਉਣ ’ਚ ਪ੍ਰਹੇਜ਼ ਕਰਨ। ਨਾਲ ਹੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਈ-ਕਾਮਰਜ਼ ਕੰਪਨੀਆਂ ਨੂੰ ਚੀਨੀ ਮਾਲ ਵੇਚਣ ਤੋਂ ਰੋਕੇ।’

ਕਾਰੋਬਾਰੀਆਂ ਦੀ ਇਕ ਪਾਸੇ ਰਾਸ਼ਟਰੀ ਸੰਸਥਾ ਦਿ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਵੀ ਚੀਨੀ ਸਾਮਾਨ ਦੇ ਬਾਈਕਾਟ ਦਾ ਫੈਸਲਾ ਕੀਤਾ ਹੈ। ਇਸ ਲਈ ਸੰਗਠਨ ‘ਭਾਰਤੀ ਸਾਮਾਨ-ਸਾਡਾ ਹੰਕਾਰ’ ਨਾਂ ਨਾਲ ਇਕ ਅਭਿਆਨ ਵੀ ਚਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ’ਚ ਚੀਨ ਅਤੇ ਭਾਰਤ ਦੇ ਫੌਜੀਆਂ ’ਚ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। 15 ਜੂਨ ਦੀ ਰਾਤ ਦੋਵਾਂ ਪੱਖਾਂ ’ਚ ਹੋਈ ਹਿੰਸਕ ਝੜੱਪ ’ਚ ਇਕ ਕਰਨਲ ਸਮੇਤ 20 ਭਾਰਤੀ ਫੌਜੀ ਸ਼ਹੀਦ ਹੋ ਗਏ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ’ਚ ਗੁੱਸਾ ਹੈ ਅਤੇ ਚੀਨੀ ਸਾਮਾਨ ਦੇ ਬਾਈਕਾਟ ਦੀ ਮੰਗ ਜ਼ੋਰ ਫੜ ਰਹੀ ਹੈ।

ਇਹ ਵੀ ਦੇਖੋ : RBI ਦੇ ਸਾਬਕਾ ਗਵਰਨਰ ਉਰਜਿਤ ਪਟੇਲ ਦੀ ਹੋਈ ਵਾਪਸੀ, ਮਿਲੀ ਨਵੀਂ ਜ਼ਿੰਮੇਵਾਰੀ


author

Harinder Kaur

Content Editor

Related News