ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਰੁਪਏ ਦੀ ਗਿਰਾਵਟ 'ਤੇ ਸੀਤਾਰਮਨ ਤੋਂ ਮੰਗਿਆ ਸਪੱਸ਼ਟੀਕਰਨ

Monday, Sep 26, 2022 - 04:52 PM (IST)

ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਰੁਪਏ ਦੀ ਗਿਰਾਵਟ 'ਤੇ ਸੀਤਾਰਮਨ ਤੋਂ ਮੰਗਿਆ ਸਪੱਸ਼ਟੀਕਰਨ

ਮੁੰਬਈ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਨੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੇ ਹੇਠਲੇ ਪੱਧਰ 'ਤੇ ਡਿੱਗਣ 'ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਸਪੱਸ਼ਟੀਕਰਨ ਮੰਗਿਆ ਹੈ।NCP ਦੇ ਰਾਸ਼ਟਰੀ ਬੁਲਾਰੇ ਕਲਾਈਡ ਕ੍ਰਾਸਟੋ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਵਿੱਤ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਡਾਲਰ ਦੇ ਮੁਕਾਬਲੇ ਰੁਪਿਆ 81.47 ਦੇ ਰਿਕਾਰਡ ਹੇਠਲੇ ਪੱਧਰ 'ਤੇ ਕਿਵੇਂ ਡਿੱਗਿਆ। ਉਨ੍ਹਾਂ ਕੇਂਦਰੀ ਵਿੱਤ ਮੰਤਰੀ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੇ ਵਿੱਤ ਮੰਤਰਾਲੇ ਵੱਲ ਧਿਆਨ ਦਿੱਤਾ ਹੁੰਦਾ ਅਤੇ ਬਾਰਾਮਤੀ 'ਤੇ ਘੱਟ, ਤਾਂ ਉਹ ਸ਼ਾਇਦ ਰੁਪਏ ਦੀ ਸਥਿਤੀ ਨੂੰ ਸੰਭਾਲ ਸਕਦੀ ਹੈ।

ਸੀਤਾਰਮਨ ਨੇ ਸ਼ਨੀਵਾਰ ਨੂੰ ਪੁਣੇ 'ਚ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ ਰੁਪਿਆ ਡਾਲਰ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਵਿੱਤ ਮੰਤਰਾਲਾ ਅਤੇ ਰਿਜ਼ਰਵ ਬੈਂਕ ਰੁਪਏ ਦੀ ਸਥਿਤੀ 'ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਮਹਾਰਾਸ਼ਟਰ ਦਾ ਬਾਰਾਮਤੀ ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ ਦਾ ਰਵਾਇਤੀ ਗੜ੍ਹ ਰਿਹਾ ਹੈ। ਇਸ ਸਮੇਂ ਪਵਾਰ ਦੀ ਬੇਟੀ ਸੁਪ੍ਰੀਆ ਸੁਲੇ ਇਸ ਲੋਕ ਸਭਾ ਹਲਕੇ ਦੀ ਸੰਸਦ ਮੈਂਬਰ ਹੈ। 

ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਸੋਮਵਾਰ ਨੂੰ ਕਾਰੋਬਾਰ ਦੌਰਾਨ ਰੁਪਿਆ 81.50 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਆ ਗਿਆ, ਜੋ ਕਿ ਇਸ ਦਾ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਅਮਰੀਕੀ ਮੁਦਰਾ ਵਿੱਚ ਮਜ਼ਬੂਤੀ ਅਤੇ ਆਰਥਿਕ ਮੰਦੀ ਦੇ ਡਰ ਤੋਂ ਚਿੰਤਤ ਨਿਵੇਸ਼ਕਾਂ ਦੁਆਰਾ ਜੋਖ਼ਮ ਟਾਲਣ ਨੇ ਰੁਪਏ ਵਿੱਚ ਗਿਰਾਵਟ ਵਿੱਚ ਮੁੱਖ ਭੂਮਿਕਾ ਨਿਭਾਈ।
 
 


author

Anuradha

Content Editor

Related News