ਸੋਨੇ ਦੀ ਚਮਕ ਬਰਕਰਾਰ, ਚਾਂਦੀ ਨੂੰ ਵੀ ਲੱਗੇ ਚਾਰ ਚੰਨ, ਜਾਣੋ ਅੱਜ ਕਿੰਨੇ ਮਹਿੰਗੇ ਹੋਏ Gold-Silver
Friday, Oct 11, 2024 - 12:06 PM (IST)
ਨਵੀਂ ਦਿੱਲੀ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ (11 ਅਕਤੂਬਰ) ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਬਦਲਾਅ ਦੇਖਣ ਨੂੰ ਮਿਲਿਆ। MCX 'ਤੇ, ਸੋਨਾ ਵਾਇਦਾ 0.69 ਫੀਸਦੀ ਦੇ ਵਾਧੇ ਨਾਲ 75,819 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ 0.59 ਫੀਸਦੀ ਦੇ ਵਾਧੇ ਨਾਲ 90,836 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ।
ਸੋਨਾ 350 ਰੁਪਏ ਡਿੱਗਿਆ, ਚਾਂਦੀ 300 ਰੁਪਏ ਮਜ਼ਬੂਤ ਹੋਈ
ਸਥਾਨਕ ਗਹਿਣਾ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਕਮਜ਼ੋਰ ਮੰਗ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨੇ ਦੀ ਕੀਮਤ 350 ਰੁਪਏ ਡਿੱਗ ਕੇ 77,350 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਬੁੱਧਵਾਰ ਨੂੰ ਸੋਨਾ 77,700 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਹਾਲਾਂਕਿ ਚਾਂਦੀ ਦੀ ਕੀਮਤ 300 ਰੁਪਏ ਮਜ਼ਬੂਤ ਹੋ ਕੇ 91,500 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਕ ਦਿਨ ਪਹਿਲਾਂ ਚਾਂਦੀ 91,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਸਥਾਨਕ ਬਾਜ਼ਾਰਾਂ 'ਚ ਗਿਰਾਵਟ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੀ ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 350 ਰੁਪਏ ਡਿੱਗ ਕੇ 76,950 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। 8 ਅਕਤੂਬਰ ਤੋਂ ਬਾਅਦ ਪਿਛਲੇ ਤਿੰਨ ਸੈਸ਼ਨਾਂ 'ਚ ਸੋਨਾ 1,350 ਰੁਪਏ ਪ੍ਰਤੀ 10 ਗ੍ਰਾਮ ਡਿੱਗਿਆ ਹੈ। ਵਪਾਰੀਆਂ ਨੇ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਾ ਕਾਰਨ ਸਥਾਨਕ ਜਿਊਲਰਾਂ ਅਤੇ ਸਟਾਕਿਸਟਾਂ ਦੀ ਕਮਜ਼ੋਰ ਮੰਗ ਨੂੰ ਦੱਸਿਆ।
ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ
ਅੱਜ ਕੌਮਾਂਤਰੀ ਬਾਜ਼ਾਰ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਸ਼ੁਰੂਆਤ ਹੋਈ। ਕਾਮੈਕਸ 'ਤੇ ਸੋਨਾ 2,647.39 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 2,639.30 ਡਾਲਰ ਪ੍ਰਤੀ ਔਂਸ ਸੀ। ਖ਼ਬਰ ਲਿਖੇ ਜਾਣ ਤੱਕ ਇਹ 20.20 ਡਾਲਰ ਦੇ ਵਾਧੇ ਨਾਲ 2,659.50 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ 31.37 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 31.24 ਡਾਲਰ ਸੀ। ਲਿਖਣ ਦੇ ਸਮੇਂ, ਇਹ 0.27 ਡਾਲਰ ਵਧ ਕੇ 31.51 ਡਾਲਰ ਪ੍ਰਤੀ ਔਂਸ 'ਤੇ ਸੀ।