ਵੱਡਾ ਝਟਕਾ! GST ਦੀ ਬੈਠਕ ਤੋਂ ਪਹਿਲਾਂ ਫਿਟਮੈਂਟ ਕਮੇਟੀ ਵੱਲੋਂ ਇਹ ਮੰਗਾਂ ਰੱਦ

Wednesday, May 26, 2021 - 11:41 AM (IST)

ਵੱਡਾ ਝਟਕਾ! GST ਦੀ ਬੈਠਕ ਤੋਂ ਪਹਿਲਾਂ ਫਿਟਮੈਂਟ ਕਮੇਟੀ ਵੱਲੋਂ ਇਹ ਮੰਗਾਂ ਰੱਦ

ਨਵੀਂ ਦਿੱਲੀ- ਸ਼ੁੱਕਰਵਾਰ ਨੂੰ ਹੋਣ ਜਾ ਰਹੀ ਜੀ. ਐੱਸ. ਟੀ. ਪ੍ਰੀਸ਼ਦ ਦੀ ਬੈਠਕ ਤੋਂ ਪਹਿਲਾਂ ਕੇਂਦਰ ਤੇ ਸੂਬਾ ਸਰਕਾਰਾਂ ਦੇ ਅਧਿਕਾਰੀਆਂ ਵਾਲੀ ਜੀ. ਐੱਸ. ਟੀ. ਫਿਟਮੈਂਟ ਕਮੇਟੀ ਨੇ ਕੋਵਿਡ ਦੇ ਮੱਦੇਨਜ਼ਰ 4 ਚੀਜ਼ਾਂ- ਆਕਸੀਜਨ ਕੰਸਟ੍ਰੇਟਰ, ਮੈਡੀਕਲ ਤੌਰ 'ਤੇ ਵਰਤੀ ਜਾਂਦੀ ਆਕਸੀਜਨ, ਪਲਸ ਆਕਸੀਮੀਟਰ ਅਤੇ ਟੈਸਟ ਕਿੱਟਾਂ 'ਤੇ ਜੀ. ਐੱਸ. ਟੀ. ਦਰ ਘਟਾ ਕੇ 5 ਫ਼ੀਸਦੀ ਕਰਨ ਦੀ ਸਿਫਾਰਸ਼ ਕੀਤੀ ਹੈ। ਹਾਲਾਂਕਿ, ਕਮੇਟੀ ਨੇ ਕੋਰੋਨਾ ਇਲਾਜ ਨਾਲ ਸਬੰਧਤ ਦਵਾਈਆਂ, ਟੀਕਿਆਂ, ਵੈਂਟੀਲੇਟਰਾਂ, ਤਾਪਮਾਨ ਮਾਪਣ ਵਾਲੇ ਯੰਤਰਾਂ, ਆਰ. ਟੀ.-ਪੀ. ਸੀ. ਆਰ. ਮਸ਼ੀਨਾਂ, ਐਂਬੂਲੈਂਸਾਂ ਆਦਿ 'ਤੇ ਜੀ. ਐੱਸ. ਟੀ. ਦਰ ਘਟਾਉਣ ਜਾਂ ਛੋਟ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ।

ਫਿਟਮੈਂਟ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਜੀ. ਐੱਸ. ਟੀ. ਪ੍ਰੀਸ਼ਦ ਵਿਚ ਚਰਚਾ ਹੁੰਦੀ ਹੈ। ਤਕਰੀਬਨ 7 ਮਹੀਨਿਆਂ ਦੇ ਅੰਤਰਾਲ ਪਿੱਛੋਂ 48ਵੀਂ ਬੈਠਕ ਵੀਡੀਓ ਕਾਨਫਰੰਸ ਜ਼ਰੀਏ ਹੋਣ ਜਾ ਰਹੀ ਹੈ।

ਫਿਟਮੈਂਟ ਕਮੇਟੀ ਨੇ ਮੈਡੀਕਲ ਆਕਸੀਜਨ, ਆਕਸੀਜਨ ਕੰਸਟ੍ਰੇਟਰ ਅਤੇ ਆਕਸੀਮੀਟਰ 'ਤੇ ਜੀ. ਐੱਸ. ਟੀ. ਦਰ ਨੂੰ 12 ਫ਼ੀਸਦ ਤੋਂ ਘਟਾ ਕੇ 5 ਫ਼ੀਸਦ ਕਰਨ ਦੀ ਸਿਫਾਰਸ਼ ਕੀਤੀ ਹੈ। ਹਾਲਾਂਕਿ, ਇਹ ਕਟੌਤੀ 31 ਜੁਲਾਈ 2021 ਤੱਕ ਰੱਖੀ ਜਾਣ ਦੀ ਗੱਲ ਕਹੀ ਗਈ ਹੈ। ਕਮੇਟੀ ਦਾ ਕਹਿਣਾ ਹੈ ਜੀ. ਐੱਸ. ਟੀ. ਨੂੰ ਪੂਰੀ ਤਰਾਂ ਮੁਆਫ਼ ਕਰਨਾ ਵਿਵਹਾਰਕ ਨਹੀਂ ਹੋਵੇਗਾ ਕਿਉਂਕਿ ਇਸ ਵਜ੍ਹਾ ਨਾਲ ਘਰੇਲੂ ਨਿਰਮਾਤਾ ਚੀਜ਼ਾਂ ਅਤੇ ਸੇਵਾਵਾਂ 'ਤੇ ਅਦਾ ਕੀਤੇ ਟੈਕਸ ਦੇ ਇਨਪੁਟ ਟੈਕਸ ਕ੍ਰੈਡਿਟ ਦਾ ਦਾਅਵਾ ਨਹੀਂ ਕਰ ਸਕਣਗੇ। 

ਇਹ ਵੀ ਪੜ੍ਹੋ- ਦਸੰਬਰ ਤੱਕ ਸ਼ੁਰੂ ਹੋ ਸਕਦੀ ਹੈ ਡਰੋਨ ਨਾਲ ਦਵਾਈਆਂ, ਟੀਕਿਆਂ ਦੀ ਡਿਲਿਵਰੀ

ਵੈਂਟੀਲੇਟਰਾਂ 'ਤੇ ਦਰ ਘਟਾਉਣ ਦੀ ਮੰਗ ਰੱਦ-
ਕੋਵਿਡ ਟੈਸਟ ਕਿੱਟਾਂ ਦੇ ਮਾਮਲੇ ਵਿਚ ਕਮੇਟੀ ਨੇ 31 ਅਗਸਤ ਤੱਕ ਟੈਕਸ 12 ਫ਼ੀਸਦ ਤੋਂ ਘਟਾ ਕੇ 5 ਫ਼ੀਸਦ ਕਰਨ ਦਾ ਪ੍ਰਸਤਾਵ ਦਿੱਤਾ ਹੈ। ਵੈਂਟੀਲੇਟਰਾਂ 'ਤੇ ਦਰ ਘਟਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਫਿਲਹਾਲ ਇਸ 'ਤੇ 12 ਫ਼ੀਸਦ ਜੀ. ਐੱਸ. ਟੀ. ਹੈ। ਕਮੇਟੀ ਦਾ ਤਰਕ ਹੈ ਕਿ ਇਸ ਦੀ ਖ਼ਰੀਦ ਨਿੱਜੀ ਪੱਧਰ 'ਤੇ ਨਹੀਂ ਕੀਤੀ ਜਾਂਦੀ ਹੈ ਅਤੇ ਨਾ ਹੀ ਇਸ ਦੀ ਸਪਲਾਈ ਵਿਚ ਕਮੀ ਹੈ। ਜਿੱਥੋਂ ਤੱਕ ਕੋਵਿਡ ਨਾਲ ਸਬੰਧਤ ਦਵਾਈਆਂ ਦਾ ਸੰਬੰਧ ਹੈ, ਫਿਟਨਮੈਂਟ ਕਮੇਟੀ ਦਾ ਤਰਕ ਹੈ ਕਿ ਕੋਵਿਡ ਦਾ ਇਲਾਜ ਕਰਨ ਲਈ ਵਰਤੀਆਂ ਜਾਣ ਵਾਲੀਆਂ ਜ਼ਿਆਦਾਤਰ ਦਵਾਈਆਂ 'ਤੇ 12 ਫ਼ੀਸਦੀ ਜਾਂ 5 ਫ਼ੀਸਦੀ ਦੀ ਰਿਆਇਤੀ ਦਰ 'ਤੇ ਟੈਕਸ ਲੱਗਾਦਾ ਹੈ। ਕਮੇਟੀ ਨੇ ਕਿਹਾ ਜੇਕਰ ਸਿਹਤ ਮੰਤਰਾਲਾ ਅੱਗੇ ਕਿਸੇ ਦਵਾਈ ਨੂੰ ਖ਼ਾਸ ਤੌਰ 'ਤੇ ਕੋਵਿਡ ਦੇ ਇਲਾਜ ਲਈ ਸਿਫਾਰਸ਼ ਕਰਦਾ ਹੈ ਤਾਂ ਉਸ 'ਤੇ ਜੀ. ਐੱਸ. ਟੀ. ਵਿਚ ਰਿਆਇਤ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਕਮੇਟੀ ਨੇ ਹੈਂਡ ਸੈਨੇਟਾਈਜ਼ਰਜ਼ 'ਤੇ ਦਰ ਘਟਾਉਣ ਦੀ ਮੰਗ ਵੀ ਰੱਦ ਕਰ ਦਿੱਤੀ। ਕਮੇਟੀ ਦਾ ਤਰਕ ਹੈ ਕਿ ਇਹ ਇਕ ਆਮ ਵਰਤੋਂ ਵਾਲੀ ਚੀਜ਼ ਹੈ ਅਤੇ ਸਾਬਣ 'ਤੇ ਵੀ 18 ਫ਼ੀਸਦ ਟੈਕਸ ਲੱਗਦਾ ਹੈ। ਫਿਟਮੈਂਟ ਕਮੇਟੀ ਦੀਆਂ ਸਿਫਾਰਸ਼ਾਂ ਮਗਰੋਂ ਹੁਣ ਜੀ. ਐੱਸ. ਟੀ. ਪ੍ਰੀਸ਼ਦ ਦੇ ਪੱਖ 'ਤੇ ਨਜ਼ਰ ਹੋਵੇਗੀ।

ਇਹ ਵੀ ਪੜ੍ਹੋ- SBI ਦੇ ਖਾਤਾਧਾਰਕਾਂ ਲਈ 1 ਜੁਲਾਈ ਤੋਂ ਲਾਗੂ ਹੋ ਜਾਣਗੇ ਇਹ ATM ਚਾਰਜ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

 


author

Sanjeev

Content Editor

Related News